ਆਮ ਆਦਮੀ ਪਾਰਟੀ ਵਲੋਂ ਨੋਟਬੰਦੀ ਦੇ ਖਿਲਾਫ ਧਰਨਾ

ਐਸ ਏ ਐਸ ਨਗਰ,18 ਫਰਵਰੀ (ਸ.ਬ.) ਆਮ ਆਦਮੀ ਪਾਰਟੀ ਵਲੋਂ ਅੱਜ ਮੁਹਾਲੀ ਦੇ 3 ਬੀ 2  ਵਿਖੇ  ਨੋਟਬੰਦੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ| ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਵਲੰਟੀਅਰ ਸ੍ਰ. ਮੇਜਰ ਸਿੰਘ ਨੇ ਦੱਸਿਆ ਕਿ  ਧਰਨੇ ਦੌਰਾਨ ਸੰਬੋਧਨ ਕਰਦਿਆਂ ਹਲਕਾ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿਲ ਅਤੇ ਜੋਨ ਕੋਆਰਡੀਨੇਟਰ ਆਨੰਦਪੁਰ ਸਾਹਿਬ ਸ੍ਰ. ਦਰਸ਼ਨ ਸਿੰਘ ਧਾਲੀਵਾਲ  ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਨੋਟਬੰਦੀ ਦੇ ਫੈਸਲੇ ਕਾਰਨ  ਆਮ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ| ਉਹਨਾ ਕਿਹਾ ਕਿ ਐਨ ਆਰ ਆਈ ਲੋਕਾਂ ਨੂੰ ਆਪਣੇ ਪੁਰਾਣੇ ਨੋਟ ਬਦਲਾਉਣ ਲਈ ਹੁਣ ਦਿਲੀ ਜਾਣਾ ਪੈਂਦਾ ਹੈ ਕਿਉਂਕਿ ਚੰਡੀਗੜ ਦੇ ਆਰ ਬੀ ਆਈ ਦਫਤਰ ਵਿਚ ਉਹਨਾਂ ਦੇ ਪੁਰਾਣੇ ਨੋਟ ਨਹੀਂ ਬਦਲੇ ਜਾ ਰਹੇ| ਜਿਸ ਕਰਕੇ ਉਹਨਾਂ ਦਾ ਕਾਫੀ ਖਰਚਾ ਹੋ ਜਾਂਦਾ ਹੈ ਅਤੇ ਖੱਜਲ ਖੁਆਰ ਵੱਖਰਾ ਹੋਣਾ ਪੈਂਦਾ ਹੈ| ਉਹਨਾਂ ਕਿਹਾ ਕਿ ਨੋਟਬੰਦੀ ਦੇ ਚਾਰ ਮਹੀਨਿਆਂ ਬਾਅਦ ਵੀ ਲੋਕ ਬੈਂਕਾਂ ਵਿੱਚ ਜਮ੍ਹਾਂ ਰਕਮ ਕਢਵਾਉਣ ਲਈ ਖੱਜਲ ਖੁਆਰ  ਹੋ ਰਹੇ ਹਨ ਅਤੇ ਰਕਮ ਕਢਵਾਉਣ ਲਈ ਮਿਥੀ ਗਈ 24000 ਦੀ ਰਕਮ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ|  ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਕਾਲੇ ਧਨ ਵਾਲਿਆਂ ਦੇ ਨਾਮ ਜਨਤਕ ਕੀਤੇ ਜਾਣਗੇ ਪਰ ਅਜੇ ਤਕ ਵੀ ਕਾਲੇ ਧਨ ਵਾਲਿਆਂ ਦੇ ਨਾਮ ਅਤੇ ਕਿੰਨਾ ਕਾਲਾ ਧਨ ਫੜਿਆ ਗਿਆ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਰਹੀ| ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਨੋਟਬੰਦੀ ਦੇ ਫੈਸਲੇ ਕਾਰਨ ਲੋਕ ਬਹੁਤ ਦੁਖੀ ਹੋ ਗਏ ਹਨ ਅਤੇ ਦੁਕਾਨਦਾਰਾਂ ਵਪਾਰੀਆਂ ਦਾ ਵਪਾਰ ਤਬਾਹ ਹੋ ਗਿਆ ਹੈ ਅਤੇ ਕਿਸਾਨਾਂ ਨੂੰ ਵੀ ਨੋਟਬੰਦੀ ਦੀ ਵੱਡੀ ਮਾਰ ਪਈ ਹੈ| ਇਸ ਮੌਕੇ ਪਾਰਟੀ ਦੇ ਸਥਾਨਕ ਆਗੂ ਅਤੇ ਵਲੰਟੀਅਰ  ਹਾਜਿਰ ਸਨ|

Leave a Reply

Your email address will not be published. Required fields are marked *