ਆਰੂਸ਼ੀ-ਹੇਮਰਾਜ ਕਤਲ ਕੇਸ: ਇਲਾਹਾਬਾਦ ਹਾਈ ਕੋਰਟ ਨੇ ਤਲਵਾੜ ਜੋੜੇ ਨੂੰ ਕੀਤਾ ਬਰੀ

ਨਵੀਂ ਦਿੱਲੀ, 12 ਅਕਤੂਬਰ (ਸ.ਬ.) ਨੋਇਡਾ ਦੇ ਬਹੁਚਰਚਿਤ ਆਰੂਸ਼ੀ ਅਤੇ ਹੇਮਰਾਜ ਕਤਲਕਾਂਡ ਮਾਮਲੇ ਵਿੱਚ ਇਲਾਹਾਬਾਦ ਹਾਈ ਕੋਰਟ ਰਾਜੇਸ਼ ਤਲਵਾੜ ਅਤੇ ਨੁਪੁਰ ਤਲਵਾੜ ਦੀ ਅਪੀਲ ਤੇ ਅੱਜ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ| ਤਲਵਾੜ ਜੋੜੇ ਨੇ ਸੀ.ਬੀ.ਆਈ. ਅਦਾਲਤ ਦੇ ਫੈਸਲੇ ਦੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ| ਆਰੂਸ਼ੀ ਕਤਲਕਾਂਡ ਵਿੱਚ 26 ਨਵੰਬਰ 2013 ਨੂੰ ਗਾਜ਼ੀਆਬਾਦ ਸਥਿਤ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਰਾਜੇਸ਼ ਅਤੇ ਨੁਪੁਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ| ਆਰੂਸ਼ੀ ਤਲਵਾੜ ਜੋੜੇ ਦੀ ਬੇਟੀ ਸੀ| ਫਿਲਹਾਲ ਦੋਵੇਂ ਗਾਜ਼ੀਆਬਾਦ ਦੀ ਡਾਸਨਾ ਜੇਲ ਵਿੱਚ ਸਜ਼ਾ ਕੱਟ ਰਹੇ ਹਨ| ਜਸਟਿਸ ਬੀ.ਕੇ. ਨਾਰਾਇਣ ਅਤੇ ਜਸਟਿਸ ਏ.ਕੇ. ਮਿਸ਼ਰਾ ਦੀ ਬੈਂਚ ਨੇ ਤਲਵਾੜ ਜੋੜੇ ਦੀ ਅਪੀਲ ਤੇ 7 ਸਤੰਬਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਫੈਸਲਾ ਸੁਣਾਉਣ ਦੀ ਤਾਰੀਕ 12 ਅਕਤੂਬਰ ਤੈਅ ਕੀਤੀ ਸੀ| ਜ਼ਿਕਰਯੋਗ ਹੈ ਕਿ ਮਈ 2008 ਵਿੱਚ ਨੋਇਡਾ ਦੇ ਜਲਵਾਯੂ ਵਿਹਾਰ ਇਲਾਕੇ ਵਿੱਚ 14 ਸਾਲ ਦੀ ਆਰੂਸ਼ੀ ਦੀ ਲਾਸ਼ ਉਸ ਦੇ ਘਰੋਂ ਬਰਾਮਦ ਹੋਈ ਸੀ| ਪਹਿਲਾਂ ਕਤਲ ਦੇ ਸ਼ੱਕ ਦੇ ਘੇਰੇ ਵਿੱਚ ਘਰ ਦਾ ਨੌਕਰ ਹੇਮਰਾਜ ਸੀ ਪਰ ਜਦੋਂ ਪੁਲੀਸ ਨੇ ਜਾਂਚ ਕੀਤੀ ਤਾਂ 2 ਦਿਨਾਂ ਬਾਅਦ ਤਲਵਾੜ ਜੋੜੇ ਦੇ ਘਰ ਦੀ ਛੱਤ ਤੇ ਉਸ ਦੀ ਲਾਸ਼ ਬਰਾਮਦ ਹੋਈ| 29 ਮਈ 2008 ਨੂੰ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ| ਸੀ.ਬੀ.ਆਈ. ਦੀ ਜਾਂਚ ਦੌਰਾਨ ਤਲਵਾੜ ਜੋੜੇ ਤੇ ਕਤਲ ਦਾ ਕੇਸ ਦਰਜ ਹੋਇਆ ਸੀ|

Leave a Reply

Your email address will not be published. Required fields are marked *