ਆਰੋਨ ਫਿੰਚ ਦੇ ਧਮਾਕੇਦਾਰ ਸੈਂਕੜੇ ਨਾਲ ਆਸਟ੍ਰੇਲੀਆ ਦੀ ਪਾਕਿਸਤਾਨ ਤੇ ਸ਼ਾਨਦਾਰ ਜਿੱਤ

ਆਸਟ੍ਰੇਲੀਆ, 23 ਮਾਰਚ (ਸ.ਬ.) ਆਸਟ੍ਰੇਲੀਆ ਨੇ ਸ਼ਾਰਜਾਹ ਵਿੱਚ ਖੇਡੇ ਗਏ ਪਹਿਲੇ ਵਨ ਡੇ ਮੁਕਾਬਲੇ ਵਿੱਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ| ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ ਹੈਰਿਸ ਸੋਹੇਲ ਦੇ ਨਾਬਾਦ 101 ਦੌੜਾਂ ਦੀ ਬਦੌਲਤ ਨਿਰਧਾਰਤ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 280 ਦੌੜਾਂ ਬਣਾਈਆਂ| ਆਸਟ੍ਰੇਲੀਆ ਨੇ ਇਸ ਟੀਚੇ ਨੂੰ ”ਮੈਨ ਆਫ ਦ ਮੈਚ” ਆਰੋਨ ਫਿੰਚ ਦੀ 116 ਦੌੜਾਂ ਦੀ ਪਾਰੀ ਦੀ ਬਦੌਲਤ 49 ਓਵਰ ਵਿੱਚ 2 ਵਿਕਟ ਗੁਆ ਕੇ ਹਾਸਿਲ ਕਰ ਲਿਆ| ਇਸ ਜਿੱਤ ਦੇ ਨਾਲ ਹੀ ਕੰਗਾਰੂ ਟੀਮ ਨੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ| ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਸ਼ੋਏਬ ਮਲਿਕ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ| ਪਾਕਿਸਤਾਨ ਦੇ ਵਲੋਂ ਸ਼ਾਨ ਮਸੂਦ ਤੇ ਮੁਹੰਮਦ ਅੱਬਾਸ ਨੇ ਆਪਣਾ ਵਨ-ਡੇ ਡੈਬਿਊ ਕੀਤਾ| ਪਾਕਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ 35 ਦੌੜਾਂ ਦੇ ਸਕੋਰ ਤੇ ਹੀ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ (17 ਦੌੜਾਂ) ਦੇ ਰੂਪ ਵਿੱਚ ਟੀਮ ਨੂੰ ਪਹਿਲਾ ਝੱਟਕਾ ਲੱਗ ਗਿਆ| ਇਸ ਤੋਂ ਬਾਅਦ 78 ਦੇ ਸਕੋਰ ਤੇ ਸ਼ਾਨ ਮਸੂਦ (40 ਦੌੜਾਂ) ਤੇ ਆਊਟ ਹੋ ਗਏ| ਤੀਜੀ ਵਿਕਟ ਲਈ ਹੈਰਿਸ ਸੋਹੇਲ (101 ਦੌੜਾਂ , 114 ਗੇਂਦਾਂ, 6 ਚੌਕੇ, 1 ਛੱਕੇ) ਤੇ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਉਮਰ ਅਕਮਲ (48 ਦੌੜਾਂ, 50 ਗੇਂਦ, 3 ਛੱਕੇ) ਨੇ 98 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ| ਮੱਧਕ੍ਰਮ ਵਿੱਚ ਕਪਤਾਨ ਸ਼ੋਏਬ ਮਲਿਕ 11 ਦੌੜਾਂ ਹੀ ਬਣਾ ਸਕੇ| ਹਾਲਾਂਕਿ ਹੇਠਲੇ ਕ੍ਰਮ ਵਿੱਚ ਫਹੀਮ ਅਸ਼ਰਫ (28 ਦੌੜਾਂ, 26 ਗੇਂਦਾਂ, 4 ਚੌਕੇ) ਤੇ ਇਮਾਦ ਵਸੀਮ (28 ਦੌੜਾਂ,13 ਗੇਂਦਾਂ, 4 ਚੌਕੇ, 1 ਛੱਕਾ) ਨੇ ਲਾਭਦਾਈਕ ਪਾਰੀਆਂ ਖੇਡ ਆਪਣੀ ਟੀਮ ਨੂੰ ਵੱਡੇਸਕੋਰ ਤੱਕ ਪਹੁੰਚਾ ਦਿੱਤਾ| ਆਸਟ੍ਰੇਲਿਆ ਵੱਲੋਂ ਨਾਥਨ ਕੁਲਟਰ ਨਾਇਲ ਨੇ ਸਭ ਤੋਂ ਜ਼ਿਆਦਾ 2 ਵਿਕਟ ਲਈਆ| ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਨੂੰ ਉਸਮਾਨ ਖਵਾਜਾ ਤੇ ਕਪਤਾਨ ਆਰੋਨ ਫਿੰਚ ਦੀ ਜੋੜੀ ਨੇ 64 ਦੌੜਾਂ ਦੀ ਇਕ ਚੰਗੀ ਸ਼ੁਰੂਆਤ ਦਿੱਤੀ| ਖਵਾਜਾ 24 ਦੌੜਾਂ ਬਣਾ ਕੇ ਆਊਟ ਹੋਏ| ਇਸ ਤੋਂ ਬਾਅਦ ਦੂਜੇ ਵਿਕਟ ਲਈ ਆਰੋਨ ਫਿੰਚ (116 ਦੌੜਾਂ, 135 ਗੇਂਦਾਂ, 8 ਚੌਕੇ, 4 ਛੱਕੇ) ਤੇ ਸ਼ਾਨ ਮਾਰਸ਼ (91 ਦੌੜਾਂ, 102 ਗੇਂਦ, 4 ਚੌਕੇ, 2 ਛੱਕੇ) ਨੇ 172 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕਰ ਆਪਣੀ ਟੀਮ ਦੀ ਜਿੱਤ ਸੁਨਿਸ਼ਚਿਤ ਕਰ ਦਿੱਤੀ| ਪੀਟਰ ਹੈਂਡਸਕੋਂਬ 30 ਦੌੜਾਂ ਬਣਾ ਕੇ ਨਾਬਾਦ ਰਹੇ|

Leave a Reply

Your email address will not be published. Required fields are marked *