ਆਮ ਆਦਮੀ ਪਾਰਟੀ ਵੀ ਕਰ ਸਕਦੀ ਹੈ ਪਾਰਟੀ ਨਿਸ਼ਾਨ ਤੇ ਨਿਗਮ ਚੋਣਾਂ ਲੜਣ ਦਾ ਐਲਾਨ ਪਾਰਟੀ ਦੇ ਸਰਗਰਮ ਵਰਕਰ ਕਰ ਰਹੇ ਹਨ ਚੋਣ ਲੜਣ ਦੀ ਤਿਆਰੀ


ਐਸ ਏ ਐਸ ਨਗਰ, 10 ਦਸੰਬਰ (ਸ.ਬ.) ਨਗਰ ਨਿਗਮ ਚੋਣਾਂ ਦੌਰਾਨ ਜਿੱਥੇ ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਦੇ ਨਾਲ ਨਾਲ ਵਿਰੋਧੀ ਪਾਰਟੀਆਂ (ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ) ਵਲੋਂ ਪਾਰਟੀ ਨਿਸ਼ਾਨ ਤੇ ਚੋਣ ਲੜਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਅਤੇ ਇਹਨਾਂ ਤਿੰਨਾਂ ਪਾਰਟੀਆਂ ਵਲੋਂ ਵੱਖ ਵੱਖ ਸ਼ਹਿਰਾਂ ਵਿੱਚ ਆਪਣੇ ਅਧਿਕਾਰਤ ਉਮੀਦਵਾਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਉੱਥੇ ਰਾਜ ਦੀ ਮੁੱਖ ਵਿਰੋਧੀ ਪਾਰਟੀ ‘ਆਪ’ ਵਲੋਂ ਇਸ ਬਾਰੇ ਹੁਣ ਤਕ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਵਲੋਂ (ਹੁਣ ਤਕ) ਨਿਗਮ ਚੋਣਾਂ ਦੌਰਾਨ ਆਪਣੇ ਅਧਿਕਾਰਤ ਉਮੀਦਵਾਰ ਖੜ੍ਹਾਉਣ ਤੋਂ ਟਾਲਾ ਵੱਟਿਆ ਜਾਂਦਾ ਰਿਹਾ ਹੈ ਪਰੰਤੂ ਪਿਛਲੇ ਕੁੱਝ ਦਿਨਾਂ ਤੋਂ ਪਾਰਟੀ ਵਿੱਚ ਅੰਦਰਖਾਤੇ ਚਲ ਰਹੀਆਂ ਸਰਗਰਮੀਆਂ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਆਮ ਆਦਮੀ ਪਾਰਟੀ ਵਲੋਂ ਵੀ ਮਿਉਂਸਪਲ ਚੋਣਾਂ ਦੌਰਾਨ ਸੂਬੇ ਦੇ 9 ਨਗਰ ਨਿਗਮਾਂ ਦੀਆਂ ਚੋਣਾਂ ਲਈ ਆਪਣੇ ਅਧਿਕਾਰਤ ਉਮੀਦਵਾਰਾਂ ਦਾ ਐਲਾਨ ਕਰਕੇ ਪਾਰਟੀ ਚੋਣ ਨਿਸ਼ਾਨ ਤੇ ਚੋਣ ਲੜੀ ਜਾ ਸਕਦੀ ਹੈ| 
ਸੂਤਰ ਦੱਸਦੇ ਹਨ ਕਿ ਪਾਰਟੀ ਦੇ ਵੰਲਟੀਅਰਾਂ ਵਲੋਂ ਆਪਣੀ ਲੀਡਰਸ਼ਿਪ ਤੇ ਇਹ ਦਬਾਉ ਪਾਇਆ ਜਾ ਰਿਹਾ ਹੈ ਕਿ ਪਾਰਟੀ ਵਲੋਂ ਇਹ ਚੋਣਾਂ ਆਪਣੇ ਚੋਣ ਨਿਸ਼ਾਨ ਤੇ ਲੜੀਆਂ ਜਾਣ| ਹਾਲਾਂਕਿ ਇਸ ਸੰਬੰਧੀ ਪਾਰਟੀ ਨੇ ਕੋਈ ਫੈਸਲਾ ਨਹੀਂ ਕੀਤਾ ਹੈ ਪਰੰਤੂ ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸ ਬਾਰੇ ਨਵੇਂ ਸਿਰੇ ਤੋਂ ਵਿਚਾਰ ਕਰ ਰਹੀ ਹੈ ਅਤੇ ਇਸ ਸੰਬੰਧੀ ਪਾਰਟੀ ਵਲੋਂ ਪਿਛਲੀ ਵਾਰ ਹੋਈਆਂ ਚੋਣਾਂ ਦੇ ਅੰਕੜੇ ਇਕੱਠੇ ਕਰਕੇ ਚੋਣਾਂ ਦੌਰਾਨ ਵੱਖ ਵੱਖ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਘੋਖ ਵੀ ਕੀਤੀ ਜਾ ਰਹੀ ਹੈ| 
ਇਸ ਸੰਬੰਧੀ ਆਮ ਆਦਮੀ ਪਾਰਟੀ ਵਲੋਂ ਕੀ ਫੈਸਲਾ ਕੀਤਾ ਜਾਵੇਗਾ ਇਸਦਾ ਪਤਾ ਤਾਂ ਪਾਰਟੀ ਵਲੋਂ ਰਸਮੀ ਐਲਾਨ ਕੀਤੇ ਜਾਣ ਨਾਲ ਹੀ ਲੱਗੇਗਾ ਪਰੰਤੂ          ਜੇਕਰ ਅਜਿਹਾ ਹੁੰਦਾ ਹੈ ਤਾਂ ਨਗਰ ਨਿਗਮ ਚੋਣਾਂ ਦੌਰਾਨ ਹੋਣ ਵਾਲੇ ਮੁਕਾਬਲਿਆਂ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਜਾਣੀ ਹੈ| ਵੇਖਣਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਇਸ ਬਾਰੇ ਕੀ ਫੈਸਲਾ ਕਰਦੀ ਹੈ| 
ਪਾਰਟੀ ਜੋ ਵੀ ਹੁਕਮ ਕਰੇਗੀ ਉਸਨੂੰ ਸਿਰੇ ਚੜ੍ਹਾਵਾਂਗੇ : ਵਿਨੀਤ ਵਰਮਾ
ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਮੁਹਾਲੀ ਦੇ ਸੀਨੀਅਰ ਆਗੂ ਸ੍ਰੀ ਵਿਨੀਤ ਵਰਮਾ ਕਹਿੰਦੇ ਹਨ ਕਿ ਨਗਰ ਨਿਗਮ ਚੋਣਾਂ ਪਾਰਟੀ ਨਿਸ਼ਾਨ ਤੇ ਲੜਣ ਦਾ ਫੈਸਲਾ ਪਾਰਟੀ ਹਾਈਕਮਾਨ ਨੇ ਹੀ ਕਰਨਾ ਹੈ ਅਤੇ ਉਹਨਾਂ ਨੂੰ ਪਾਰਟੀ ਜੋ ਵੀ ਹੁਕਮ ਲਾਵੇਗੀ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ| ਉਹਨਾਂ ਕਿਹਾ ਕਿ ਉਹਨਾਂ ਵਲੋਂ ਪੂਰੀ ਤਿਆਰੀ ਹੈ ਅਤੇ ਜੇਕਰ ਪਾਰਟੀ ਹੁਕਮ ਕਰੇਗੀ ਤਾਂ ਨਿਗਮ ਚੋਣਾਂ ਵਿੱਚ ਸਾਰੀਆਂ ਸੀਟਾਂ ਤੇ ਮਜਬੂਤ ਉਮੀਦਵਾਰ ਖੜ੍ਹੇ ਕੀਤੇ ਜਾਣਗੇ ਅਤੇ ਪਾਰਟੀ ਨਿਗਮ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ| 

Leave a Reply

Your email address will not be published. Required fields are marked *