ਆਰ ਟੀ ਆਈ ਰਾਹੀਂ ਨਗਰ ਨਿਗਮ ਦੇ ਮੁਅਤਲ ਮੁਲਾਜਮ ਕੇਸਰ ਸਿੰਘ ਨੇ ਮੰਗੀ ਹੁਣ ਤੱਕ ਫੜੇ ਗਏ ਅਵਾਰਾ ਡੰਗਰਾਂ ਦੀ ਜਾਣਕਾਰੀ

ਐਸ ਏ ਐਸ ਨਗਰ, 15 ਮਈ (ਸ.ਬ.) ਨਗਰ ਨਿਗਮ ਮੁਹਾਲੀ ਦੇ ਜੂਨੀਅਰ ਸਹਾਇਕ (ਮੁਅੱਤਲ) ਕੇਸਰ ਸਿੰਘ ਨੇ ਆਰ ਟੀ ਆਈ ਰਾਹੀਂ ਨਗਰ ਨਿਗਮ ਤੋਂ 10 ਜਨਵਰੀ 2016 ਤੋਂ ਹੁਣ ਤਕ ਪ੍ਰਤੀ ਦਿਨ ਫੜੇ ਗਏ ਆਵਾਰਾ ਡੰਗਰਾਂ ਦੀ ਗਿਣਤੀ ਦਾ ਵੇਰਵਾ ਪ੍ਰਤੀ ਦਿਨ ਦੇ ਹਿਸਾਬ ਨਾਲ ਦੇਣ ਦੀ ਜਾਣਕਾਰੀ ਮੰਗੀ ਹੈ|
ਇਸ ਆਰ ਟੀ ਆਈ ਵਿੱਚ ਨਿਗਮ ਦੇ ਮੁਅਤਲ ਮੁਲਾਜਮ ਕੇਸਰ ਸਿੰਘ ਨੇ ਮੰਗ ਕੀਤੀ ਹੈ ਕਿ ਉਸਨੂੰ 10 ਜਨਵਰੀ 2016 ਤੋਂ ਹੁਣ ਤਕ ਪ੍ਰਤੀ ਦਿਨ ਫੜੇ ਗਏ ਆਵਾਰਾ ਡੰਗਰਾਂ ਦੀ ਗਿਣਤੀ ਦਾ ਵੇਰਵਾ ਪ੍ਰਤੀ ਦਿਨ ਦੇ ਹਿਸਾਬ ਨਾਲ ਤੁਰੰਤ ਦਿੱਤਾ ਜਾਵੇ| ਇਸਦੇ ਨਾਲ ਹੀ ਕੇਸਰ ਸਿੰਘ ਨੇ ਮੰਗ ਕੀਤੀ ਹੈ ਕਿ ਡੰਗਰ ਮਾਲਕਾਂ ਤੋਂ 10 ਜਨਵਰੀ 2016 ਤੋਂ ਹੁਣ ਤੱਕ ਵਸੂਲ ਕੀਤੀ ਜੁਰਮਾਨੇ ਦੀ ਰਕਮ ਅਤੇ ਜਾਰੀ ਕੀਤੀਆਂ ਪੀ 3 ਦੀਆਂ ਰਸੀਦਾਂ ਦੀਆਂ ਫੋਟੋ ਕਾਪੀਆਂ ਦਿੱਤੀਆਂ ਜਾਣ| ਇਸ ਤੋਂ ਇਲਾਵਾ ਕੇਸਰ ਸਿੰਘ ਨੇ ਇਸ ਆਰ ਟੀ ਆਈ ਵਿੱਚ ਡੰਗਰ ਮਾਲਕਾਂ ਤੋਂ ਪਿਛਲੇ ਸਮੇਂ ਤੋਂ ਡੰਗਰ ਛੱਡਣ ਸਬੰਧੀ ਲਏ ਗਏ ਕੁਲ ਹਲਫੀਆ ਬਿਆਨਾਂ ਦੀਆਂ ਕਾਪੀਆਂ, ਗਊਸ਼ਾਲਾ ਵਿੱਚ ਕੁਲ ਬੰਦ ਡੰਗਰਾਂ ਦੀ ਗਿਣਤੀ, ਇਸ ਨਾਲ ਸਬੰਧਿਤ ਡੰਗਰ ਫੜਨ ਸਬੰਧੀ ਰਿਕਾਰਡ ਦਾ 10 ਜਨਵਰੀ 2017 ਤੋਂ ਹੁਣ ਤੱਕ ਦਾ ਇੰਦਰਾਜ, ਕੈਟਰ ਕੈਚਰ ਗੱਡੀ ਨੰਬਰ ਪੀ ਬੀ 65 ਈ 9892 ਵਿੱਚ ਪਿਛਲੇ 6 ਮਹੀਨੇ ਤੋਂ ਕਿੰਨੇ ਕਰਮਚਾਰੀ ਕੰਮ ਕਰ ਰਹੇ ਹਨ, ਉਹਨਾਂ ਨੂੰ ਹਰ ਮਹੀਨੇ ਦਿੱਤੀ ਜਾਣ ਵਾਲੀ ਤਨਖਾਹ ਦਾ ਵੇਰਵਾ,ਉਹਨਾਂ ਦੇ ਨਾਂਅ ਅਤੇ ਅਹੁਦੇ, ਕੈਟਲ ਕੈਚਰ ਗੱਡੀ ਦੀ ਲਾਗਬੁੱਕ 1 ਜਨਵਰੀ 2017 ਤੋਂ ਲੈ ਕੇ ਹੁਣ ਤਕ ਦੀਆਂ ਫੋਟੋ ਕਾਪੀਆਂ ਮੰਗੀਆਂ ਗਈਆਂ ਹਨ|
ਇਸ ਆਰ ਟੀ ਆਈ ਵਿੱਚ ਸ੍ਰ.ਕੇਸਰ ਸਿੰਘ ਨੇ ਇਹ ਵੀ ਜਾਣਕਾਰੀ ਮੰਗੀ ਹੈ ਕਿ 5 ਅਪ੍ਰੈਲ 2018 ਨੂੰ ਸੁਖਵੀਰ ਸਿੰਘ ਬਬਲਾ ਵਾਸੀ ਪਿੰਡ ਕੁੰਭੜਾ ਇਸਦੀ ਮਾਂ ਅਤੇ ਚਾਚੇ ਵਲੋਂ ਫੜੀਆਂ ਹੋਈਆਂ ਮੱਝਾਂ ਅਤੇ ਗਾਵਾਂ ਸਰਕਾਰੀ ਕੈਚਲ ਕੈਚਰ ਗੱਡੀ ਵਿਚੋਂ ਉਤਾਰ ਲਈਆਂ ਗਈਆਂ, ਕਿਸੇ ਵੀ ਕਰਮਚਾਰੀ ਵਲੋਂ ਕੋਈ ਵੀ ਵਿਰੋਧ ਨਹੀਂ ਕੀਤਾ ਗਿਆ, ਇਸ ਘਟਨਾ ਸਬੰਧੀ ਕਰਮਚਾਰੀਆਂ ਵਲੋਂ ਦਫਤਰ ਵਿੱਚ ਜਾਂ ਥਾਣੇ ਵਿੱਚ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਉਸਨੂੰ ਉਸ ਦੀਆਂ ਕਾਪੀਆਂ ਦਿੱਤੀਆਂ ਜਾਣ|
ਇਸ ਆਰ ਟੀ ਆਈ ਵਿੱਚ ਸ੍ਰ. ਕੇਸਰ ਸਿੰਘ ਨੇ 6 ਅਪ੍ਰੈਲ 2018, 26 ਅਪ੍ਰੈਲ 2018, 19 ਮਾਰਚ 2018, 5 ਦਸੰਬਰ 2017 ਅਤੇ 10 ਮਈ 2018 ਨੂੰ ਉਸ ਵਲੋਂ ਦਿੱਤੀਆਂ ਸਾਰੀਆਂ ਦਰਖਾਸਤਾਂ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਲਿਖਤੀ ਰੂਪ ਵਿੱਚ ਦਿੱਤੀਆਂ ਗਈਆਂ ਸਨ, ਇਹਨਾਂ ਉਪਰ ਕੀਤੀ ਗਈ ਕਾਰਵਾਈ, ਫਾਈਲ ਨੋਟਿੰਗ ਆਦਿ ਦੀਆਂ ਫੋਟੋ ਕਾਪੀਆਂ ਦੀ ਵੀ ਮੰਗ ਕੀਤੀ ਹੈ|

ਨਗਰ ਨਿਗਮ ਦੇ ਜੂਨੀਅਰ ਸਹਾਇਕ (ਮੁਅਤਲ) ਕੇਸਰ ਸਿੰਘ ਨੇ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਸਰਕਾਰੀ ਨੌਕਰੀ ਦੌਰਾਨ ਡੰਗਰ ਮਾਲਕਾਂ ਵਲੋਂ ਕੈਟਲ ਕੈਚਰ ਟੀਮ ਤੇ ਹਮਲਾ ਕਰਨ ਵਾਲਿਆਂ ਵਿਰੁੱਧ ਡ੍ਰਾਈਵਰਾਂ ਅਤੇ ਲੇਬਰ ਵਲੋਂ ਗਵਾਹੀ ਦੇਣ ਤੋਂ ਇਨਕਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਇਸ ਪੱਤਰ ਵਿੱਚ ਕੇਸਰ ਸਿੰਘ ਨੇ ਲਿਖਿਆ ਹੈ ਕਿ ਉਸ ਵਲੋਂ ਆਪਣੀ ਡਿਊਟੀ ਦੌਰਾਨ ਵੱਖ ਵੱਖ ਸਮੇਂ ਆਵਾਰਾ ਡੰਗਰ ਫੜਨ ਵੇਲੇ ਡੰਗਰਾਂ ਦੇ ਮਾਲਕਾਂ ਵਲੋਂ ਉਸ ਉਪਰ ਕੀਤੇ ਗਏ ਹਮਲਿਆਂ ਸਬੰਧੀ ਪੁਲੀਸ ਨੂੰ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਅਤੇ ਆਪਣੇ ਖਰਚੇ ਉਪਰ ਅਦਾਲਤ ਵਿੱਚ ਪਟੀਸ਼ਨਾਂ ਵੀ ਦਾਇਰ ਕੀਤੀਆਂ ਹੋਈਆਂ ਹਨ| ਇਹਨਾਂ ਮਾਮਲਿਆਂ ਵਿੱਚ ਨਿਗਮ ਦੇ ਡ੍ਰਾਈਵਰਾਂ ਅਤੇ ਲੇਬਰ ਸਟਾਫ ਦੀਆਂ ਗਵਾਹੀਆਂ ਹੋਣੀਆਂ ਹਨ| ਇਹਨਾ ਸਾਰੇ ਮੁਲਾਜਮਾਂ ਨੂੰ ਉਹ ਕਈ ਵਾਰ ਗਵਾਹੀਆਂ ਦੇਣ ਲਈ ਕਹਿ ਚੁੱਕੇ ਹਨ ਪਰ ਇਹ ਸਾਰੇ ਉਸਦੀ ਗੱਲ ਨਹੀਂ ਸੁਣ ਰਹੇ ਅਤੇ ਉਸਦਾ ਫੋਨ ਸੁਣਨ ਦੀ ਥਾਂ ਕੱਟ ਦਿੰਦੇ ਹਨ| ਇਸ ਪੱਤਰ ਵਿੱਚ ਕੇਸਰ ਸਿੰਘ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਹ ਸਾਰੇ ਮੁਲਾਜਮ ਇਸ ਲਈ ਗਵਾਹੀ ਦੇਣ ਤੋਂ ਇਨਕਾਰੀ ਹਨ ਕਿ ਉਂਕਿ ਇਹ ਡੰਗਰ ਮਾਫੀਆ ਨਾਲ ਮਿਲੇ ਹੋਏ ਹਨ| ਉਹਨਾਂ ਕਿਹਾ ਕਿ ਕੈਟਲ ਕੈਚਰ ਉਪਰ ਅੱਜ ਕਲ ਕੰਮ ਕਰਦੇ ਇਕ ਮੁਲਾਜਮ ਨੂੰ ਜਦੋਂ ਉਸਨੇ ਗਵਾਹੀ ਦੇਣ ਲਈ ਫੋਨ ਕੀਤਾ ਤਾਂ ਉਸ ਮੁਲਾਜਮ ਨੇ ਬਹੁਤ ਮੰਦੀ ਸਬਦਾਵਲੀ ਵਰਤੀ| ਇਸ ਪੱਤਰ ਵਿੱਚ ਉਹਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹਨਾਂ ਮੁਲਾਜਮਾਂ ਨੇ ਗਵਾਹੀਆਂ ਨਾ ਦਿੱਤੀਆਂ ਤਾਂ ਉਹ ਵਿਜੀਲੈਂਸ ਨਾਲ ਸੰਪਰਕ ਕਰਨਗੇ|

Leave a Reply

Your email address will not be published. Required fields are marked *