ਆਰੀਅਨਜ਼ ਕਾਲਜ ਆਫ ਫਾਰਮੇਸੀ ਵਿਖੇ ਵੈਕਸੀਨ ਦੀ ਭੂਮਿਕਾ ਅਤੇ ਸੁਰੱਖਿਆ ਬਾਰੇ ਵੈਬੀਨਾਰ ਆਯੋਜਿਤ
ਐਸ.ਏ.ਐਸ. ਨਗਰ, 21 ਜਨਵਰੀ (ਸ.ਬ.) ਆਰੀਅਨਜ਼ ਕਾਲਜ ਆਫ ਫਾਰਮੇਸੀ ਰਾਜਪੁਰਾ (ਚੰਡੀਗੜ) ਵਲੋਂ ਬਿਮਾਰੀਆਂ ਦੇ ਫੈਲਣ ਨੂੰ ਨਿਯੰਤਰਿਤ ਕਰਨ ਵਿੱਚ ਵੈਕਸੀਨ ਦੀ ਭੂਮਿਕਾ, ਸੁਰੱਖਿਆ ਅਤੇ ਪ੍ਰਭਾਵਕਾਰੀ ਵਿਸ਼ੇ ਉੱਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਡਾ. ਜੋਤੀ ਸ਼ਰਮਾ ਪ੍ਰੋਫੈਸਰ, ਡਾ. ਐਚ. ਐਸ. ਜੇ. ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਅਤੇ ਹਸਪਤਾਲ ਪੰਜਾਬ ਯੂਨੀਵਰਸਿਟੀ ਚੰਡੀਗੜ ਨੇ ਆਰੀਅਨਜ਼ ਦੇ ਇੰਜੀਨੀਅਰਿੰਗ, ਲਾਅ, ਮੈਨੇਜਮੈਂਟ, ਨਰਸਿੰਗ, ਫਾਰਮੇਸੀ, ਬੀ. ਐਡ. ਅਤੇ ਐਗਰੀਕਲਚਰ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਵੈਬੀਨਾਰ ਦੀ ਪ੍ਰਧਾਨਗੀ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕੀਤੀ।
ਡਾ. ਜੋਤੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀਆਂ ਦੋ ਸਦੀਆਂ ਤੋਂ ਟੀਕੇ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਹਨ। ਉਨ੍ਹਾਂ ਨੇ ਕਿਹਾ ਕਿ ਇਮਊਨਿਟੀ ਦੀ ਮਿਆਦ ਵੱਖ-ਵੱਖ ਬਿਮਾਰੀਆਂ ਅਤੇ ਵੱਖ-ਵੱਖ ਟੀਕਿਆਂ ਨਾਲ ਵੱਖਰੀ ਹੁੰਦੀ ਹੈ। ਉਨ੍ਹਾਂ ਕੋਵਿਡ-19 ਟੀਕੇ ਬਾਰੇ ਵਿਦਿਆਰਥੀਆਂ ਨੂੰ ਦੱਸਿਆ।
ਉਨ੍ਹਾਂ ਦੱਸਿਆ ਕਿ ਟੀਕਾ ਪ੍ਰਭਾਵਸ਼ੀਲਤਾ ਦਾ ਮਤਲਬ ਟੀਕਾ ਨਾ ਲਗਵਾਏ ਲੋਕਾਂ ਦੇ ਸਮੂਹਾਂ ਦੇ ਮੁਕਾਬਲੇ ਟੀਕਾ ਲਗਵਾਏ ਸਮੂਹ ਵਿੱਚ ਬਿਮਾਰੀ ਦੀ ਕਮੀ ਹੈ ਜਦਕਿ ਪ੍ਰਭਾਵਸ਼ੀਲਤਾ ਨੂੰ ਲੋਕਾਂ ਵਿੱਚ ਟੀਕੇ ਦੀ ਵਰਤੋਂ ਲਈ ਮਨਜ਼ੂਰੀ ਮਿਲਣ ਤੋ ਬਾਅਦ ਮਾਪਿਆ ਜਾਂਦਾ ਹੈ। ਉਨ੍ਹਾਂ ਨੇ ਟੀਕਾਕਰਨ ਦੇ ਪ੍ਰੋਗਰਾਮ ਅਤੇ ਕਾਰਜ ਪ੍ਰਣਾਲੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਉਹਨਾਂ ਇਸ ਮੌਕੇ ਹਰਡ ਇਮਊਨਿਟੀ ਪ੍ਰਣਾਲੀ ਬਾਰੇ ਦੱਸਿਆ ਜਿਸ ਦੁਆਰਾ ਵੱਡੇ ਭਾਈਚਾਰੇ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਟੀਕਾ 100 ਫੀਸਦੀ ਅਸਰਦਾਰ ਨਹੀਂ ਹੁੰਦਾ, ਥੋੜੇ ਜਿਹੇ ਫੀਸਦੀ ਲੋਕ ਟੀਕਾਕਰਨ ਤੋਂ ਬਾਅਦ ਸੁਰੱਖਿਅਤ ਨਹੀਂ ਹੁੰਦੇ ਅਤੇ ਦੂਜਿਆਂ ਲਈ ਸੁਰੱਖਿਆ ਸਮੇਂ ਦੇ ਨਾਲ ਘੱਟ ਜਾਂਦੀ ਹੈ।