ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

ਸਾਡੇ ਸ਼ਹਿਰ ਅਤੇ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ ਅਤੇ ਪਿਛਲੇ ਕੁੱਝ ਸਾਲਾਂ ਦੌਰਾਨ ਇਸ ਪੂਰੇ ਖੇਤਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ| ਅਜਿਹੇ ਆਵਾਰਾ ਕੁੱਤਿਆਂ ਦੇ ਝੁੰਡਾਂ ਦੇ ਝੁੰਡ ਆਮ ਘੁੰਮਦੇ ਦੇਖੇ ਜਾ ਸਕਦੇ ਹਨ ਜਿਹੜੇ ਨਾ ਸਿਰਫ ਲੋਕਾਂ ਨੂੰ ਵੱਢਦੇ ਹਨ ਬਲਕਿ ਇਹ ਲੋਕਾਂ ਦੀ ਜਾਨ ਦਾ ਖੌਅ ਬਣ ਚੁੱਕੇ ਹਨ| ਅਜਿਹੀਆਂ ਥਾਵਾਂ ਜਿੱਥੇ ਮੀਟ ਮੱਛੀ ਅਤੇ ਖਾਣ ਪੀਣ ਦਾ ਹੋਰ ਸਾਮਾਨ ਵਿਕਦਾ ਹੈ, ਦੇ ਆਸਪਾਸ ਤਾਂ ਇਹਨਾਂ ਕੁੱਤਿਆਂ ਦਾ ਹਰ ਵੇਲੇ ਜਮਘਟ ਜਿਹਾ ਹੀ ਲੱਗਿਆ ਰਹਿੰਦਾ ਹੈ ਕਿਉਂਕਿ ਇਹਨਾਂ ਥਾਵਾਂ ਤੋਂ ਕੁੱਤਿਆਂ ਨੂੰ ਪੇਟ ਭਰਨ ਲਈ ਅਜਿਹੇ ਸਾਮਾਨ ਦੀ ਰਹਿੰਦ ਖੁਹੰਦ ਆਸਾਨੀ ਨਾਲ ਹਾਸਿਲ ਹੋ ਜਾਂਦੀ ਹੈ|
ਇਹ ਆਵਾਰਾ ਕੁੱਤੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ (ਗਲੀਆਂ) ਕਿਨਾਰੇ ਡੇਰਾ ਜਮਾ ਕੇ ਬੈਠੇ ਰਹਿੰਦੇ ਹਨ ਅਤੇ ਅਕਸਰ ਆਉਂਦੇ ਜਾਂਦੇ ਲੋਕਾਂ ਨੂੰ ਭੌਂਕਦੇ ਹੋਏ ਉਹਨਾਂ ਦੇ ਪਿੱਛੇ ਭੱਜ ਪੈਂਦੇ ਹਨ| ਇਹਨਾਂ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਉਹਨਾਂ ਲੋਕਾਂ ਨੂੰ ਸਹਿਣੀ ਪੈਂਦੀ ਹੈ ਜਿਹੜੇ ਰਾਤ ਨੂੰ ਦੋਪਹੀਆ ਵਾਹਨਾਂ ਤੇ ਆਪਣੇ ਘਰਾਂ ਨੂੰ ਪਰਤਦੇ ਹਨ ਅਤੇ ਰਾਹ ਵਿੱਚ ਇਹ ਆਵਾਰਾ ਕੁੱਤੇ ਅਚਾਨਕ ਹੀ ਉਹਨਾਂ ਦੇ ਪਿੱਛੇ ਪੈ ਜਾਂਦੇ ਹਨ| ਕੁੱਤਿਆਂ ਦੇ ਇਸ ਅਚਾਨਕ ਹਮਲੇ ਕਾਰਨ ਦੋਪਹੀਆ ਵਾਹਨ ਚਾਲਕ ਕਈ ਵਾਰ ਬੁਰੀ ਤਰ੍ਹਾਂ ਡਰ ਕੇ ਵਾਹਨ ਤੋਂ ਆਪਣਾ ਕਾਬੂ ਗਵਾ ਬੈਠਦੇ ਹਨ ਅਤੇ ਇਸ ਕਾਰਨ ਸੜਕ ਹਾਦਸੇ ਵੀ ਵਾਪਰਦੇ ਹਨ| ਸੜਕਾਂ ਵਿੱਚ ਘੁੰਮਦੇ ਇਹ ਆਵਾਰਾ ਕੁੱਤੇ ਕਈ ਵਾਰ ਆਪਸ ਵਿੱਚ ਹੀ ਬੁਰੀ ਤਰ੍ਹਾਂ ਲੜ ਪੈਂਦੇ ਹਨ ਅਤੇ ਆਉਂਦੇ ਜਾਂਦੇ ਲੋਕਾਂ ਵਿੱਚ ਵੱਜਦੇ ਹਨ| ਹੋਰ ਤਾਂ ਹੋਰ ਸ਼ਹਿਰ ਦੇ ਪਾਰਕਾਂ, ਜਿੱਥੇ ਲੋਕ ਸਵੇਰੇ ਸ਼ਾਮ ਸੈਰ ਕਰਦੇ ਹਨ, ਵਿੱਚ ਇਨ੍ਹਾਂ ਆਵਾਰਾ ਕੁੱਤਿਆਂ ਨੇ ਆਪਣੇ ਪੱਕੇ ਟਿਕਾਣੇ ਬਣਾਏ ਹੋਏ ਹਨ ਅਤੇ ਇਹ ਸੈਰ ਕਰਨ ਵਾਲਿਆਂ ਨੂੰ ਵੀ ਵੱਢਣ ਨੂੰ ਪੈਂਦੇ ਹਨ|
ਇਹਨਾਂ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਅਕਸਰ ਸਾਮ੍ਹਣੇ ਆਉਂਦੀਆਂ ਹਨ| ਇਹ ਕੁੱਤੇ ਮੁੱਖ ਤੌਰ ਤੇ ਬਜੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ| ਇਹ ਸਮੱਸਿਆ ਸ਼ਹਿਰ ਦੇ ਆਸ ਪਾਸ ਦੇ ਪਿੰਡਾਂ ਵਿੱਚ ਵੀ ਬਹੁਤ ਜਿਆਦਾ ਵੱਧ ਚੁੱਕੀ ਹੈ ਅਤੇ ਪਿੰਡਾਂ ਵਿੱਚ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਕੱਟਣ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਣ ਪਿੰਡਾਂ ਦੇ ਵਸਨੀਕਾਂ ਵਲੋਂ ਵੀ ਸਮੇਂ ਸਮੇਂ ਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ|
ਕੁੱਝ ਸਾਲ ਪਹਿਲਾਂ ਤਕ ਪ੍ਰਸ਼ਾਸ਼ਨ ਵਲੋਂ ਆਵਾਰਾ ਕੁੱਤਿਆਂ ਨੂੰ ਫੜ ਕੇ ਮਾਰ ਦਿੱਤਾ ਜਾਂਦਾ ਸੀ ਅਤੇ ਉਸ ਵੇਲੇ ਇਹ ਸਮੱਸਿਆ ਫਿਰ ਵੀ ਕਾਬੂ ਹੇਠ ਰਹਿੰਦੀ ਸੀ ਪਰੰਤੂ ਬਾਅਦ ਵਿੱਚ ਅਦਾਲਤ ਵਲੋਂ ਆਵਾਰਾ ਕੁੱਤਿਆਂ ਨੂੰ ਮਾਰਨ ਦੀ ਕਾਰਵਾਈ ਤੇ ਰੋਕ ਲਗਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਗਈ ਹੈ| ਹਾਲਾਤ ਇਹ ਹਨ ਹੈ ਕਿ ਇਹ ਅਵਾਰਾ ਕੁੱਤੇ ਹੁਣ ਬੰਦਿਆਂ ਨੂੰ ਹੀ ਖਾਣ ਲੱਗ ਪਏ ਹਨ ਅਤੇ ਪਿਛਲੇ ਸਮੇਂ ਦੌਰਾਨ ਇਹਨਾਂ ਆਵਾਰਾ ਕੁੱਤਿਆਂ ਵਲੋਂ ਇਕੱਲੇ ਜਾਂਦੇ ਬਜੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਵੱਢਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ| ਇਸਤੋਂ ਵੱਡੀ ਤ੍ਰਾਸਦੀ ਭਲਾ ਹੋਰ ਕੀ ਹੋ ਸਕਦੀ ਹੈ ਕਿ ਇੱਕ ਪਾਸੇ ਤਾਂ ਇਹ ਆਵਾਰਾ ਕੁੱਤੇ ਸੜਕਾਂ ਤੇ ਆਉਂਦੇ ਜਾਂਦੇ ਇਕੱਲੇ ਬਜੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਵੱਢਦੇ ਹਨ ਪਰੰਤੂ ਪ੍ਰਸ਼ਾਸ਼ਨ ਇਸ ਸੰਬੰਧੀ ਕੋਈ ਕਾਰਵਾਈ ਕਰਨ ਦੀ ਥਾਂ ਚੁਪਚਾਪ ਤਮਾਸ਼ਾ ਵੇਖਦਾ ਰਹਿੰਦਾ ਹੈ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਹੈ ਕਿ ਉਹ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਆਮ ਲੋਕਾਂ ਨੂੰ ਵੱਢਦੇ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਏ| ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਨੂੰ ਕਾਬੂ ਕਰਨ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਬਣਦੀ ਹੈ ਪਰੰਤੂ ਨਿਗਮ ਇਸ ਸਮੱਸਿਆ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ| ਜੇਕਰ ਅਦਾਲਤ ਵਲੋਂ ਆਵਾਰਾ ਕੁੱਤਿਆਂ ਨੂੰ ਮਾਰਨ ਤੇ ਰੋਕ ਲਗਾਈ ਵੀ ਗਈ ਹੈ ਤਾਂ ਵੀ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੀਦਾ ਹੈ| ਇਸ ਸੰਬੰਧੀ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਅਤੇ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਰਾਹਤ ਮਿਲੇ|

Leave a Reply

Your email address will not be published. Required fields are marked *