ਆਮ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਵਾਇਦੇ ਕਦੋਂ ਪੂਰੇ ਕਰੇਗੀ ਕੈਪਟਨ ਸਰਕਾਰ

ਸਾਢੇ ਤਿੰਨ ਸਾਲ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਦੋ ਤਿਹਾਈ ਕਾਰਜਕਾਲ ਲੰਘ ਚੁੱਕਿਆ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਸਰਕਾਰ ਆਮ ਜਨਤਾ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰ ਪਾਈ ਹੈ ਇਹ ਸਰਕਾਰ ਹਰ ਮੁੱਦੇ ਉਪਰ ਹੀ ਫੇਲ ਲੱਗ ਰਹੀ ਹੈ| ਇੱਥੇ ਇਹ ਦੱਸਣਾ ਬਣਦਾ ਹੈ ਕਿ 2017 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੀ ਜਨਤਾ ਨਾਲ ਢੇਰਾਂ ਵਾਇਦੇ ਕੀਤੇ ਗਏ ਸਨ ਪਰੰਤੂ ਇਹ ਤਮਾਮ ਵਾਇਦੇ ਹਵਾ ਹਵਾਈ ਹੀ ਸਾਬਿਤ ਹੋਏ ਹਨ ਜਿਸ ਕਾਰਨ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਅਸੰਤੋਸ਼ ਵੱਧਦਾ ਹੀ ਜਾ ਰਿਹਾ ਹੈ| 
ਕੋਰੋਨਾ ਦੀ ਮਹਾਮਾਰੀ ਨਾਲ ਲੜਾਈ ਦੇ ਨਾਮ ਤੇ ਭਾਵੇਂ ਮੌਜੂਦਾ ਸਰਕਾਰ ਆਮ ਲੋਕਾਂ ਦਾ ਧਿਆਨ ਦੂਜੇ ਪਾਸੇ ਮੋੜਣ ਵਿੱਚ ਕਾਮਯਾਬ ਦਿਖਦੀ ਹੈ ਪਰੰਤੂ ਸਰਕਾਰ ਦਾ ਵਿਰੋਧ ਵੀ ਲਗਾਤਾਰ ਜੋਰ ਫੜਦਾ ਰਿਹਾ ਹੈ| ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਤਾਂ ਸਰਕਾਰ ਦੀ ਘੇਰਾਬੰਦੀ ਕੀਤੀ ਹੀ ਜਾ ਰਹੀ ਹੈ ਖੁਦ ਸੱਤਾਧਾਰੀ ਪਾਰਟੀ ਦੇ ਕਈ ਵੱਡੇ ਆਗੂ ਵੀ ਕੈਪਟਨ ਸਰਕਾਰ ਦੀ ਕਾਰਗਜਾਰੀ ਤੇ ਸਵਾਲ ਚੁੱਕਦੇ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਇਦੇ ਪੂਰੇ ਕਰਨ ਦੀ ਮੰਗ ਕਰਦੇ ਦਿਖ ਰਹੇ ਹਨ| ਇਹ ਸਵਾਲ ਆਮ ਉੱਠਦਾ ਹੈ ਕਿ ਚੋਣ ਪ੍ਰਚਾਰ ਦੌਰਾਨ ਆਪਣੇ ਹੱਥ ਵਿੱਚ ਪਵਿੱਤਰ ਗੁਟਕਾ ਫੜ ਕੇ ਚਾਰ ਹਫਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਸੰਹੁ ਖਾਣ ਵਾਲੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਅਤੇ ਕੋਰੋਨਾ ਕਾਲ ਦੌਰਾਨ ਸੂਬੇ ਵਿੱਚ ਵਿਕਣ ਵਾਲੀ ਜਹਿਰੀਲੀ ਸ਼ਰਾਬ ਕਾਰਨ ਮਾਰੇ ਗਏ ਆਮ ਲੋਕਾਂ ਦੇ ਦੋਸ਼ੀਆਂ (ਜਿਹਨਾਂ ਵਿੱਚ ਕਈ ਵੱਡੇ ਆਗੂ ਅਤੇ ਅਫਸਰ ਸ਼ਾਮਿਲ ਦੱਸੇ ਜਾ ਰਹੇ ਹਨ) ਨੂੰ ਕਦੋਂ ਸਜਾ ਦਿੱਤੀ ਜਾਵੇਗੀ| 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਵੇਲੇ ਜਨਤਾ ਨਾਲ ਕੀਤਾ ਗਿਆ ਹਰ ਘਰ ਰੁਜਗਾਰ ਦੇਣ ਦਾ ਵਾਇਦਾ ਵੀ ਪੂਰੀ ਤਰ੍ਹਾਂ ਖੋਖਲਾ ਸਾਬਿਤ ਹੋਇਆ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਬੇਰੁਜਗਾਰ ਨੌਜਵਾਨ ਵਿਹਲੇ ਹਨ| ਇਹਨਾਂ ਵਿਚੋਂ ਵੱਡੀ ਗਿਣਤੀ ਨੌਜਵਾਨ ਨਸ਼ੇ, ਚੋਰੀਆਂ ਅਤੇ ਛੁਟਪੁਟ ਵਾਰਦਾਤਾਂ ਆਦਿ ਕਰਨ ਲੱਗੇ ਪਏ ਹਨ| ਸਰਕਾਰ ਨੇ ਬੇਰੁਜਗਾਰਾਂ ਨੂੰ  ਰੁਜਗਾਰ ਤਾਂ ਕੀ ਦੇਣਾ ਸੀ ਉਲਟਾ ਸਰਕਾਰ  ਵਲੋਂ 10 ਸਾਲ ਪਹਿਲਾਂ                         ਠੇਕੇ ਉਪਰ ਭਰਤੀ ਕੀਤੇ ਗਏ ਮੁਲਾਜਮਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾ ਰਿਹਾ ਹੈ ਜਿਸ ਕਾਰਨ ਇਹਨਾਂ ਕਰਮਚਾਰੀਆਂ ਵਿੱਚ ਰੋਸ ਵੱਧ ਰਿਹਾ ਹੈ ਅਤੇ ਹਰ ਘਰ ਰੁਜਗਾਰ ਦੇਣ ਦਾ ਕਾਂਗਰਸ ਦਾ ਵਾਇਦਾ ਵੀ ਠੁੱਸ ਹੋ ਗਿਆ ਹੈ| 
ਸੂਬੇ ਵਿੱਚ ਵੱਡੇ ਪੱਧਰ ਤੇ ਹੁੰਦੀ ਰੇਤਾ ਬਜਰੀ ਦੀ ਕਾਲਾਬਾਜਾਰੀ ਰੋਕਣ ਵਿੱਚ ਵੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਅਤੇ ਹਾਲਤ ਇਹ ਹੈ ਕਿ ਰੇਤ ਬਜਰੀ ਦੀ ਕੀਮਤ ਸਾਰੇ ਰਿਕਾਰਡ ਤੋੜ ਰਹੀ ਹੈ| ਪੰਜਾਬ ਵਿੱਚ ਵੱਡੇ ਪੱਧਰ ਉਪਰ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ, ਜਿਸ ਨਾਲ ਸਰਕਾਰ ਨੂੰ ਕਰੋੜਾਂ ਅਰਬਾਂ ਰੁਪਏ ਦਾ ਘਾਟਾ ਪੈ ਰਿਹਾ ਹੈ| ਇਸ ਗੈਰਕਾਨੂੰਨੀ ਮਾਈਨਿੰਗ ਵਿੱਚ ਕਾਂਗਰਸ ਸਰਕਾਰ ਦੇ ਕੁੱਝ ਮੰਤਰੀਆਂ ਦਾ ਨਾਮ ਵੀ ਬੋਲਦਾ ਹੈ ਅਤੇ ਮਾਈਨਿੰਗ ਮਾਫੀਆ ਦਾ ਹੌਂਸਲਾ ਇੰਨਾ ਜਿਆਦਾ ਵੱਧ ਚੁੱਕਿਆ ਹੈ ਕਿ ਉਸ ਵਲੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਤਕ ਤੇ ਹਮਲੇ ਕੀਤੇ ਜਾਂਦੇ ਹਨ ਅਤੇ ਇਹਨਾਂ ਦੇ ਗੁੰਡਿਆਂ ਦੇ ਡਰ ਕਾਰਨ ਕੋਈ ਵੀ ਵਿਅਕਤੀ ਮਾਈਨਿੰਗ ਮਾਫੀਆ ਬਾਰੇ ਬੋਲਣ ਤੋਂ ਝਿਝਕਦਾ ਹੈ| ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਪੰਜਾਬੀਆਂ ਨੂੰ ਟੋਲ ਟੈਕਸਾਂ ਤੋਂ ਰਾਹਤ ਦਿਵਾਉਣ ਦਾ ਐਲਾਨ ਵੀ ਫੋਕਾ ਵੀ ਰਹਿ ਗਿਆ ਹੈ ਬਲਕਿ ਪੰਜਾਬ ਵਿਚ ਟੋਲ ਟੈਕਸ ਬੈਰੀਅਰਾਂ ਦੀ ਗਿਣਤੀ ਪਹਿਲਾਂ ਨਾਲੋਂ ਵੀ ਵੱਧ ਗਈ ਹੈ ਅਤੇ ਆਮ ਲੋਕਾਂ ਨੂੰ ਪਹਿਲਾਂ ਤੋਂ ਕਿਤੇ ਵੱਧ ਟੋਲ ਟੈਕਸ ਦੇਣਾ ਪੈ ਰਿਹਾ ਹੈ|  
ਸੂਬੇ ਦੀ ਸੱਤਾ ਦਾ ਸੁਖ ਮਾਨਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਕੀਤੇ ਗਏ ਆਪਣੇ ਤਮਾਮ ਵਾਇਦੇ ਪੂਰੇ ਕੀਤੇ ਜਾਣ| ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨਾਲ ਕੀਤੇ ਆਪਣੇ ਵਾਇਦੇ ਪੂਰੇ ਕਰੇ ਤਾਂ ਜੋ ਲੋਕ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਤੋਂ ਨਿਰਾਸ਼ ਨਾ ਹੋਣ| ਸੱਤਾਧਾਰੀਆਂ ਨੂੰ ਇਹ ਗੱਲ ਵੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜੇਕਰ ਜਨਤਾ ਦਾ ਭਰੋਸਾ ਉਹਨਾਂ ਉਤੋਂ ਪੂਰੀ ਤਰ੍ਹਾਂ ਉਠ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਹੈ ਅਤੇ ਸੱਤਾਧਾਰੀਆਂ ਨੂੰ ਇਹ ਗੱਲ ਜਿੰਨੀ ਛੇਤੀ ਸਮਝ ਆ ਜਾਵੇ ਉਹਨਾਂ ਲਈ ਚੰਗਾ ਹੈ| 

Leave a Reply

Your email address will not be published. Required fields are marked *