ਆਰਮੀ ਵਲੋਂ ਸਾਬਕਾ ਸੂਬੇਦਾਰ ਦੀ ਤਲਾਕਸ਼ੁਦਾ ਲੜਕੀ ਨੂੰ ਪੈਨਸ਼ਨ ਦੇਣ ਦੇ ਹੁਕਮ ਜਾਰੀ

ਐਸ ਏ ਐਸ ਨਗਰ, 17 ਜੂਨ (ਸ.ਬ.) ਭਾਰਤੀ ਫੌਜ ਨੇ ਆਪਣੇ ਸਾਬਕਾ ਸੂਬੇਦਾਰ ਦੀ ਤਲਾਕਸ਼ੁਦਾ ਲੜਕੀ ਨੂੰ ਪਰਿਵਾਰਿਕ ਪੈਨਸ਼ਨ ਦੇਣ ਦੇ ਹੁਕਮ ਜਾਰੀ ਕਰ ਦਿਤੇ ਹਨ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸ ਸਰਵਿਸ ਮੈਨ ਗ੍ਰੀਵਂੈਸਿਸ ਸੈਲ ਦੇ ਪ੍ਰਧਾਨ ਲੈਫ. ਕਰਨਲ ਐਸ ਐਸ ਸੋਹੀ ਨੇ ਕਿਹਾ ਕਿ ਸਾਬਕਾ ਸੂਬੇਦਾਰ ਰਘਬੀਰ ਸਿੰਘ ਫੌਜ ਵਿਚੋਂ ਖੁਦ ਪੈਨਸ਼ਨ ਲੈ ਚੁਕੇ ਹਨ| ਉਹਨਾਂ ਦੀ ਉਮਰ 90 ਸਾਲ ਹੋ ਚੁੱਕੀ ਹੈ ਅਤੇ ਕੋਈ ਸੱਟ ਵੱਜਣ ਕਾਰਨ ਉਹਨਾਂ ਦੇ ਦੋਵੇਂ ਚੂਲੇ ਖਰਾਬ ਹੋ ਗਏ ਹਨ ਅਤੇ ਉਹ ਇਸ   ਸਮੇਂ ਮੰਜੇ ਉਪਰ ਪਏ ਸਨ|
ਉਹਨਾਂ ਦੀ ਦੇਖਭਾਲ ਉਹਨਾਂ ਦੀ ਤਲਾਕਸ਼ੁਦਾ ਬੇਟੀ ਭੁਪਿੰਦਰ ਕੌਰ ਕਰ ਰਹੀ ਹੈ| ਭੁਪਿੰਦਰ ਕੌਰ ਦਾ ਤਲਾਕ ਹੋ ਚੁਕਿਆ ਹੈ ਅਤੇ ਉਸਦਾ ਕੋਈ ਆਮਦਨੀ ਦਾ ਸਾਧਨ ਨਹੀਂ ਹੈ| ਭੁਪਿੰਦਰ ਕੌਰ ਦੀ ਇਕ ਨੌਜਵਾਨ ਬੇਟੀ ਵੀ ਹੈ| ਸੂਬੇਦਾਰ ਰਘਬੀਰ ਸਿੰਘ ਆਪਣੀ ਬੇਟੀ ਨਾਲ ਕਿਰਾਏ ਦੇ ਇਕ ਮਕਾਨ ਵਿੱਚ ਰਹਿ ਰਹੇ ਹਨ| ਉਹਨਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ|   ਸੂਬੇਦਾਰ ਰਘਬੀਰ ਸਿੰਘ ਦੀ ਉਮਰ ਅਤੇ ਹਾਲਤ ਵੇਖਦਿਆਂ ਇਹ ਪ੍ਰਤੀਤ ਹੁੰਦਾ ਹੈ ਕਿ ਕਿਸੇ ਵੀ ਸਮੇਂ ਉਹਨਾਂ ਦੀ ਮੌਤ ਹੋ ਸਕਦੀ ਹੈ| ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਬੇਟੀ ਭੁਪਿੰਦਰ ਕੌਰ ਨੇ ਬੇਸਹਾਰਾ ਹੋ ਜਾਣਾ ਸੀ| ਇਸ ਲਈ ਐਕਸ ਸਰਵਿਸ ਮੈਨ  ਗ੍ਰੀਵੈਸਿਸ ਸੈਲ ਨੇ ਸੂਬੇਦਾਰ ਰਘਬੀਰ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰਿਕ ਪੈਨਸ਼ਨ ਉਹਨਾਂ ਦੀ ਬੇਸਹਾਰਾ ਬੇਟੀ ਭੁਪਿੰਦਰ ਕੌਰ ਨੂੰ ਲਗਵਾਉਣ ਲਈ ਆਰਮੀ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ| ਹੁਣ ਆਰਮੀ ਮੈਡੀਕਲ ਕੋਰਪਸ ਲਖਨਊ ਨੇ ਸੂਬੇਦਾਰ ਰਘਬੀਰ  ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਰਿਵਾਰਿਕ ਪੈਨਸ਼ਨ ਉਹਨਾਂ ਦੀ ਬੇਟੀ ਭੁਪਿੰਦਰ ਕੌਰ ਨੂੰ ਦੇਣ ਦੇ ਹੁਕਮ ਜਾਰੀ ਕਰ ਦਿਤੇ ਹਨ|
ਉਹਨਾਂ ਦਸਿਆ ਕਿ ਭੁਪਿੰਦਰ ਕੌਰ ਦੇ ਪੰਜ ਭੈਣ ਭਰਾ ਹੋਰ ਵੀ ਹਨ ਪਰ ਉਹ ਸਾਰੇ ਸ਼ਾਦੀਸ਼ੁਦਾ ਅਤੇ ਸੈਟ ਹਨ| ਜਿਸ ਕਰਕੇ ਸੂਬੇਦਾਰ ਰਘਬੀਰ ਸਿੰਘ ਦੀ ਪਰਿਵਾਰਿਕ ਪੈਨਸ਼ਨ ਸਿਰਫ ਭੁਪਿੰਦਰ ਕੌਰ ਨੂੰ ਹੀ ਮਿਲੇਗੀ|

Leave a Reply

Your email address will not be published. Required fields are marked *