ਆਮ ਲੋਕਾਂ ਦੀ ਦਿਲਚਸਪੀ ਨਾ ਹੋਣ ਕਾਰਨ ਸਿਆਸੀ ਰੰਗਤ ਫਿੱਕੀ ਖਾਲੀ ਕੁਰਸੀਆਂ ਅਤੇ ਲੋਕਾਂ ਦੀ ਗੈਰ ਹਾਜਰੀ ਕਾਰਨ ਫਿੱਕੀਆਂ ਹਨ ਸਿਆਸੀ ਸਰਗਰਮੀਆਂ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 12 ਜਨਵਰੀ

ਮੁਹਾਲੀ ਵਿਧਾਨਸਭਾ ਹਲਕੇ ਵਿੱਚ ਭਾਵੇਂ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਦੀਆਂ ਸਰਗਰਮੀਆਂ ਪੂਰਾ ਜੋਰ ਫੜ ਚੁੱਕੀਆਂ ਹਨ ਪਰੰਤੂ ਆਮ ਲੋਕਾਂ ਦੀ ਚੋਣਾਂ ਵਿੱਚ ਦਿਲਚਸਪੀ ਘੱਟ ਹੋਣ ਕਾਰਨ ਸਿਆਸੀ ਸਰਗਰਮੀਆਂ ਦੀ ਰੰਗਤ ਫਿੱਕੀ ਹੀ ਦਿਸ ਰਹੀ ਹੈ ਅਤੇ ਵੱਖ ਵੱਖ ਉਮੀਦਵਾਰਾਂ ਵਲੋਂ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਆਮ ਲੋਕਾਂ ਦੀ ਹਾਜਰੀ ਲਗਭਗ ਸਿਫਰ ਹੀ ਹੈ| ਉਮੀਦਵਾਰਾਂ ਦੇ ਸਮਰਥਕ ਅਤੇ ਇਹਨਾਂ ਨਾਲ ਸੰਬੰਧਿਤ ਸਿਆਸੀ ਪਾਰਟੀਆਂ ਦੇ ਸਥਾਨਕ ਆਗੂ ਅਤੇ ਵਰਕਰ         ਭਾਵੇਂ ਪੂਰਾ ਜੋਰ ਲਾ ਰਹੇ ਹਨ ਕਿ ਉਹ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਚੋਣ ਪ੍ਰੋਗਰਾਮ ਨਾਲ ਜੋੜਣ ਪਰੰਤੂ ਇਹਨਾਂ ਦੀਆਂ ਕੋਸ਼ਿਸ਼ਾਂ ਰੰਗ ਨਹੀਂ ਲਿਆ ਪਾ ਰਹੀਆਂ ਹਨ|
ਹਾਲਾਤ ਇਹ ਹਨ ਕਿ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਮੁਹੱਲਾ ਮੀਟਿੰਗਾਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਵੱਖ ਵੱਖ ਮੁਹੱਲਿਆਂ/ਵਾਰਡਾਂ ਦੇ ਸਥਾਨਕ ਆਗੂਆਂ ਵਲੋਂ ਛੁਟਪੁਟ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ|
ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਦੇ ਚੋਣ ਪ੍ਰਚਾਰ ਲਈ ਸਥਾਨਕ ਪਿੰਡ ਬਲੌਂਗੀ ਵਿੱਚ ਆਯੋਜਿਤ ਕੀਤੀ ਗਈ ਚੋਣ ਰੈਲੀ ਦੌਰਾਨ ਵੀ ਆਮ ਲੋਕਾਂ ਦੀ ਸ਼ਮੂਲੀਅਤ ਨਾ ਹੋਣ ਕਾਰਨ ਲੰਬਾ ਸਮਾਂ ਤਕ ਕੁਰਸੀਆਂ ਖਾਲੀ ਹੀ ਰਹੀਆਂ ਸਨ| ਇਸ ਰੈਲੀ ਨੂੰ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੌਦੀਆ ਵਲੋਂ ਸੰਬੋਧਨ ਕੀਤਾ ਜਾਣਾ ਸੀ, ਪਰੰਤੂ ਲੋਕਾਂ ਦੀ ਘੱਟ ਗਿਣਤੀ ਕਾਰਨ ਪਹਿਲਾਂ ਤਾਂ ਸ੍ਰੀ ਸਿਸੌਦੀਆ ਕਾਫੀ         ਦੇਰ ਪਿਛੜ ਕੇ ਰੈਲੀ ਵਿੱਚ ਪਹੁੰਚੇ ਸਨ ਅਤੇ ਉਹਨਾਂ ਦੇ ਪਹੁੰਚਣ ਤੋਂ ਐਨ ਪਹਿਲਾਂ ਪ੍ਰਬੰਧਕਾਂ ਵਲੋਂ ਕਿਸੇ ਨਾ ਕਿਸੇ ਤਰ੍ਹਾਂ ਇਕੱਠ ਕਰਕੇ ਖਾਲੀ ਕੁਰਸੀਆਂ ਭਰੀਆਂ ਗਈਆਂ ਸਨ|
ਇਹੀ ਹਾਲ ਬੀਤੇ ਕੱਲ ਅਕਾਲੀ ਭਾਜਪਾ ਉਮੀਦਵਾਰ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਦੇ ਸਮਰਥਨ ਵਿੱਚ ਸ਼ਹਿਰ ਵਿੱਚ ਚੋਣ ਪ੍ਰਚਾਰ ਕਰਨ ਆਏ ਸਾਬਕਾ ਕੇਂਦਰੀ ਮੰਤਰੀ ਸ੍ਰ. ਸੁਖਦੇਵ ਸਿੰਘ ਢੀਂਡਸਾ ਦੇ ਪ੍ਰੋਗਰਾਮਾਂ ਦੌਰਾਨ ਵੀ ਵੇਖਣ ਵਿੱਚ ਮਿਲਿਆ| ਸ੍ਰ. ਢੀਂਡਸਾ ਵਲੋਂ ਸ਼ਹਿਰ ਵਿੱਚ ਅੱਧੀ ਦਰਜਨ ਦੇ ਕਰੀਬ ਵੱਖ ਵੱਖ ਪ੍ਰੋਗਰਾਮਾਂ ਨੂੱ ਸੰਬੋਧਨ ਕੀਤਾ ਗਿਆ ਅਤੇ ਇਸ ਦੌਰਾਨ ਭਾਵੇਂ ਸਥਾਨਕ ਅਕਾਲੀ ਆਗੂ ਤਾਂ ਆਪਣੀ ਹਾਜਰੀ ਲਵਾਉਂਦੇ ਨਜਰ ਆਏ ਪਰੰਤੂ ਆਮ ਲੋਕਾਂ ਦੀ ਘੱਟ ਗਿਣਤੀ ਦੀ ਸਮੱਸਿਆ ਇੱਥੇ ਵੀ           ਪੇਸ਼ ਆਈ|
ਇਸ ਸੰਬੰਧੀ ਗੈਰ ਰਸਮੀ ਗੱਲਬਾਤ ਦੌਰਾਨ ਸਾਰੇ ਹੀ ਸਿਆਸੀ ਆਗੂ ਅਤੇ ਵਰਕਰ ਇਹ ਗੰਲ ਕਬੂਲ ਕਰਦੇ ਹਨ ਕਿ ਇਸ ਵਾਰ ਚੋਣ ਪ੍ਰਚਾਰ ਵਿੱਚ ਆਮ ਲੋਕਾਂ ਦੀ ਦਿਲਚਸਪੀ ਨਾ ਦੇ ਬਰਾਬਰ ਹੈ| ਇਕ ਤਾਂ ਠੰਡ ਦਾ ਜੋਰ ਬਹੁਤ ਜਿਆਦਾ ਵੱਧ ਜਾਣ ਕਾਰਨ ਵੀ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਚੋਣ ਪ੍ਰਚਾਰ ਦਾ ਹਿੱਸਾ ਬਣਨ ਤੋਂ ਗੁਰੇਜ ਕਰਦੇ ਹਨ| ਹੋਰ ਤਾਂ ਹੋਰ ਕਈ ਵਾਰ ਤਾਂ ਲੋਕ ਆਪਣੇ ਦਰਵਾਜੇ ਦੇ ਬਾਹਰ ਅਏ ਸਿਆਸੀ ਆਗੂਆਂ ਅਤੇ ਵਰਕਰਾਂ ਲਈ ਦਰਵਾਜਾ ਤਕ ਖੋਲ੍ਹ ਕੇ ਰਾਜੀ ਨਹੀਂ ਹੁੰਦੇ|
ਚੋਣ ਪ੍ਰਚਾਰ ਦਾ ਅਮਲ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ ਪਰੰਤੂ ਆਮ ਆਦਮੀ ਦੀ ਸ਼ਮੂਲੀਅਤ ਨਾ ਹੋਣ ਕਾਰਨ ਇਹ ਅਮਲ ਹਾਲੇ ਵੀ ਠੰਡਾ ਹੀ ਹੈ| ਚੋਣ ਲੜਣ ਲਈ ਉਮੀਦਵਾਰਾਂ ਵਲੋਂ ਨਾਮਜਦਗੀਆਂ ਦਾਖਿਲ ਕਰਨ ਦੇ ਦੂਜੇ ਦਿਨ ਵੀ ਕਿਸੇ ਉਮੀਦਵਾਰ ਵਲੋਂ ਨਾਮਜਦਗੀ ਦਾਖਿਲ ਨਹੀਂ ਕੀਤੀ ਗਈ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਦੌਰਾਨ ਜਦੋਂ ਵੱਖ ਵੱਖ ਉਮੀਦਵਾਰਾਂ ਵਲੋਂ ਨਾਮਜਗੀਆਂ ਭਰਨ ਦਾ ਕੰਮ ਮੁਕੰਮਲ ਹੋ ਜਾਵੇਗਾ ਉਸਤੋਂ ਬਾਅਦ ਹੀ ਸ਼ਾਇਦ ਆਮ ਲੋਕਾਂ ਦੀ ਦਿਲਚਸਪੀ ਖੁੱਲ ਕੇ ਸਾਮ੍ਹਣੇ         ਆਵੇਗੀ| ਜਾਹਿਰ ਹੈ ਕਿ ਜਦੋਂ ਤਕ ਆਮ ਲੋਕ ਇਸ ਚੋਣ ਪ੍ਰਚਾਰ ਦੇ ਅਮਲ ਦਾ ਹਿੱਸਾ ਨਹੀਂ ਬਨਣਗੇ ਉਦੋਂ ਤਕ ਤਾਂ ਰੋਜਾਨਾ ਹੋਣ ਵਾਲੇ ਇਹਨਾਂ ਸਿਆਸੀ ਪ੍ਰੋਗਰਾਮਾਂ ਦੌਰਾਨ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਖਾਲੀ ਕੁਰਸੀਆਂ ਦੀ ਇਸ ਸਮੱਸਿਆ ਦਾ ਸਾਮ੍ਹਣਾ ਕਰਨਾ ਹੀ ਪੈਣਾ ਹੈ|

Leave a Reply

Your email address will not be published. Required fields are marked *