ਆਮ ਸਿੱਖਾਂ ਵਿੱਚ ਹੋ ਰਹੀ ਹੈ ਚਰਚਾ ਕੀ ਜਥੇਦਾਰ ਸਾਹਿਬ ਮਲੂਕਾ ਖਿਲਾਫ ਕਰਨਗੇ ਕਾਰਵਾਈ?

ਐ ਸ ਏ ਐਸ ਨਗਰ, 30 ਦਸੰਬਰ (ਸ.ਬ.) ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਵਲੋਂ ਸ਼ਹੀਦੀ ਜੋੜ ਮੇਲਿਆਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿਆਸੀ ਦੂਸ਼ਣਬਾਜੀ ਨਾ ਕਰਨ ਦੀ ਅਪੀਲ ਕੀਤੀ ਗਈ ਸੀ, ਪਰ ਜਥੇਦਾਰ ਸਾਹਿਬ ਖੁਦ ਸਿਆਸੀ ਦਖਲਅੰਦਾਜੀ ਤੋਂ ਮੁਕਤ ਨਹੀਂ ਹਨ, ਇਸ ਦਾ ਵੇਰਵਾ ਦਿੰਦਿਆਂ ਮੁਹਾਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਹਰਦੀਪ ਸਿੰਘ ਨੇ ਕਿਹਾ ਹੈ ਕਿ ਜਥੇਦਾਰ ਸਾਹਿਬਾਨ ਨੂੰ ਇਕ ਪਾਰਟੀ ਦਾ ਹੀ ਆਗੂ ਨਹੀਂ ਬਣਨਾ ਚਾਹੀਦਾ| ਅਸਲ ਵਿੱਚ ਭਾਈ ਹਰਦੀਪ ਸਿੰਘ ਦਾ ਬਿਆਨ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ  ਦੇ ਚੋਣ ਦਫਤਰ ਦੇ ਉਦਘਾਟਨ ਮੌਕੇ ਸ. ਮਲੂਕਾ ਦੀ ਹਾਜਰੀ ਵਿੱਚ ਰਮਾਇਣ ਦੇ ਪਾਠ ਤੋਂ ਬਾਅਦ ਸਿੱਖ  ਅਰਦਾਸ ਦੀ ਕੀਤੀ ਗਈ  ਨਕਲ ਤੋਂ ਉਪਜੇ ਵਿਵਾਦ ਤੋਂ ਬਾਅਦ ਸਾਹਮਣੇ ਆਇਆ ਹੈ|ਭਾਵੇਂ ਕਿ ਜਥੇਦਾਰ ਸਾਹਿਬਾਨ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਜਾਂਚ ਕਰਨ ਲਈ ਕਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬੰਡੂਗਰ ਨੇ ਇਸ ਸਬੰਧੀ ਇਕ ਜਾਂਚ ਕਮੇਟੀ ਵੀ ਬਣਾ ਦਿਤੀ ਹੈ, ਪਰ ਸਿੱਖ ਹਲਕਿਆਂ ਅੰਦਰ ਇਸ ਘਟਨਾਂ ਤੋਂ ਬਾਅਦ ਰੋਸ ਦੀ ਲਹਿਰ ਫੈਲ ਗਈ ਹੈ ਅਤੇ ਅਨੇਕਾਂ ਸਿੱਖ ਆਗੂ ਕਹਿ ਰਹੇ ਹਨ ਕਿ ਅਜਿਹੀਆਂ ਘਟਨਾਵਾਂ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾਉਣ ਵਾਲੀਆਂ ਹਨ| ਮੁਹਾਲੀ ਦੀ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ  ਨੇ ਵੀ ਕਿਹਾ ਹੈ ਕਿ ਪੰਜਾਬ ਵਿੱਚ ਇਸ ਸਮੇਂ ਜੋ ਸ਼ਾਂਤੀ ਹੈ, ਉਸਨੂੰ ਬਣਾਈ ਰੱਖਣਾ ਚਾਹੀਦਾ ਹੈ|
ਆਮ ਸਿੱਖਾਂ ਵਿੱਚ ਚਰਚਾ ਹੋ ਰਹੀ ਹੈ ਕਿ ਮਲੂਕਾ ਦੀ ਹਾਜਰੀ ਵਿੱਚ ਸਿੱਖ ਅਰਦਾਸ ਦੀ ਕੀਤੀ ਗਈ ਘੋਰ ਬੇਅਦਬੀ ਦੇ ਮਾਮਲੇ ਵਿਚ ਜਥੇਦਾਰ ਸਾਹਿਬ ਨੇ ਮਲੂਕਾ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ| ਆਮ ਸਿੱਖ ਹਲਕਿਆਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਮੰਤਰੀ ਮਲੂਕਾ ਦੀ ਥਾਂ ਇਹ ਘਟਨਾ ਜੇ  ਆਮ ਆਦਮੀ ਪਾਰਟੀ ਦੇ ਕਿਸੇ ਆਗੂ ਜਾਂ ਕਾਂਗਰਸ ਦੇ ਕਿਸੇ ਆਗੂ ਦੀ ਹਾਜਰੀ ਵਿਚ ਵਾਪਰੀ ਹੁੰਦੀ ਤਾਂ ਉਸ ਆਪ ਆਗੂ ਅਤੇ ਕਾਂਗਰਸੀ ਆਗੂ ਨੂੰ ਤਾਂ ਹੁਣ ਤਕ ਜਥੇਦਾਰ ਸਾਹਿਬ ਨੇ ਪੰਥ ਵਿੱਚੋਂ ਛੇਕ ਕੇ ਹੁਕਮਨਾਮਾ ਜਾਰੀ ਕਰ ਦੇਣਾ ਸੀ ਅਤੇ ਇਹਨਾਂ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਉਪਰ ਤਲਬ ਕਰ ਲੈਣਾ ਸੀ| ਆਮ ਸਿੱਖਾਂ ਦਾ ਇਹ ਵੀ ਕਹਿਣਾ ਹੈ ਕਿ ਜਥੇਦਾਰ ਸਾਹਿਬ ਵਲੋਂ ਮਲੂਕਾ ਖਿਲਾਫ ਕਾਰਵਾਈ ਸਿਰਫ ਇਸ ਕਰਕੇ ਨਹੀਂ ਕੀਤੀ ਗਈ ਕਿ ਉਹ ਅਕਾਲੀ ਦਲ ਬਾਦਲ ਦੇ ਆਗੂ ਹਨ| ਸਿੱਖ ਹਲਕਿਆਂ ਵਿੱਚ ਇਹ ਵੀ ਚਰਚਾ ਹੋ ਰਹੀ ਹੈ ਕਿ ਇਸ ਦਾ ਸਭ ਨੂੰ ਪਤਾ ਹੀ ਹੈ ਕਿ  ਜਥੇਦਾਰ ਸਾਹਿਬ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੇਲੇ ਇਹਨਾ ਦੇ ਨਾਮ ਅਕਾਲੀ ਦਲ ਦੇ ਸੁਪਰੀਮੋ ਵਲੋਂ ਭੇਜੇ ਗਏ ਲਿਫਾਫੇ ਵਿਚੋਂ ਨਿਕਲਦੇ ਹਨ|  ਇਸ ਤਰਾਂ ਅਕਾਲੀ ਦਲ ਬਾਦਲ ਦਾ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਇਸ ਸੰਸਥਾ ਉਪਰ ਪੂਰਾ ਗਲਬਾ ਹੈ ਜਿਸ ਕਰਕੇ ਹੁਣ ਦੁਨੀਆਂ ਭਰ ਦੇ ਸਿੱਖਾਂ ਵਿੱਚ ਇਹ ਗਲ ਘਰ ਕਰ ਗਈ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਰੁੱਧ ਤਾਂ ਨਿਕੀ ਜਿਹੀ ਗਲ ਪਿਛੇ ਵੀ ਹੁਕਮਨਾਮੇ ਜਾਰੀ ਹੋ ਜਾਂਦੇ ਹਨ ਪਰ ਬਾਦਲ ਦਲ ਦੇ ਆਗੂਆਂ ਨੂੰ ਤਾਂ          ਜਥੇਦਾਰ ਸਾਹਿਬ ਵਲੋਂ ਸੱਤ ਖੂਨ ਮਾਫ ਹਨ|
ਲੋਕਾਂ ਵਿੱਚ ਇਹ ਵੀ ਚਰਚਾ ਹੋ ਰਹੀ ਹੈ ਕਿ ਪੰਜਾਬ ਵਿੱਚ ਲੰਮੇਂ ਸਮੇਂ ਬਾਅਦ ਆਈ ਸ਼ਾਂਤੀ ਨੂੰ ਗੰਭੀਰ ਖਤਰਾ ਬਣਿਆ ਹੋਇਆ ਹੈ| ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਵੀ ਗੁਰੂ ਗਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਇਹਨਾਂ ਦੇ ਦੋਸ਼ੀ ਅਜੇ ਤਕ ਵੀ ਨਹੀਂ ਫੜੇ ਗਏ| ਇਹਨਾਂ ਘਟਨਾਂਵਾਂ ਸਬੰਧੀ ਰਾਜਸੀ ਪਾਰਟੀਆਂ ਕੋਈ ਠੋਸ ਪ੍ਰੋਗਰਾਮ ਦੇਣ ਦੀ ਥਾਂ ਇਕ ਦੂਜੇ ਉਪਰ ਹੀ ਦੋਸ਼ ਲਗਾਉਣ ਤਕ ਸੀਮਿਤ ਹੋ ਕੇ ਰਹਿ ਗਈਆਂ ਹਨ| ਇਹਨਾਂ ਘਟਨਾਵਾਂ ਕਾਰਨ ਪੈਦਾ ਹੋਇਆ ਸਿੱਖਾਂ ਵਿਚ ਰੋਸ ਅਜੇ ਵੀ ਜਾਰੀ ਹੈ, ਹੁਣ ਕੈਬਨਿਟ ਮੰਤਰੀ ਮਲੂਕਾ ਦੀ ਹਾਜਰੀ ਵਿੱਚ ਸਿੱਖ ਅਰਦਾਸ ਦੀ ਨਕਲ ਅਤੇ ਬੇਅਦਬੀ ਕੀਤੇ ਜਾਣ ਦੀ ਘਟਨਾ ਨਾਲ ਆਮ ਸਿੱਖਾਂ ਦੇ ਹਿਰਦੇ ਵਲੁੰਧਰੇ ਗਏ ਹਨ| ਇਸ ਸਮੇਂ ਸਭ ਦੀਆਂ ਨਜਰਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ  ਤੇ ਲੱਗੀਆਂ ਹੋਈਆਂ ਹਨ ਕਿ ਉਹ ਇਸ ਸਬੰਧੀ ਕੀ ਫੈਸਲਾ ਕਰਦੇ ਹਨ|

Leave a Reply

Your email address will not be published. Required fields are marked *