ਆਵਾਰਾ ਕੁੱਤਿਆ ਤੇ ਕਾਬੂ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਤਾਲਮੇਲ ਨਾਲ ਯੋਜਨਾਬੱਧ ਕਾਰਵਾਈ ਕਰੇ ਸਰਕਾਰ : ਗਰਚਾ

ਆਵਾਰਾ ਕੁੱਤਿਆ ਤੇ ਕਾਬੂ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਤਾਲਮੇਲ ਨਾਲ ਯੋਜਨਾਬੱਧ ਕਾਰਵਾਈ ਕਰੇ ਸਰਕਾਰ : ਗਰਚਾ
ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਕੁੱਤਿਆਂ ਦੀ ਨਸਬੰਦੀ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਮੰਗ ਕੀਤੀ
ਐਸ ਏ ਐਸ ਨਗਰ, 19 ਜੁਲਾਈ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ ਐਸ ਡੀ ਅਤੇ ਸੀਨੀਅਰ ਆਗੂ ਬੀਬੀ ਲਖਵਿੰਦਰ ਕੌਰ ਗਰਚਾ ਨੇ ਪੰਜਾਬ  ਸਰਕਾਰ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹਲ ਲਈ ਵੱਖ ਵੱਖ ਵਿਭਾਗਾਂ ਦੀ ਸਾਂਝੀ ਟੀਮ ਬਣਾ ਕੇ ਇਸ ਸਮੱਸਿਆ ਦੇ ਹਲ ਲਈ ਸੂਬਾ ਪੱਧਰ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਪੰਜਾਬ ਦੀ ਜਨਤਾ ਨੂੰ ਇਹਨਾਂ ਆਵਾਰਾ ਕੁੱਤਿਆਂ ਦੇ ਕਹਿਰ ਤੋਂ ਬਚਾਇਆ ਜਾ ਸਕੇ|


ਮੁੱਖ ਸਕੱਤਰ ਨੂੰ ਲਿਖੇ ਪੱਤਰ ਵਿੱਚ ਸ੍ਰੀਮਤੀ ਗਰਚਾ ਨੇ ਲਿਖਿਆ ਹੈ ਕਿ ਪੰਜਾਬ ਦੀ ਜਨਤਾ ਆਵਾਰਾ ਕੁੱਤਿਆਂ ਦੇ ਕਹਿਰ ਅਤੇ ਦਹਿਸ਼ਤ ਦੇ ਸਾਏ ਹੇਠ ਜੀ ਰਹੀ ਹੈ| ਉਹਨਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਬੇਲਗਾਮ ਘੁੰਮਦੇ ਇਹ ਆਵਾਰਾ ਕੁੱਤੇ ਆਮ ਲੋਕਾਂ (ਖਾਸ ਕਰ ਔਰਤਾਂ, ਬੱਚਿਆਂ ਅਤੇ  ਬਜੁਰਗਾ) ਨੂੰ ਵੱਢ ਰਹੇ ਹਨ| ਜਿਸਦੀਆਂ ਖਬਰਾਂ ਆਏ ਦਿਨ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਹਨ| ਇਹਨਾਂ ਆਵਾਰਾ ਕੁੱਤਿਆਂ ਕਾਰਨ ਅਕਸਰ ਸੜਕ ਹਾਦਸੇ ਵਾਪਰਦੇ ਹਨ ਅਤੇ ਇਹਨਾਂ ਵੱਲੋਂ ਵੱਢ ਜਾਣ ਕਾਰਨ ਕਈ ਲੋਕ ਮੌਤ ਦਾ ਸ਼ਿਕਾਰ ਵੀ ਹੁੰਦੇ ਹਨ|
ਉਹਨਾਂ ਲਿਖਿਆ ਹੈ ਕਿ ਮਾਣਯੋਗ ਅਦਾਲਤ ਵੱਲੋਂ ਕੁੱਤਿਆਂ ਨੂੰ ਮਾਰਨ ਤੇ ਰੋਕ ਲਗੀ ਹੋਣ ਕਾਰਨ ਇਹਨਾਂ ਤੇ ਕਾਬੂ ਕਰਨ ਲਈ ਕੁੱਤਿਆਂ ਦੀ  ਨਸਬੰਦੀ ਕਰਕੇ ਉਹਨਾਂ ਦੀ ਅਗਲੀ ਪੈਦਾਇਸ਼ ਰੋਕਣਾ ਅਤੇ ਆਵਾਰਾ ਕੁੱਤਿਆ ਨੂੰ ਕਾਬੂ ਵਿੱਚ ਰੱਖਣ  ਲਈ ਡਾਗ ਸ਼ੈਲਟਰ ਬਣਾਉਣ ਦਾ ਹੀ ਬਦਲ  ਬਚਦਾ ਹੈ ਅਤੇ ਇਹ ਕੰਮ ਚਾਰ ਵੱਖ ਵੱਖ ਮਹਿਕਮਿਆਂ ਸਥਾਨਕ ਸਰਕਾਰ ਵਿਭਾਗ, ਪੇਂਡੂ ਵਿਕਾਸ ਵਿਭਾਗ, ਸਿਹਤ ਵਿਭਾਗ ਅਤੇ ਪਸ਼ੂਪਾਲਣ ਵਿਭਾਗ ਦੇ ਕਾਰਜ ਖੇਤਰ ਅਧੀਨ ਆਉਂਦਾ ਹੈ| ਉਹਨਾਂ ਪੱਤਰ ਵਿੱਚ ਮੰਗ ਕੀਤੀ ਹੈ ਕਿ ਇਹਨਾਂ ਚਾਰ ਮਹਿਕਮਿਆਂ ਦੇ ਤਾਲਮੇਲ ਨਾਲ ਪੰਜਾਬ ਭਰ ਵਿੱਚ ਕੁੱਤਿਆਂ ਦੀ ਨਸਬੰਦੀ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇ (ਜਿਵੇਂ ਪੋਲੀਓ ਜਾਂ ਟੀ ਬੀ ਏ ਖਾਤਮੇ ਲਈ ਚਲਾਈ ਜਾਂਦੀ ਹੈ) ਅਤੇ ਇਹਨਾਂ ਆਵਾਰਾ ਕੁੱਤਿਆ ਦੀ ਗਿਣਤੀ ਵਿੱਚ ਵਾਧੇ ਤੇ ਰੋਕ ਲਗਾਉਣ ਦੇ ਨਾਲ ਨਾਲ ਇਹਨਾਂ ਆਵਾਰਾ ਕੁੱਤਿਆਂ ਲਈ ਡਾਗ ਸ਼ੈਲਟਰ ਉਸਾਰੇ ਜਾਣ ਜਿੱਥੇ ਇਹਨਾਂ ਆਵਾਰਾ ਕੁੱਤਿਆਂ ਨੂੰ ਰੱਖਿਆ ਜਾਵੇ|
ਉਹਨਾਂ ਲਿਖਿਆ ਹੈ ਕਿ ਇਹ ਸਮੱਸਿਆ ਬਹੁਤ ਜਿਆਦਾ ਵੱਧ ਚੁੱਕੀ ਹੈ ਅਤੇ ਇਸ ਸਬੰਧੀ ਸਰਕਾਰ ਨੂੰ ਜੰਗੀ ਪੱਧਰ ਤੇ ਕਾਰਵਾਈ ਕਰਨੀ ਚਾਹੀਦੀ  ਹੈ ਤਾਂ ਜੋ ਜਨਤਾ ਨੂੰ ਆਵਾਰਾ ਕੁੱਤਿਆਂ ਦੇ ਕਹਿਰ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *