ਆਰ ਬੀ ਆਈ ਵੱਲੋਂ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਨਤੀਜਿਆਂ ਦਾ ਐਲਾਨ


ਨਵੀਂ ਦਿੱਲੀ, 4 ਦਸੰਬਰ (ਸ.ਬ.) ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ| ਦੇਸ਼ ਦੇ ਕੇਂਦਰੀ ਬੈਂਕ ਆਰ ਬੀ ਆਈ ਨੇ ਰੈਪੋ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ ਤੇ ਉਸ ਨੂੰ 4 ਫ਼ੀਸਦੀ ਉੱਤੇ ਰੱਖਿਆ ਹੈ| ਇਸ ਤੋਂ ਇਲਾਵਾ ਰਿਵਰਸ ਰੈਪੋ ਰੇਟ ਵੀ ਜਿਉਂ ਦਾ ਤਿਉਂ 3.35 ਫ਼ੀਸਦੀ ਰੱਖੀ ਗਈ ਹੈ| ਇਹ ਲਗਾਤਾਰ ਤੀਜੀ ਵਾਰ ਹੈ, ਜਦੋਂ ਆਰਬੀਆਈ ਨੇ ਰੈਪੋ  ਰੇਟ ਤੇ ਰਿਵਰਸ ਰੈਪੋ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ| ਇਸ ਤੋਂ ਇਲਾਵਾ ਇਸ ਵਰ੍ਹੇ ਕੁੱਲ ਘਰੇਲੂ ਉਤਪਾਦਨ ਵਿੱਚ ਵਾਧਾ ਮਨਫ਼ੀ (-) 7.5 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ|
ਮੀਟਿੰਗ ਤੋਂ ਬਾਅਦ ਆਰ ਬੀ ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਦਿਹਾਤੀ ਤੇ ਸ਼ਹਿਰੀ ਮੰਗ ਵਿੱਚ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ| ਦਿਹਾਤੀ ਮੰਗ ਵਿੱਚ ਸੁਧਾਰ ਨਾਲ ਹੋਰ ਮਜ਼ਬੂਤੀ ਮਿਲਣ ਦੀ ਆਸ ਹੈ, ਜਦ ਕਿ ਸ਼ਹਿਰੀ ਮੰਗ ਵੀ ਰਫ਼ਤਾਰ ਫੜ ਰਹੀ ਹੈ|
ਉਨ੍ਹਾਂ ਕਿਹਾ ਕਿ ਮੁਦਰਾ ਨੀਤੀ ਦੀ ਐਡਜਸਟਮੈਂਟ ਦਾ ਰੁਖ਼ ਤਦ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ, ਜਦੋਂ ਤੱਕ ਘੱਟੋ-ਘੱਟ ਚਾਲੂ ਵਿੱਤੀ ਵਰ੍ਹੇ ਤੱਕ ਅਤੇ ਅਗਲੇ ਸਾਲ ਤੱਕ ਟਿਕਾਊ ਆਧਾਰ ਉੱਤੇ ਵਿਕਾਸ ਨੂੰ ਮੁੜ-ਸੁਰਜੀਤ ਨਾ ਕਰ ਲਿਆ ਜਾਵੇ ਅਤੇ ਮੁਦਰਾ ਸਫ਼ੀਤੀ ਦਾ ਟੀਚਾ ਨਿਸ਼ਚਤ ਕਰਦਿਆਂ ਕੋਵਿਡ-19 ਦਾ ਪ੍ਰਭਾਵ ਘੱਟ ਨਾ ਕਰ ਲਿਆ ਜਾਵੇ|
ਇਸ ਤੋਂ ਇਲਾਵਾ ਐਮਐਸਐਫ ਰੇਟ ਤੇ ਬੈਂਕ ਰੇਟ ਵਿੱਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ| ਇਸ ਨੂੰ ਵੀ 4.25Üਫੀਸਦੀ ਤੇ ਕਾਇਮ ਰੱਖਿਆ ਗਿਆ ਹੈ| ਗਵਰਨਰ ਨੇ ਕਿਹਾ ਕਿ ਖ਼ਰੀਫ਼ ਦੀ ਬੰਪਰ ਫ਼ਸਲ ਕਾਰਣ ਸਰਦੀਆਂ ਦੇ ਮਹੀਨਿਆਂ ਵਿੱਚ ਮੁਦਰਾ ਸਫ਼ੀਤੀ ਵਿੱਚ ਕੁਝ ਰਾਹਤ ਨਾਲ ਇਸ ਦੇ ਉੱਚਾ ਰਹਿਣ ਦੀ ਸੰਭਾਵਨਾ ਹੈ|

Leave a Reply

Your email address will not be published. Required fields are marked *