ਆਰ. ਟੀ. ਓ. ਦਫਤਰ ਦੀ ਬੱਤੀ ਗੁਲ ਹੋਣ ਕਾਰਣ ਘੰਟਿਆ ਬੱਧੀ ਖੱਜਲਖੁਆਰ ਹੁੰਦੇ ਰਹੇ ਲੋਕ, ਡੇਢ ਘੰਟੇ ਬਾਅਦ ਚੱਲਿਆ ਜਨਰੇਟਰ

ਐਸ. ਏ. ਐਸ. ਨਗਰ, 11 ਜੁਲਾਈ (ਸ.ਬ.) ਸਥਾਨਕ ਸੈਕਟਰ 82 ਵਿੱਚ ਸਥਿਤ ਆਰ.ਟੀ.ਓ. ਦਫਤਰ ਵਿੱਚ ਅੱਜ ਸਵੇਰੇ ਲਾਈਟ ਜਾਣ ਤੋਂ ਬਾਅਦ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਪਹੁੰਚੇ ਲੋਕਾਂ ਨੂੰ ਬੁਰੀ ਤਰ੍ਹਾਂ ਖੱਜਲਖੁਆਰ ਹੋਣਾ ਪਿਆ| ਇਸ ਦੌਰਾਨ ਆਰ. ਟੀ. ਓ ਦਫਤਰ ਦਾ ਕੰਮ ਲਗਭਗ ਡੇਢ ਘੰਟੇ ਤਕ ਬੰਦ ਰਿਹਾ ਅਤੇ ਬਿਜਲੀ ਨਾ ਹੋਣ ਕਾਰਨ ਦਫਤਰ ਦੇ ਕਰਮਚਾਰੀ ਵੀ ਆਪਣੇ ਕਮਰਿਆਂ ਤੋਂ ਬਾਹਰ ਨਿਕਲ ਕੇ ਖੁਲ੍ਹੀ ਹਵਾ ਵਿੱਚ ਖੜੇ ਨਜਰ ਆਏ|
ਸਥਾਨਕ ਫੇਜ਼-5 ਦੇ ਵਸਨੀਕ ਅਕਾਲੀ ਆਗੂ ਸ. ਤੇਜਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉਹ ਅੱਜ ਆਪਣੇ ਬੇਟੇ ਦੇ ਕੰਮ ਲਈ ਸੈਕਟਰ 82 ਵਿਚਲੇ ਆਰ. ਟੀ. ਓ. ਦਫਤਰ ਗਏ ਸਨ ਅਤੇ ਲਾਈਨ ਵਿੱਚ ਲੱਗ ਕੇ ਵਾਰੀ ਦੀ ਉਡੀਕ ਕਰ ਰਹੇ ਸਨ ਜਦੋਂ ਪੌਣੇ 10 ਵਜੇ ਦੇ ਕਰੀਬ ਅਚਾਨਕ ਬਿਜਲੀ ਚਲੀ ਜਾਣ ਕਾਰਨ ਸਾਰਾ ਕੰਮ ਰੁਕ ਗਿਆ| ਉਹਨਾਂ ਦੱਸਿਆ ਕਿ ਇਸ ਦੌਰਾਨ ਆਰ. ਟੀ. ਓ. ਦਫਤਰ ਦੇ ਕਰਮਚਾਰੀ ਵੀ ਗਰਮੀ ਵੱਧ ਹੋਣ ਕਾਰਨ ਆਪਣੇ ਕਮਰਿਆਂ ਤੋਂ ਬਾਹਰ ਨਿਕਲ ਆਈ ਉਹਨਾਂ ਦੱਸਿਆ ਕਿ ਆਰ. ਟੀ. ਓ. ਦਫਤਰ ਵਿੱਚ ਜਨਰੇਟਰ ਤਾਂ ਮੌਜੂਦ ਸੀ ਪਰੰਤੂ ਉਸ ਵਿੱਚ ਤੇਲ ਘੱਟ ਹੋਣ ਕਾਰਨ ਜਦੋਂ ਉਸਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਹਵਾ ਲੈ ਗਿਆ|
ਸ੍ਰ. ਸ਼ੇਰਗਿੱਲ ਨੇ ਦੱਸਿਆ ਕਿ ਬਾਅਦ ਵਿੱਚ ਵਿਭਾਗ ਦੇ ਇੱਕ ਅਧਿਕਾਰੀ ਦੇ ਉੱਥੇ ਪਹੁੰਚਣ ਤੇ ਜਨਰੇਟਰ ਵਾਸਤੇ ਤੇਲ ਦਾ ਪ੍ਰਬੰਧ ਕੀਤਾ ਗਿਆ ਅਤੇ ਸਵਾ ਗਿਆਰਾਂ ਵਜੇ ਦੇ ਆਸ ਪਾਸ ਜਨਰੇਟਰ ਚਾਲੂ ਹੋਣ ਤੇ ਦਫਤਰ ਦਾ ਕੰਮਕਾਜ ਚਾਲੂ ਹੋਇਆ ਅਤੇ ਇਸ ਦੌਰਾਨ ਡੇਢ ਸੌ ਦੇ ਕਰੀਬ ਵਿਅਕਤੀ ਦਫਤਰੀ ਕੰਮ ਸ਼ੁਰੂ ਹੋਣ ਦੇ ਇੰਤਜਾਰ ਵਿੱਚ ਹੀ ਖੜ੍ਹੇ ਰਹੇ|
ਇਸ ਸਬੰਧੀ ਸੰਪਰਕ ਕਰਨ ਤੇ ਆਰ. ਟੀ. ਓ. ਮੁਹਾਲੀ ਸ੍ਰੀ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਸੈਕਟਰ 82 ਦੇ ਦਫਤਰ ਵਿੱਚ ਲੋੜੀਂਦੀਆਂ ਸੁਵਿਧਾਵਾਂ ਦੀ ਪੂਰਤੀ ਲਈ ਹੈਡ ਆਫਿਸ ਨੂੰ ਲਿਖ ਕੇ ਭੇਜਿਆ ਹੋਇਆ ਹੈ| ਉਹਨਾਂ ਕਿਹਾ ਕਿ ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਅਤੇ ਲੋਕਾਂ ਦੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕਰਨ ਲਈ ਵਿਭਾਗ ਨੂੰ ਲਿਖਿਆ ਗਿਆ ਹੈ| ਉਹਨਾਂ ਕਿਹਾ ਕਿ ਕਈ ਵਾਰ ਅਚਾਨਕ ਅਜਿਹੀ ਸਮੱਸਿਆ ਆਉਂਦੀ ਹੈ ਅਤੇ ਉਹ ਇਸ ਗੱਲ ਨੂੰ ਯਕੀਨੀ ਕਰਣਗੇ ਕਿ ਅੱਗੇ ਤੋਂ ਅਜਿਹੀ ਸਮੱਸਿਆ ਪੇਸ਼ ਨਾ ਆਵੇ|

Leave a Reply

Your email address will not be published. Required fields are marked *