ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹਲ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

ਸਾਡੇ ਸ਼ਹਿਰ ਦੀ ਉਸਾਰੀ ਦੇ ਮੁੱਢਲੇ ਪੜਾਅ ਤੋਂ ਹੀ ਸ਼ਹਿਰ ਵਾਸੀਆਂ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਅਤੇ ਸਮੇਂ ਦੇ ਨਾਲ ਨਾਲ ਇਹ ਸਮੱਸਿਆ ਵੱਧਦੀ ਹੀ ਰਹੀ ਹੈ ਪਰੰਤੂ ਪ੍ਰਸ਼ਾਸ਼ਨ ਇਸ ਸਮੱਸਿਆ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ| ਸਾਡੇ ਸ਼ਹਿਰ ਅਤੇ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਅਜਿਹੇ ਆਵਾਰਾ ਕੁੱਤਿਆਂ ਦੇ ਝੁੰਡਾਂ ਦੇ ਝੁੰਡ ਆਮ ਘੁੰਮਦੇ ਦੇਖੇ ਜਾ ਸਕਦੇ ਹਨ ਹਨ, ਜਿਹੜੇ ਨਾ ਸਿਰਫ ਲੋਕਾਂ ਨੂੰ ਵੱਢਦੇ ਹਨ ਬਲਕਿ ਇਹ ਆਮ ਲੋਕਾਂ ਦੀ ਜਾਨ ਦਾ ਖੌਅ ਤਕ ਬਣ ਚੁੱਕੇ ਹਨ| ਇਹ ਆਵਾਰਾ ਕੁੱਤੇ ਉਹਨਾਂ ਖੇਤਰਾਂ ਵਿੱਚ ਹੋਰ ਵੀ ਜਿਆਦਾ ਦਿਖਦੇ ਹਨ ਜਿੱਥੇ ਮੀਟ ਮੱਛੀ ਅਤੇ ਖਾਣ ਪੀਣ ਦਾ ਅਜਿਹਾ ਹੋਰ ਸਾਮਾਨ ਵਿਕਦਾ ਹੈ ਅਤੇ ਅਜਿਹੀਆਂ ਥਾਵਾਂ ਤੇ ਇਹਨਾਂ ਕੁੱਤਿਆਂ ਨੂੰ ਪੇਟ ਭਰਨ ਲਈ ਅਜਿਹੇ ਸਾਮਾਨ ਦੀ ਰਹਿੰਦ ਖੁਹੰਦ ਆਸਾਨੀ ਨਾਲ ਹਾਸਿਲ ਹੋ ਜਾਂਦੀ ਹੈ|
ਇਹਨਾਂ ਆਵਾਰਾ ਕੁੱਤਿਆਂ ਕਾਰਨ ਆਮ ਲੋਕਾਂ ਨੂੰ ਭਾਰੀ  ਪਰੇਸ਼ਾਨੀ ਸਹਿਣੀ ਪੈਂਦੀ ਹੈ| ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਵਿੱਚ ਘੁੰਮਦੇ ਇਹ ਕੁੱਤੇ ਅਕਸਰ ਆਉਂਦੇ ਜਾਂਦੇ ਲੋਕਾਂ ਦੇ ਪਿੱਛੇ ਪੈ ਜਾਂਦੇ ਹਨ ਅਤੇ ਉਹਨਾਂ ਨੂੰ ਵੱਢਦੇ ਹਨ| ਇਹ ਆਵਾਰਾ ਕੁੱਤੇ ਮੁੱਖ ਤੌਰ ਤੇ ਬਜੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਅਤੇ ਇਹਨਾਂ ਵਲੋਂ ਲੋਕਾਂ ਨੂੰ ਵੱਢਣ ਦੀਆਂ  ਖਬਰਾਂ ਸਮੇਂ ਸਮੇਂ ਤੇ ਅਖਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਹਨ| ਸ਼ਹਿਰ ਦੇ ਨਾਲ ਨਾਲ ਆਸ ਪਾਸ ਦੇ ਪਿੰਡਾਂ ਵਿੱਚ ਵੀ ਇਹ ਸਮੱਸਿਆ ਬਹੁਤ ਵੱਧ ਚੁੱਕੀ ਹੈ ਅਤੇ ਪਿੰਡਾਂ ਵਿੱਚ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਕੱਟਣ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਣ ਪਿੰਡਾਂ ਦੇ ਵਸਨੀਕਾਂ ਵਲੋਂ ਵੀ ਸਮੇਂ ਸਮੇਂ ਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ|
ਇਹ ਆਵਾਰਾ ਕੁੱਤੇ ਸੜਕਾਂ ਕਿਨਾਰੇ ਡੇਰਾ ਜਮਾ ਲੈਂਦੇ ਹਨ ਅਤੇ ਅਕਸਰ ਆਉਂਦੇ ਜਾਂਦੇ ਲੋਕਾਂ ਨੂੰ ਭੌਂਕਦੇ ਹੋਏ ਉਹਨਾਂ ਦੇ ਪਿੱਛੇ ਭੱਜ ਪੈਂਦੇ ਹਨ| ਇਹਨਾਂ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਉਹਨਾਂ ਲੋਕਾਂ ਨੂੰ ਸਹਿਣੀ ਪੈਂਦੀ ਹੈ ਜਿਹੜੇ ਰਾਤ ਨੂੰ ਦੋਪਹੀਆ ਵਾਹਨਾਂ ਤੇ ਆਪਣੇ ਘਰਾਂ ਨੂੰ ਪਰਤਦੇ ਹਨ ਅਤੇ ਰਾਹ ਵਿੱਚ  ਇਹ ਆਵਾਰਾ ਕੁੱਤੇ ਅਚਾਨਕ ਹੀ ਉਹਨਾਂ ਦੇ ਮਗਰ ਪੈ ਜਾਂਦੇ ਹਨ| ਕਈ ਵਾਰ ਤਾਂ ਇਹ ਦੋਪਹੀਆ ਵਾਹਨ ਚਾਲਕ ਬੁਰੀ ਤਰ੍ਹਾਂ ਡਰ ਕੇ ਵਾਹਨ ਤੋਂ ਆਪਣਾ ਕਾਬੂ ਗਵਾ ਬੈਠਦੇ ਹਨ ਅਤੇ ਇਸ ਕਾਰਨ ਅਕਸਰ ਸੜਕ ਹਾਦਸੇ ਵੀ ਵਾਪਰਦੇ ਹਨ| ਇਹ ਆਵਾਰਾ ਕੁੱਤੇ ਕਈ ਵਾਰ ਆਪਸ ਵਿੱਚ ਹੀ ਬੁਰੀ ਤਰ੍ਹਾਂ ਲੜ ਪੈਂਦੇ ਹਨ ਅਤੇ ਆਉਂਦੇ ਜਾਂਦੇ ਲੋਕਾਂ ਅਤੇ ਵਾਹਨਾਂ ਵਿੱਚ ਵੱਜਦੇ ਹਨ| ਹੋਰ ਤਾਂ ਹੋਰ ਸ਼ਹਿਰ ਦੇ ਪਾਰਕਾਂ, ਜਿੱਥੇ ਲੋਕ ਸਵੇਰੇ ਸ਼ਾਮ ਸੈਰ ਕਰਦੇ ਹਨ, ਵਿੱਚ ਇਨ੍ਹਾਂ ਆਵਾਰਾ ਕੁੱਤਿਆਂ ਨੇ ਆਪਣੇ ਪੱਕੇ ਟਿਕਾਣੇ ਬਣਾਏ ਹੋਏ ਹਨ ਅਤੇ ਇਹ ਸੈਰ ਕਰਨ ਵਾਲਿਆਂ ਨੂੰ ਹੀ ਵੱਢ-ਖਾਣ ਨੂੰ ਪੈਂਦੇ ਹਨ|
ਕੁੱਝ ਸਾਲ ਪਹਿਲਾਂ ਤਕ (ਜਦੋਂ ਪ੍ਰਸ਼ਾਸ਼ਨ ਵਲੋਂ ਆਵਾਰਾ ਕੁੱਤਿਆਂ ਨੂੰ ਫੜ ਕੇ ਮਾਰ ਦਿੱਤਾ ਜਾਂਦਾ ਸੀ) ਇਹ ਸਮੱਸਿਆ ਫਿਰ ਵੀ ਇੱਕ ਹੱਦ ਤਕ ਕਾਬੂ ਹੇਠ ਰਹਿੰਦੀ ਸੀ ਪਰੰਤੂ ਬਾਅਦ ਵਿੱਚ ਜਾਨਵਰਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਵਲੋਂ ਪਾਈ ਪਟੀਸ਼ਨ ਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਇਹਨਾਂ ਕੁੱਤਿਆਂ ਨੂੰ ਮਾਰਨ ਦੀ ਕਾਰਵਾਈ ਤੇ ਰੋਕ ਲਗਾ ਦਿੱਤੇ ਜਾਣ ਕਾਰਨ ਇਹਨਾਂ ਆਵਾਰਾ ਕੁੱਤਿਆਂ ਦੀ ਸਮੱਸਿਆ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ| ਹਾਲਾਂਕਿ ਇਸ ਦੌਰਾਨ ਪ੍ਰਸ਼ਾਸ਼ਨ ਵਲੋਂ ਕੁੱਤਿਆਂ ਦੀ ਨਸਬੰਦੀ ਕਰਕੇ ਇਹਨਾਂ ਦੀ ਆਬਾਦੀ ਤੇ ਕਾਬੂ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ ਪਰੰਤੂ ਇਹ ਤਰੀਕਾ ਵੀ ਕਾਮਯਾਬ ਨਹੀਂ ਹੋ ਪਾਇਆ ਅਤੇ ਇਹ ਸਮੱਸਿਆ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੀ ਹੈ|
ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਦਾ ਹਲ ਕਰਨਾ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ ਪਰੰਤੂ ਨਿਗਮ ਇਸ ਸਮੱਸਿਆ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ| ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਆਮ ਲੋਕਾਂ ਨੂੰ ਵੱਢਦੇ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਲੋੜੀਂਦੇ ਪ੍ਰਬੰਧ ਕਰੇ| ਜੇਕਰ ਅਦਾਲਤ ਵਲੋਂ ਆਵਾਰਾ ਕੁੱਤਿਆਂ ਨੂੰ ਮਾਰਨ ਤੇ ਰੋਕ ਲਗਾਈ ਵੀ ਗਈ ਹੈ ਤਾਂ ਵੀ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ                ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਨੂੰ ਹਲ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਰਾਹਤ ਮਿਲੇ|

Leave a Reply

Your email address will not be published. Required fields are marked *