ਆਰਗੈਨਿਕ ਖੇਤੀ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰੇ ਨਵੀਂ ਸਰਕਾਰ

ਸਾਡੇ ਸੂਬੇ ਨੂੰ ਖੇਤੀ ਪ੍ਰਧਾਨ ਸੂਬੇ ਦਾ ਦਰਜਾ ਹਾਸਿਲ ਹੈ ਅਤੇ ਇੱਥੋਂ ਦੇ ਵੱਡੀ ਗਿਣਤੀ ਵਸਨੀਕ ਖੇਤੀ ਕਿਸਾਨੀ ਜਾਂ ਉਸ ਨਾਲ ਜੁੜੇ ਕੰਮ ਧੰਦੇ ਕਰਕੇ ਹੀ ਆਪਣੀ ਰੋਜੀ ਰੋਟੀ ਕਮਾਉਂਦੇ ਹਨ| ਪਿਛਲੀਆਂ ਸਰਕਾਰਾਂ ਵਲੋਂ ਪੰਜਾਬ ਵਿੱਚ ਚਲਦੇ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਨੂੰ ਹੀ ਉਤਸਾਹਿਤ ਕੀਤਾ ਜਾਂਦਾ ਰਿਹਾ ਹੈ ਅਤੇ ਸੂਬੇ ਵਿੱਚ ਇਹ ਦੋਵੇਂ ਹੀ ਮੁੱਖ ਫਸਲਾਂ ਬੀਜੀਆਂ ਜਾਂਦੀਆਂ ਹਨ| ਹਾਲਾਂਕਿ ਇਸਦੇ ਨਾਲ ਨਾਲ ਕਈ ਥਾਵਾਂ ਉਪਰ ਹੋਰ ਫਸਲਾਂ ਤੇ ਨਾਲ ਹੀ ਸਬਜੀਆਂ ਦੀ ਕਾਸਤ ਵੀ ਕੀਤੀ ਜਾਂਦੀ ਹੈ ਪਰੰਤੂ ਪੰਜਾਬ ਦਾ ਖੇਤੀ ਹੇਠਲਾ ਜਿਆਦਾ ਰਕਬਾ ਇਹਨਾਂ ਦੋਵਾਂ ਫਸਲਾਂ (ਕਣਕ ਅਤੇ ਝੋਨੇ) ਤਹਿਤ ਹੀ ਵਰਤਿਆ ਜਾਂਦਾ ਹੈ|
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਪ੍ਰਤੀ ਸਾਲ ਅਨਾਜ ਦੀ ਕੁਲ ਪੈਦਾਵਾਰ 294.52 ਲੱਖ ਟਨ ਹੈ| ਪੰਜਾਬ ਦੇ ਕੁਲ ਰਕਬੇ ਵਿਚੋਂ 83 ਰਕਬਾ ਬਿਜਾਈ ਹੇਠ ਹੈ ਅਤੇ ਬਿਜਾਈ ਹੇਠਲੇ ਰਕਬੇ ਵਿਚ ਪ੍ਰਤੀ ਹੈਕਟੇਅਰ ਖਾਦ ਦੀ ਖਪਤ 250 ਕਿਲੋਗ੍ਰਾਮ ਪ੍ਰਤੀ  ਹੈਕਟੇਅਰ ਹੈ| ਕੇਂਦਰੀ ਪੂਲ ਵਿਚ ਪੰਜਾਬ ਵੱਲੋਂ ਕਣਕ ਦਾ 50-60 ਫੀਸਦੀ ਅਤੇ ਚਾਵਲ ਦਾ 30 ਤੋਂ 35 ਫੀਸਦੀ ਯੋਗਦਾਨ ਪਾਇਆ ਜਾਂਦਾ ਹੈ| ਸਾਲ 2013-14 ਦੌਰਾਨ ਪੰਜਾਬ ਨੇ294.52 ਲੱਖ ਟਨ ਅਨਾਜੀ ਫਸਲਾਂ ਪੈਦਾ ਕਰਕੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਗਏ ਸਨ|
ਕਣਕ, ਝੋਨੇ ਅਤੇ ਸਬਜੀਆਂ ਦੀ ਕਾਸਤ ਲਈ ਸਾਡੇ ਕਿਸਾਨ ਰਸਾਇਨਿਕ  ਖਾਦਾਂ ਅਤੇ ਜਹਿਰੀਲੇ ਕੀਟ ਨਾਸ਼ਕਾਂ ਦੀ ਵਰਤੋਂ ਕਰਦੇ ਹਨ ਜਿਸ ਕਰਕੇ ਸਾਡੀਆਂ ਫਸਲਾਂ ਵੀ ਜਹਿਰੀਲੀਆਂ ਹੋ ਗਈਆਂ ਹਨ| ਇਹਨਾਂ ਅੰਕੜਿਆਂ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਰਸਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਕਿੰਨੇ ਵੱਡੇ ਪੱਧਰ ਤੇ ਵਰਤੋਂ ਹੁੰਦੀ ਹੈ| ਭਾਵੇਂ ਕੁੱਝ ਕੁ ਕਿਸਾਨਾਂ ਵਲੋਂ ਰਸਾਇਣਿਕ ਖਾਦਾਂ ਦੇ ਮਾੜੇ ਪ੍ਰਭਾਵਾਂ ਨੂੰ ਮੁੱਖ ਰੱਖਦਿਆਂ ਹੁਣ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ ਗਈ ਹੈ ਪਰੰਤੂ ਇਸ ਨਾਲ ਫਸਲ ਤਿਆਰ ਕਰਨ ਤੇ ਆਉਣ ਵਾਲੀ ਲਾਗਤ ਵੱਧ ਹੋਣ ਕਾਰਨ ਆਰਗੈਨਿਕ ਖੇਤੀ ਨਾਲ ਤਿਆਰ ਹੋਣ ਵਾਲੀ ਫਸਲ ਉਹ ਆਪਣੇ ਘਰ ਵਿੱਚ ਤਾਂ ਵਰਤ ਸਕਦੇ ਹਨ ਪਰੰਤੂ ਉਸ ਨੂੰ ਬਾਜਾਰ ਵਿੱਚ  ਵੇਚ ਕੇ ਘਾਟੇ ਦਾ ਸੌਦਾ ਨਹੀਂ ਕਰ ਸਕਦੇ|
ਸੂਬੇ ਦੇ ਕਿਸਾਨ ਆਪਣੀ ਖੇਤੀ ਉਪਜ ਵਧਾਉਣ ਲਈ ਖੇਤਾਂ ਵਿਚ ਦੇਸੀ ਖਾਦ ਦੀ ਥਾਂ ਰਸਾਨਿਕ ਖਾਂਦਾ ਦੀ ਤਾਂ ਵਰਤੋਂ ਕਰਦੇ ਹੀ ਹਨ, ਫਸਲਾਂ ਉਪਰ ਕੀੜੇਮਾਰ ਦਵਾਈਆਂ ਦੀ ਬਹੁਤ ਜਿਆਦਾ ਵਰਤੋਂ ਕੀਤੀ ਜਾਂਦੀ ਹੈ| ਇਹਨਾਂ ਕੀੜੇਮਾਰ ਦਵਾਈਆਂ ਦਾ ਅਸਰ ਫਸਲਾਂ ਤੇ ਸਬਜੀਆਂ ਉਪਰ ਵੀ ਹੁੰਦਾ ਹੈ ਅਤੇ ਜਦੋਂ ਅਸੀਂ ਇਹ ਕਣਕ ਅਤੇ ਸਬਜੀਆਂ ਖਾਂਦੇ ਹਾਂ ਤਾਂ ਇਹਨਾਂ ਕੀੜੇਮਾਰ ਦਵਾਈਆਂ ਦਾ ਅਸਰ ਸਾਡੇ ਸਰੀਰ ਉਪਰ ਵੀ ਪੈਂਦਾ ਹੈ| ਸਿਹਤ ਮਾਹਿਰਾਂ ਵੱਲੋਂ ਪੰਜਾਬ ਦੇ ਮਾਲਵਾ ਖੇਤਰ ਵਿਚ ਵੱਡੀ ਪੱਧਰ ਤੇ ਫੈਲੀ ਕੈਂਸਰ ਦੀ ਬਿਮਾਰੀ ਦਾ ਮੁੱਖ ਕਾਰਨ ਜਹਿਰੀਲੀ ਖੇਤੀ ਨੂੰ ਵੀ ਦਸਿਆ ਗਿਆ ਹੈ| ਕੈਂਸਰ ਦੀ ਇਸ ਬਿਮਾਰੀ ਨੇ ਮਾਲਵਾ ਹੀ ਨਹੀਂ ਬਲਕਿ ਮਾਝੇ ਅਤੇ ਦੋਆਬੇ ਨੂੰ ਵੀ ਆਪਣੀ ਲਪੇਟ ਵਿਚ ਲਿਆ ਹੋਇਆ ਹੈ|
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਕੁਦਰਤੀ (ਆਰਗੈਨਿਕ) ਖੇਤੀ ਲਈ ਉਤਸਾਹਿਤ ਕੀਤਾ ਜਾਵੇ ਅਤੇ ਇਸ ਤਰੀਕੇ ਨਾਲ ਖੇਤੀ ਕਰਨ ਤੇ ਕਿਸਾਨਾਂ ਦੀ ਵਧਣ ਵਾਲੀ ਲਾਗਤ ਅਨੁਸਾਰ ਉਹਨਾਂ ਨੂੰ ਫਸਲ ਦਾ ਬਣਦਾ ਮੁੱਲ ਦੇਣ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ| ਕੁਦਰਤੀ ਖੇਤੀ ਲਈ ਕਿਸਾਨ ਆਪਣੇ ਖੇਤਾਂ ਵਿਚ ਦੇਸੀ ਖਾਦ ਦੀ ਵਰਤੋ ਕਰਦੇ ਹਨ ਅਤੇ ਕੁਦਰਤੀ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਤੇ ਫਸਲ ਦੇ ਝਾੜ ਵਿੱਚ ਵੀ ਕਮੀ ਆਉਂਦੀ ਹੈ ਜਿਸ ਕਾਰਨ ਕੁਦਰਤੀ ਢੰਗ ਨਾਲ ਉਗਾਈਆਂ ਜਾ ਰਹੀਆਂ ਫਸਲਾਂ ਅਤੇ ਸਬਜੀਆਂ ਦੀ ਲਾਗਤ ਵੱਧ ਜਾਂਦੀ ਹੈ|
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨਾ ਵਲੋਂ ਆਪਣੇ ਪੱਧਰ ਤੇ ਕੁਦਰਤੀ ਖੇਤੀ ਸ਼ੁਰੂ ਕਰਨ ਦੇ ਰੁਝਾਨ ਦਾ ਸੁਆਗਤ ਕੀਤਾ ਜਾਣਾ ਬਣਦਾ ਹੈ ਅਤੇ ਜੇਕਰ ਸਰਕਾਰ ਵਲੋਂ ਕਿਸਾਨਾਂ ਨੂੰ ਲੋੜੀਂਦੀ ਹੱਲਾਸ਼ੇਰੀ ਦਿੱਤੀ ਜਾਵੇ ਤਾਂ ਹੋਰ ਕਿਸਾਨ ਵੀ ਇਸ ਪਾਸੇ ਆ ਸਕਦੇ ਹਨ| ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੁਦਰਤੀ ਢੰਗ ਨਾਲ ਉਗਾਈਆਂ ਜਾਣ ਵਾਲੀਆਂ ਇਹ ਸਬਜੀਆਂ, ਫਲ ਅਤੇ ਅਨਾਜ ਮਨੁੱਖੀ ਸਿਹਤ ਲਈ ਬਹੁਤ ਲਾਭਦਾਇਕ ਹਨ| ਚਾਹੀਦਾ ਤਾਂ ਇਹ ਹੈ ਕਿ ਸਰਕਾਰ ਵਲੋਂ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਹਨਾਂ ਦੇ ਖਰਚੇ ਪੂਰੇ ਕਰਨ ਲਈ ਵਿਸ਼ੇਸ ਸਬਸਿਡੀ ਅਤੇ ਹੋਰ ਸਹੂਲਤਾਂ ਮੁਹਈਆ ਕਰਵਾਈਆਂ ਜਾਣ ਤਾਂ ਜੋ ਵੱਧ ਤੋਂ ਵੱਧ ਕਿਸਾਨ ਆਰਗੈਨਿਕ ਖੇਤੀ ਦੇ ਰਾਹ ਪੈਣ ਅਤੇ ਸੂਬੇ ਦੀ ਜਨਤਾ ਨੂੰ ਕੁਦਰਤੀ ਢੰਗ ਨਾਲ ਉਗਾਈਆਂ ਫਸਲਾਂ, ਸਬਜੀਆਂ ਅਤੇ ਫਲ ਹਾਸਿਲ ਹੋਣ|

Leave a Reply

Your email address will not be published. Required fields are marked *