ਆਮ ਲੋਕਾਂ ਵਿੱਚ ਖਤਮ ਹੋ ਰਿਹਾ ਹੈ ਸਿਆਸੀ ਪਾਰਟੀਆਂ ਦਾ ਭਰੋਸਾ

ਸਾਡੇ ਦੇਸ਼ ਦੀਆਂ ਲਗਭਗ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਅਤੇ ਇਹਨਾਂ ਪਾਰਟੀਆਂ ਦੇ ਹਰ ਵੱਡੇ ਛੋਟੇ ਆਗੂ ਵਲੋਂ ਪਿਛਲੇ ਸਮੇਂ ਦੌਰਾਨ ਜਿਸ ਤਰੀਕੇ ਨਾਲ ਦੇਸ਼ ਹਿੱਤ ਦੀ ਥਾਂ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਅਤੇ ਭਾਈ ਭਤੀਜਾਵਾਦ ਨੂੰ ਬੜ੍ਹਾਵਾ ਦਿੱਤੇ ਜਾਣ ਨਾਲ ਜਿੱਥੇ ਰਾਜਨੀਤੀ ਦਾ ਪੱਧਰ ਲਗਾਤਾਰ ਹੇਠਾਂ ਅਤੇ ਹੋਰ ਹੇਠਾਂ ਡਿੱਗਿਆ ਹੈ ਉੱਥੇ ਆਮ ਜਨਤਾ ਦਾ ਦੇਸ਼ ਦੇ ਰਾਜਨੀਤਿਕ ਢਾਂਚੇ ਤੋਂ ਜਿਵੇਂ ਭਰੋਸਾ ਹੀ ਖਤਮ ਹੁੰਦਾ ਦਿਖ ਰਿਹਾ ਹੈ| ਸਾਢੇ ਚਾਰ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੀ ਜਨਤਾ ਨੇ ਦੇਸ਼ ਦੀ ਆਜਾਦੀ ਦੀ ਲੜਾਈ ਦੀ ਅਗਵਾਈ ਤੋਂ ਲੈ ਕੇ ਪਿਛਲੇ 60 ਸਾਲ ਤਕ ਦੇਸ਼ ਦੀ ਸੱਤਾ ਚਲਾਉਣ ਵਾਲੀ ਕਾਂਗਰਸ ਪਾਰਟੀ ਨੂੰ ਬੁਰੀ ਤਰ੍ਹਾਂ ਨਕਾਰ ਕੇ ਇਹ ਜਾਹਿਰ ਕਰ ਦਿੱਤਾ ਸੀ ਕਿ ਕਾਂਗਰਸ ਪਾਰਟੀ ਨੇ ਦੇਸ਼ਵਾਸੀਆਂ ਦਾ ਭਰੋਸਾ ਗਵਾ ਦਿੱਤਾ ਹੈ|
ਪਰੰਤੂ ਮੌਜੂਦਾ ਹਾਲਾਤ ਇਹ ਹੋ ਗਏ ਹਨ ਕਿ ਕਾਂਗਰਸ ਪਾਰਟੀ ਨੂੰ ਹਰਾ ਕੇ ਦੇਸ਼ ਦੀ ਸੱਤਾ ਤੇ ਕਾਬਜ ਹੋਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਭਰੋਸੇਯੋਗਤਾ ਵੀ ਹੁਣ ਦਾਅ ਤੇ ਲੱਗ ਗਈ ਹੈ| ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਜਿਸ ਤਰੀਕੇ ਨਾਲ ਕੇਂਦਰ ਦੀ ਸੱਤਾ ਤੇ ਕਾਬਿਜ ਐਨ ਡੀ ਏ ਸਰਕਾਰ ਦੇ ਮੰਤਰੀਆਂ ਤੋਂ ਲੈ ਕੇ ਭਾਜਪਾ ਦੀਆਂ ਸਰਕਾਰਾਂ ਵਾਲੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਉੱਪਰ ਜਿਸ ਤਰੀਕੇ ਨਾਲ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਨਿੱਜੀ ਹਿੱਤ ਪੂਰਨ ਦੇ ਇਲਜਾਮ ਲੱਗਦੇ ਰਹੇ ਹਨ ਉਸਨੇ ਭਾਰਤੀ ਜਨਤਾ ਪਾਰਟੀ ਦੀ ਸਾਖ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਆਮ ਜਨਤਾ ਦਾ ਭਰੋਸਾ ਵੀ ਲਗਭਗ ਖਤਮ ਕਰ ਦਿੱਤਾ ਹੈ| ਪਿਛਲੇ ਸਾਢੇ ਚਾਰ ਸਾਲ ਦੇ ਮੋਦੀ ਸਰਕਾਰ ਦੇ ਇਸ ਕਾਰਜਕਾਲ ਦੌਰਾਨ ਬਿਆਨਬਾਜੀ ਤਾਂ ਬਹੁਤ ਹੋਈ ਹੈ ਪਰੰਤੂ ਇਹ ਸਰਕਾਰ ਵੀ ਆਮ ਜਨਤਾ ਦੀਆਂ ਆਸਾਂ ਤੇ ਖਰੀ ਉਤਰਨ ਵਿੱਚ ਨਾਕਾਮ ਰਹੀ ਹੈ|
ਆਮ ਜਨਤਾ ਵਿੱਚ ਰਾਜਨੀਤਿਕ ਆਗੂਆਂ ਦੀ ਸਾਖ ਦੇ ਡਿੱਗਦੇ ਪੱਧਰ ਦਾ ਇਹ ਮਾਮਲਾ ਸਿਰਫ ਕੌਮੀ ਪੱਧਰ ਦੀਆਂ ਪਾਰਟੀਆਂ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਦੇਸ਼ ਦੀਆਂ ਇਹਨਾਂ ਦੋ ਮੁੱਖ ਰਾਜਨੀਤਿਕ ਪਾਰਟੀਆਂ (ਭਾਜਪਾ ਅਤੇ ਕਾਂਗਰਸ) ਤੋਂ ਇਲਾਵਾ ਹੋਰ ਜਿੰਨੀਆਂ ਵੀ ਖੇਤਰੀ ਪਾਰਟੀਆਂ ਹਨ ਉਹਨਾਂ ਦੀ ਭਰੋਸੇਯੋਗਤਾ ਪਹਿਲਾਂ ਤੋਂ ਹੀ ਦਾਅ ਤੇ ਰਹੀ ਹੈ| ਖੇਤਰੀ ਪਾਰਟੀਆਂ ਦੀ ਤਾਂ ਇਹ ਹਾਲਤ ਹੈ ਕਿ ਉਹਨਾਂ ਦੀ ਪੂਰੀ ਰਾਜਨੀਤੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਉਸਦੇ ਪਰਿਵਾਰ ਦੇ ਆਸਪਾਸ ਹੀ ਘੁੰਮਦੀ ਹੈ| ਅਕਾਲੀ ਦਲ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਅੰਨਾ ਡੀ ਐਮ ਕੇ, ਡੀ ਐਮ ਕੇ, ਟੀ ਡੀ ਪੀ, ਆਰ ਜੇ ਡੀ, ਬੀਜੂ ਜਨਤਾ ਦਲ ਅਤੇ ਤ੍ਰਿਣਮੂਲ ਕਾਂਗਰਸ ਤੋਂ ਲੈ ਕੇ ਸਿਆਸੀ ਬਦਲਾਓ ਦਾ ਨਵਾਂ ਨਾਹਰਾ ਦੇ ਕੇ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਤੱਕ ਤਮਾਮ ਰਾਜਨੀਤਿਕ ਪਾਰਟੀਆਂ ਆਪਣੇ ਮੁਖੀਆਂ ਦੀਆਂ ਨਿੱਜੀ ਕੰਪਨੀਆਂ ਵਾਂਗ ਹੀ ਕੰਮ ਕਰਦੀਆਂ ਹਨ ਅਤੇ ਇਹਨਾਂ ਪਾਰਟੀਆਂ ਵਿੱਚ ਅੰਦਰੂਨੀ ਲੋਕਤੰਤਰ ਲਾਗੂ ਹੋਣ ਦੀ ਗੱਲ ਸੁਫਨੇ ਵਿੱਚ ਵੀ ਨਹੀਂ ਸੋਚੀ ਜਾ ਸਕਦੀ|
ਸਿਆਸੀ ਆਗੂ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਮਝਦੇ ਹਨ ਕਿ ਆਮ ਲੋਕਾਂ ਦਾ ਭਰੋਸਾ ਉਹਨਾਂ ਤੋਂ ਕਿਸ ਕਦਰ ਖਤਮ ਹੁੰਦਾ ਜਾ ਰਿਹਾ ਹੈ ਪੰਰਤੂ ਉਹ ਆਏ ਦਿਨ ਨਵੇਂ ਨਵੇਂ ਤਰੀਕੇ ਲੱਭ ਕੇ ਸੱਤਾ ਹਾਸਿਲ ਕਰਨ ਦੀ ਦੌੜ ਵਿੱਚ ਲੱਗੇ ਰਹਿੰਦੇ ਹਨ| ਹਾਲਾਂਕਿ ਹੁਣ ਜਨਤਾ ਵੀ ਆਪਣੇ ਇਹਨਾਂ ਆਗੂਆਂ ਨੂੰ ਉਹਨਾਂ ਦੇ ਹੀ ਤਰੀਕੇ ਨਾਲ ਜਵਾਬ ਦੇਣ ਲੱਗ ਪਈ ਹੈ ਅਤੇ ਉਸ ਵਲੋਂ ਹੁਣ ਇਹ ਜਾਹਿਰ ਕੀਤਾ ਜਾਣ ਲੱਗ ਪਿਆ ਹੈ ਕਿ ਇਹਨਾਂ ਪਾਰਟੀਆਂ ਦੀ ਸ਼ਿਖਰ ਅਗਵਾਈ ਵਲੋਂ ਆਪਣੀਆਂ ਸਿਆਸੀ ਪਾਰਟੀਆਂ ਨੂੰ ਆਪਣੀ ਨਿੱਜੀ ਕੰਪਨੀ ਵਾਂਗ ਚਲਾਉਣ ਦੀ ਕਾਰਵਾਈ ਨੂੰ ਉਹ ਬਰਦਾਸ਼ਤ ਕਰਨ ਵਾਲੀ ਨਹੀਂ ਹੈ| ਇਸਦੀ ਬਾਨਗੀ ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਅਕਾਲੀ ਦਲ ਅਤੇ ਯੂ. ਪੀ. ਵਿੱਚ ਸਮਾਜਵਾਦੀ ਪਾਰਟੀ ਦੀ ਹਾਰ ਤੋਂ ਵੀ ਦਿਖਦੀ ਹੈ|
ਇਹਨਾਂ ਸਿਆਸੀ ਆਗੂਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਉਹਨਾਂ ਨੇ ਆਪਣੀ ਕਾਰਗੁਜਾਰੀ ਵਿੱਚ ਸੁਧਾਰ ਨਾ ਲਿਆਂਦਾ ਅਤੇ ਖੁਦ ਨੂੰ ਆਮ ਜਨਤਾ ਦੇ ਪ੍ਰਤੀ ਜਵਾਬਦੇਹ ਨਾ ਬਣਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਜਨਤਾ ਵਲੋਂ ਉਹਨਾਂ ਨੂੰ ਪੂਰੀ ਤਰ੍ਹਾਂ ਰੱਦ ਵੀ ਕੀਤਾ ਜਾ ਸਕਦਾ ਹੈ| ਇਸਤੋਂ ਪਹਿਲਾਂ ਕਿ ਇਹਨਾਂ ਪਾਰਟੀਆਂ ਤੋਂ ਆਮ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਉਠ ਜਾਵੇ ਇਹਨਾਂ ਪਾਰਟੀਆਂ ਨੂੰ ਆਪਣੀ ਕਾਰਗੁਜਾਰੀ ਵਿੱਚ ਸੁਧਾਰ ਕਰਕੇ ਖੁਦ ਨੂੰ ਜਨਤਾ ਦੇ ਪ੍ਰਤੀ ਜਵਾਬਦੇਹ ਬਣਾਉਣਾ ਚਾਹੀਦਾ ਹੈ ਅਤੇ ਨਿੱਜੀ ਹਿੱਤਾਂ ਤੋਂ ਉੱਪਰ ਉਠ ਕੇ ਆਮ ਜਨਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਤਾਂ ਹੀ ਉਹਨਾਂ ਦੀ ਸਾਰਥਕਤਾ ਕਾਇਮ ਰਹਿ ਪਾਵੇਗੀ|

Leave a Reply

Your email address will not be published. Required fields are marked *