ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ

ਚੰਡੀਗੜ੍ਹ, 23 ਜੁਲਾਈ (ਸ.ਬ.) ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਵਿਧਾਨ ਸਭਾ ਹਲਕਾ ਮੁਹਾਲੀ ਇਕਾਈ ਵੱਲੋਂ ਸੂਬੇ ਅੰਦਰ ਨਸ਼ਿਆਂ ਨਾਲ ਤਬਾਹ ਹੋ ਰਹੀ ਜਵਾਨੀ ਨੂੰ ਬਚਾਉਣ ਅਤੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਪੈਦਲ ਮਾਰਚ ਕੀਤਾ| ਹਲਕਾ ਪ੍ਰਧਾਨ ਅਤੇ ਨਵ ਨਿਯੁਕਤ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਿੱਚ ਆਯੋਜਿਤ ਇਸ ਪੈਦਲ ਜਾਗ੍ਰਿਤੀ ਮਾਰਚ ਵਿੱਚ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ, ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ, ਯੂਥ ਆਗੂ ਨਵਜੋਤ ਸਿੰਘ ਡੇਰਾਬੱਸੀ, ਬਲਵਿੰਦਰ ਕੌਰ ਧਨੋਆ ਅਤੇ ਸੂਬਾ ਪੱਧਰੀ ਆਗੂ ਜਰਨੈਲ ਮੰਨੂ ਨੇ ਉਚੇਚੇ ਤੌਰ ਤੇ ਸੰਬੋਧਨ ਕੀਤਾ|
ਨਸ਼ਿਆਂ ਖ਼ਿਲਾਫ਼ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ 3-5 ਲਾਈਟਾਂ ਤੋਂ ਸ਼ੁਰੂ ਹੋਇਆ ਇਹ ਜਨ ਚੇਤਨਾ ਪੈਦਲ ਮਾਰਚ ਫੇਜ਼ – 7 ਦੀਆਂ ਲਾਈਟਾਂ ਤੇ ਖ਼ਤਮ ਹੋਇਆ|
ਇਸ ਲੋਕ ਚੇਤਨਾ ਮਾਰਚ ਨੂੰ ਸੰਬੋਧਨ ਕਰਦੇ ਹੋਏ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਨਸ਼ਿਆਂ ਦੀ ਹੇਠਾਂ ਤੋਂ ਉੱਤੇ ਤੱਕ ਸਪਲਾਈ ਚੇਨ ਨਹੀਂ ਤੋੜੀ ਜਾਂਦੀ ਉਨ੍ਹਾਂ ਚਿਰ ਸਾਰੀ ਦਿਖਾਵੇ ਬਾਜ਼ੀ ਬੇਕਾਰ ਹੈ| ਉਨ੍ਹਾਂ ਕਿਹਾ ਕਿ ਪਾਰਟੀ ਦਾ ਉੱਚ ਪੱਧਰੀ ਵਫ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ਿਆਂ ਬਾਰੇ ਜ਼ਮੀਨੀ ਹਕੀਕਤ ਅਤੇ ਇਸ ਦੇ ਹੱਲ ਲਈ ਕਾਫ਼ੀ ਸੁਝਾਅ ਅਤੇ ਸਹਿਯੋਗ ਦਾ ਭਰੋਸਾ ਦੇ ਕੇ ਆਈ ਹੈ ਪਰ ਸਰਕਾਰ ਵੱਲੋਂ ਫ਼ੌਰੀ ਕਦਮ ਚੁੱਕਣ ਵਿੱਚ ਦੇਰੀ ਕਾਰਨ ਹਰ ਰੋਜ਼ ਗੱਭਰੂ-ਨੌਜਵਾਨ ਨਸ਼ਿਆਂ ਦੀ ਭੇਟ ਚੜ ਰਹੇ ਹਨ| ਉਨ੍ਹਾਂ ਸਮੁੱਚੇ ਸਮਾਜ ਅਤੇ ਧਾਰਮਿਕ-ਸਮਾਜਿਕ ਸੰਗਠਨਾਂ ਨੂੰ ਨਸ਼ਿਆਂ ਖ਼ਿਲਾਫ਼ ਇਸ ਜੰਗ ਵਿੱਚ ਖ਼ੁਦ ਡਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਨਾਲ ਮਰੀਜ਼ਾਂ ਵਾਲਾ ਸਲੂਕ ਅਤੇ ਨਸ਼ਾ ਵੇਚਣ ਤੇ ਸਪਲਾਈ ਕਰਨ ਵਾਲਿਆਂ ਵਿਰੁੱਧ ਖੁੱਲ੍ਹ ਕੇ ਸਾਹਮਣੇ ਆਇਆ ਜਾਵੇ|
ਇਸ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਜਿੰਨਾ ਚਿਰ ਅਸੀਂ ਲੋਕ ਨਸ਼ਾ ਮਾਫ਼ੀਆ ਵਿਰੁੱਧ ਖੜੇ ਨਹੀਂ ਹੁੰਦੇ ਉਨ੍ਹਾਂ ਚਿਰ ਪੁਲੀਸ ਅਤੇ ਸਿਆਸੀ ਛਤਰ ਛਾਇਆ ਥੱਲੇ ਚੱਲਦੇ ਇਸ ਨਾਪਾਕ ਗੱਠਜੋੜ ਦਾ ਲੱਕ ਨਹੀਂ ਟੁੱਟੇਗਾ| ਨਰਿੰਦਰ ਸਿੰਘ ਸ਼ੇਰਗਿੱਲ ਨੇ ਆਗਾਮੀ ਪੰਚਾਇਤ ਚੋਣਾਂ ਨੂੰ ਨਸ਼ਾ ਰਹਿਤ ਬਣਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪਿੰਡਾਂ ਦੇ ਲੋਕ ਬੋਰਡ ਲਿਖ ਕੇ ਫੈਸਲਾ ਕਰਨ ਕਿ ਨਸ਼ਾ ਅਤੇ ਨਸ਼ੇ ਲਈ ਪੈਸਾ ਵੰਡਣ ਵਾਲੇ ਉਮੀਦਵਾਰਾਂ ਤੇ ਪਾਰਟੀਆਂ ਨੂੰ ਵੋਟਾਂ ਨਹੀਂ ਪਾਉਣਗੇ|
ਇਸ ਮੌਕੇ ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਹੱਥ ਵਿੱਚ ਫੜਕੇ ਸਹੁੰ ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਬਾਦਲ ਸਰਕਾਰ ਦੀ ਸਰਪ੍ਰਸਤੀ ਹੇਠ ‘ਹੋਮ ਡਿਲੀਵਰੀ ਤੱਕ ਪਹੁੰਚੀ ਨਸ਼ਿਆਂ ਦੀ ਬਿਮਾਰੀ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ|
ਇਸ ਮੌਕੇ ਐਕਸ ਸਰਵਿਸ ਵਿੰਗ ਦੇ ਉਪ ਪ੍ਰਧਾਨ ਕਮਾਡੈਂਟ ਮਨਜੀਤ ਸਿੰਘ ਘੁੰਮਣ, ਪਟਿਆਲਾ ਦਿਹਾਤੀ ਦੇ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ, ਪਾਰਟੀ ਦੇ ਬੁਲਾਰੇ ਗੋਬਿੰਦਰ ਮਿੱਤਲ, ਮੁਹਾਲੀ ਸ਼ਹਿਰ ਦੇ ਉਪ ਪ੍ਰਧਾਨ ਦਿਲਾਵਰ ਸਿੰਘ, ਯੂਥ ਆਗੂ ਹਰਮਨ ਹੁੰਦਲ, ਆਈਟੀ ਵਿੰਗ ਦੇ ਮੈਂਬਰ ਮੈਡਮ ਪ੍ਰਭਜੋਤ ਕੌਰ, ਮਹਿਲਾ ਆਗੂ ਅੰਨੂ ਬੱਬਰ, ਗੁਰਤੇਜ ਸਿੰਘ ਕਾਹਲੋਂ, ਹਰੀਸ਼ ਕੌਸ਼ਲ, ਮੈਡਮ ਕਸ਼ਮੀਰ ਕੌਰ ਅਤੇ ਹੋਰ ਆਗੂ ਅਤੇ ਵੱਡੀ ਗਿਣਤੀ ਵਿੱਚ ਵਲੰਟੀਅਰ ਸ਼ਾਮਲ ਸਨ|

Leave a Reply

Your email address will not be published. Required fields are marked *