ਆਮ ਲੋਕਾਂ ਨੂੰ ਨਹੀਂ ਹੈ ਐਗਜਿਟ ਪੋਲਾਂ ਤੇ ਭਰੋਸਾ

ਆਮ ਲੋਕਾਂ ਨੂੰ ਨਹੀਂ ਹੈ ਐਗਜਿਟ ਪੋਲਾਂ ਤੇ ਭਰੋਸਾ
ਮੀਡੀਆ ਦੀ ਭਰੋਸੇਯੋਗਤਾ ਤੇ ਹੀ ਚੁੱਕੇ ਜਾ ਰਹੇ ਹਨ ਸਵਾਲ
ਐਸ ਏ ਐਸ ਨਗਰ, 21 ਮਈ (ਸ.ਬ.) ਬੀਤੀ 19 ਮਈ ਨੂੰ ਸ਼ਾਮ ਛੇ ਵਜੇ ਜਦੋਂ ਲੋਕਸਭਾ ਚੋਣਾ ਦੇ ਅਖੀਰਲੇ ਗੇੜ ਦੀ ਵੋਟਿੰਗ ਖਤਮ ਹੋਣ ਤੋਂ ਅੱਧੇ ਘੰਟੇ ਬਾਅਦ ਜਦੋਂ ਵੱਖ ਵੱਖ ਟੀ ਵੀ ਚੈਨਲਾਂ ਵਲੋਂ ਪ੍ਰਸਾਰਿਤ ਕੀਤੇ ਗਏ ਐਗਜਿਟ ਪੋਲਾਂ ਵਿੱਚ ਇੱਕ ਵਾਰ ਫਿਰ ਪ੍ਰਧਾਨਮਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਨ ਬਾਰੇ ਪੇਸ਼ੀਨਗੋਈ ਕੀਤੀ ਗਈ ਤਾਂ ਆਮ ਲੋਕਾਂ ਵਲੋਂ ਜਿੱਥੇ ਕਾਫੀ ਹੈਰਾਨੀ ਜਾਹਿਰ ਕੀਤੀ ਗਈ ਉੱਥੇ ਲੋਕਾਂ ਨੇ ਇਲੈਕਟ੍ਰਾਨਿਕ ਮੀਡੀਆ ਵਲੋਂ ਜਾਰੀ ਕੀਤੇ ਗਏ ਐਕਜਿਟ ਪੋਲਾਂ ਦੇ ਇਹਨਾਂ ਅੰਕੜਿਆਂ ਤੇ ਸਵਾਲ ਚੁੱਕਦਿਆਂ ਮੀਡੀਆ ਦੀ ਭਰੋਸੇਯੋਗਤਾ ਤੇ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ|
ਆਮ ਗੱਲਬਾਤ ਦੌਰਾਨ ਲੋਕ ਕਹਿੰਦੇ ਹਨ ਕਿ ਪੰਜ ਸਾਲ ਪਹਿਲਾਂ ਜਦੋਂ ਦੇਸ਼ ਵਿੱਚ ਸੱਤਾਧਾਰੀ ਕਾਂਗਰਸ ਅਗਵਾਈ ਵਾਲੀ ਯੂ. ਪੀ ਏ ਸਰਕਾਰ ਦੇ ਖਿਲਾਫ ਕਾਫੀ ਜਿਆਦਾ ਗੁੱਸਾ ਸੀ ਅਤੇ ਦੇਸ਼ ਵਿੱਚ ਮੋਦੀ ਲਹਿਰ ਚਲ ਰਹੀ ਸੀ ਉਸ ਵੇਲੇ ਜਿੱਥੇ ਭਾਜਪਾ ਨੂੰ 281 ਸੀਟਾਂ ਤੇ ਜਿੱਤ ਹਾਸਿਲ ਹੋਈ ਸੀ ਉੱਥੇ ਐਨ ਡੀ ਏ ਨੇ ਸਵਾ ਤਿੰਨ ਸੌ ਸੀਟਾਂ ਤੇ ਜਿੱਤ ਹਾਸਿਲ ਕਰਕੇ ਦੇਸ਼ ਵਿੱਚ ਇੱਕ ਮਜਬੂਤ ਸਰਕਾਰ ਬਣਾਈ ਸੀ ਪਰੰਤੂ ਇਸ ਸਰਕਾਰ ਦਾ ਕਾਰਜਕਾਲ ਖਤਮ ਹੋਣ ਤਕ ਮੋਦੀ ਲਹਿਰ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ ਅਤੇ ਪੂਰੇ ਦੇਸ਼ ਵਿੱਚ ਲਗਾਤਾਰ ਵੱਧਦੀ ਬੇਰੁਜਗਾਰੀ ਅਤੇ ਮਹਿੰਗਾਈ ਕਾਰਨ ਸੱਤਾਧਾਰੀਆਂ ਦੇ ਖਿਲਾਫ ਮਾਹੌਲ ਬਣ ਚੁੱਕਿਆ ਹੈ| ਮੋਦੀ ਸਰਕਾਰ ਵਲੋਂ ਲਾਗੂ ਕੀਤੇ ਗਏ ਨੋਟਬੰਦੀ ਅਤੇ ਜੀ ਐਸ ਟੀ ਦੇ ਸਖਤ ਫੈਸਲਿਆਂ ਨੇ ਜਿੱਥੇ ਆਮ ਲੋਕਾਂ ਦੇ ਰੁਜਗਾਰ ਤੇ ਵੱਡੀ ਸੱਟ ਮਾਰੀ ਉੱਥੇ ਵੱਡੀ ਗਿਣਤੀ ਲੋਕ ਸਰਕਾਰ ਦੇ ਵਿਰੁੱਧ ਹੋ ਚੁੱਕੇ ਹਨ ਅਤੇ ਮੋਦੀ ਦੀ ਲੋਕਪ੍ਰਿਅਤਾ ਦਾ ਗ੍ਰਾਫ ਵੀ ਪਹਿਲਾ ਨਾਲੋਂ ਕਾਫੀ ਹੇਠਾਂ ਆ ਗਿਆ ਹੈ| ਅਜਿਹੇ ਹਾਲਤ ਵਿੱਚ ਭਲਾ ਜਨਤਾ ਵਲੋਂ ਮੁੜ ਭਾਜਪਾ ਸਰਕਾਰ ਬਣਾਉਣ ਲਈ ਵੋਟਾਂ ਕਿਵੇਂ ਪਾਈਆਂ ਜਾ ਸਕਦੀਆਂ ਹਨ ਅਤੇ ਇਹ ਸਾਰਾ ਅਮਲ ਦੱਸਦਾ ਹੈ ਕਿ ਦਾਲ ਵਿੱਚ ਕਿਤੇ ਨਾ ਕਿਤੇ ਕਾਲਾ ਜਰੂਰ ਹੈ| ਲੋਕ ਕਹਿੰਦੇ ਹਨ ਕਿ ਜਦੋਂ ਭਾਜਪਾ ਦੀ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਲਗਾਤਾਰ ਹਾਰ ਹੋ ਰਹੀ ਹੈ ਅਤੇ ਉਸਦੀਆਂ ਰਾਜ ਸਰਕਾਰਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਭਾਜਪਾ ਦੀ ਅਗਵਾਈ ਵਿੱਚ ਸਰਕਾਰ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ, ਤਾਂ ਫਿਰ ਇਹ ਐਗਜਿਟ ਪੋਲ ਵਾਲੇ ਕਿਸ ਆਧਾਰ ਤੇ ਸ੍ਰੀ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਣਨ ਦੀ ਪੇਸ਼ੀਨਗੋਈ ਕਰ ਰਹੇ ਹਨ|
ਪਿਛਲੇ ਸਮੇਂ ਦੋਰਾਨ ਦੇਸ਼ ਵਿੱਚ (ਇਲੈਕਟ੍ਰਾਨਿਕ) ਮੀਡੀਆ ਦੇ ਇੱਕ ਵੱਡੇ ਹਿੱਸੇ ਉੱਪਰ ਜਿਸ ਤਰੀਕੇ ਨਾਲ ਭਾਜਪਾ ਦੇ ਹੱਕ ਵਿੱਚ ਮਾਹੌਲ ਤਿਆਰ ਕਰਨ ਅਤੇ ਸੱਤਾਧਾਰੀਆਂ ਦੇ ਹੱਕ ਵਿੱਚ ਹਵਾ ਬਣਾਉਣ ਦੇ ਇਲਜਾਮ ਲੱਗਦੇ ਰਹੇ ਹਨ ਉਸ ਨਾਲ ਪਹਿਲਾਂ ਹੀ ਮੀਡੀਆ ਦੀ ਭਰੋਸੇਯੋਗਤਾ ਤੇ ਸਵਾਲ ਉਠਦੇ ਰਹੇ ਹਨ| ਇਸ ਦੌਰਾਨ ਸਰਕਾਰ ਵਲੋਂ ਮੀਡੀਆ ਤੇ ਦਬਾਓ ਬਣਾਉਣ ਅਤੇ ਸਰਕਾਰ ਦੇ ਖਿਲਾਫ ਲਿਖਣ ਜਾਂ ਪ੍ਰੋਗਰਾਮ ਪ੍ਰਸਾਰਿਤ ਕਰਨ ਵਾਲਿਆਂ ਖਿਲਾਫ ਕਾਰਵਾਈ ਦੀਆਂ ਖਬਰਾਂ ਵੀ ਸਮੇਂ ਸਮੇਂ ਤੇ ਸਾਮ੍ਹਣੇ ਆਉਂਦੀਆਂ ਰਹੀਆਂ ਹਨ| ਅਜਿਹੇ ਮਾਹੌਲ ਵਿੱਚ ਪਹਿਲਾਂ ਹੀ ਇਹ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਸੀ ਕਿ ਵੋਟਾਂ ਪੈਣ ਤੋਂ ਬਾਅਦ ਆਉਣ ਵਾਲੇ ਐਗਜਿਟ ਪੋਲ ਸੱਤਾਧਾਰੀਆਂ ਦਾ ਹੀ ਪੱਖ ਪੂਰਨ ਵਾਲੇ ਹੋਣਗੇ ਅਤੇ ਅਜਿਹਾ ਹੀ ਹੋਇਆ ਵੀ ਹੈ|
ਹੁਣ ਜਦੋਂ ਵੋਟਾਂ ਦੀ ਗਿਣਤੀ ਵਿੱਚ ਸਿਰਫ ਇੱਕ ਦਿਨ ਬਾਕੀ ਬਚਿਆ ਹੈ ਅਤੇ 23 ਮਈ ਨੂੰ ਗਿਣਤੀ ਆਰੰਭ ਹੋਣ ਦੇ ਦੋ ਘੰਟਿਆਂ ਬਾਅਦ ਹੀ ਹਾਰ ਜਿੱਤ ਦੇ ਰੁਝਾਨ ਵੀ ਆਉਣੇ ਆਰਭ ਹੋ ਜਾਣੇ ਹਨ, ਇਹਨਾਂ ਐਗਜਿਟ ਪੋਲਾਂ ਦੀ ਭਰੋਸੇਯੋਗਤਾ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ| ਇਸ ਸੰਬੰਧੀ ਵਿਰੋਧੀ ਪਾਰਟੀਆਂ ਵਲੋਂ ਮੋਦੀ ਸਰਕਾਰ ਤੇ ਇਹ ਇਲਜਾਮ ਲਗਾਇਆ ਜਾ ਰਿਹਾ ਹੈ ਕਿ ਉਸ ਵਲੋਂ ਇਹਨਾਂ ਐਗਜਿਟ ਪੋਲਾਂ ਦੇ ਸਹਾਰੇ ਆਪਣੇ ਹੱਕ ਵਿੱਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਕੀਤੀ ਜਾਣ ਵਾਲੀ ਹੇਰਾਫੇਰੀ ਨਾਲ ਚੋਣ ਨਤੀਜਿਆਂ ਨੂੰ ਆਪਣੇ ਹੱਕ ਵਿੱਚ ਕੀਤਾ ਜਾ ਸਕੇ| ਇਸ ਸੰਬੰਧੀ ਯੂ. ਪੀ ਵਿੱਚ ਕੁੱਝ ਥਾਵਾਂ ਤੇ ਇਲੈਕਟ੍ਰਾਨਿਕ ਵੋਟਿਗ ਮਸ਼ੀਨਾਂ ਦੇ ਸ਼ੱਕੀ ਹਾਲਤ ਵਿੱਚ ਮਿਲਣ ਤੋਂ ਬਾਅਦ ਵਿਰੋਧੀ ਪਾਰਟੀਆਂ ਵਲੋਂ ਲਗਾਏ ਜਾਣ ਵਾਲੇ ਇਲਜਾਮ ਹੋਰ ਵੀ ਮੁਖਰ ਹੋ ਗਏ ਹਨ|
ਚੋਣਾਂ ਦਾ ਨਤੀਜਾ ਕੀ ਹੋਵਗਾ ਇਹ ਤਾਂ 23 ਮਈ ਨੂੰ ਸਾਮ੍ਹਣੇ ਆ ਹੀ ਜਾਣਾ ਹੈ ਅਤੇ ਵੇਖਣਾ ਇਹ ਹੈ ਕਿ ਵਖ ਵੱਖ ਮੀਡੀਆ ਘਰਾਣਿਆਂ ਵਲੋਂ ਪ੍ਰਸਾਰਿਤ ਕੀਤੇ ਗਏ ਇਹ ਐਗਜਿਟ ਪੋਲ ਆਪਣੇ ਦਾਅਵਿਆਂ ਤੇ ਕਿਸ ਕਦਰ ਖਰੇ ਉਤਰਨ ਵਿੱਚ ਕਾਮਯਾਬ ਹੁੰਦੇ ਹਨ|

Leave a Reply

Your email address will not be published. Required fields are marked *