ਆਵਾਰਾ ਗਊਆਂ ਦਾ ਮਸਲਾ : ਪਿੰਡ ਮਂਟੌਰ ਦੇ ਵਸਨੀਕ ਅਤੇ ਪਿੰਡ ਵਾਸੀ ਹੋਏ ਆਹਮੋ ਸਾਮ੍ਹਣ, ਖੂਨੀ ਟਕਰਾਅ ਟਲਿਆ

ਆਵਾਰਾ ਗਊਆਂ ਦਾ ਮਸਲਾ : ਪਿੰਡ ਮਂਟੌਰ ਦੇ ਵਸਨੀਕ ਅਤੇ ਪਿੰਡ ਵਾਸੀ ਹੋਏ ਆਹਮੋ ਸਾਮ੍ਹਣ, ਖੂਨੀ ਟਕਰਾਅ ਟਲਿਆ
ਸਾਬਕਾ ਕੌਂਸਲਰ ਨੇ ਪਸ਼ੂ ਪਾਲਕਾਂ ਤੇ ਸਿਆਸੀ ਸ਼ਹਿ ਤੇ ਗੁੰਡਾਗਰਦੀ ਕਰਨ ਦਾ ਇਲਜਾਮ ਲਗਾਇਆ
ਐਸ. ਏ. ਐਸ ਨਗਰ, 29 ਅਗਸਤ (ਸ.ਬ.)  ਨਗਰ ਨਿਗਮ ਦੇ ਅਧੀਨ ਆਉਂਦੇ ਪਿੰਡ ਮਟੌਰ ਵਿੱਚ ਰਹਿੰਦੇ ਇੱਕ ਪਰਿਵਾਰ ਵਲੋਂ ਪਾਲੀਆਂ ਜਾਂਦੀਆਂ ਗਊਆਂ  ਦੇ ਪਿੰਡ ਵਿੱਚ ਘੁੰਮਣ ਅਤੇ ਪਿੰਡ ਵਿੱਚ ਗੰਦਗੀ ਫੈਲਾਉਣ ਦੇ ਮਾਮਲੇ ਵਿੱਚ ਪਿੰਡ ਵਾਸੀਆਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਵਿਰੋਧ ਕਰਦਿਆਂ ਮੰਗ ਕੀਤੀ ਜਾਂਦੀ ਰਹੀ ਹੈ ਕਿ ਇਹਨਾਂ ਗਊਆਂ ਨੂੰ ਪਿੰਡ ਵਿੱਚੋਂ ਬਾਹਰ ਕਢਵਾਇਆ ਜਾਵੇ ਅਤੇ ਬੀਤੇ ਸ਼ੁੱਕਰਵਾਰ ਨੂੰ ਇਸ ਮੁੱਦੇ ਤੇ ਪਿੰਡ ਵਿੱਚ ਖੂਨੀ ਟਕਰਾT ਹੁੰਦਾ ਹੁੰਦਾ ਬਚਿਆ ਜਦੋਂ ਆਪਣੀ ਚੱਕੀ ਤੋਂ ਗਉਆਂ ਨੂੰ ਭਜਾ ਰਹੇ ਇੱਕ ਵਿਅਕਤੀ ਦੀ ਗਊ ਪਾਲਕ ਪਰਿਵਾਰ ਦੇ ਮੁੰਡਿਆਂ ਨਾਲ ਝਗੜਾ ਹੋ ਗਿਆ| 
ਇਸ ਮੁੱਦੇ ਤੇ ਮਾਮਲਾ ਇੰਨਾ ਭਖ ਗਿਆ ਕਿ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਮੌਕੇ ਤੇ ਧਰਨਾ ਲਗਾ ਦਿੱਤਾ ਅਤੇ ਮੰਗ ਕੀਤੀ ਕਿ ਗੁੰਡਾਗਰਦੀ ਤੇ ਉਤਾਰੂ ਗਊ ਪਾਲਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਸਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਪਾਰਟੀ ਵਲੋਂ ਗਊ ਪਾਲਕ ਪਰਿਵਾਰ ਦੇ ਕੁੱਝ ਨੌਜਵਾਨਾਂ ਨੂੰ ਥਾਣੇ ਲਿਜਾਇਆ ਗਿਆ| 
ਪਿੰਡ ਦੇ ਸਾਬਕਾ ਕੌਂਸਲਰ ਸ੍ਰੀ ਹਰਪਾਲ ਸਿੰਘ ਚੰਨਾ ਨੇ ਦੱਸਿਆ ਕਿ ਪਿੰਡ ਵਿੱਚ ਕੁੱਝ ਪਰਿਵਾਰਾਂ ਵਲੋਂ ਦੁਧਾਰੂ ਜਾਨਵਰ ਪਾਲੇ ਹੋਏ ਹਨ ਜਿਹੜੇ ਆਪਣੀਆਂ ਗਊਆਂ ਨੂੰ ਖੁੱਲਾ ਛੱਡ ਦਿੰਦੇ ਹਨ ਅਤੇ ਇਹ ਗਊਆਂ ਪਿੰਡ ਵਿੱਚ ਗੰਦਗੀ ਫੈਲਾਉਣ ਦੇ ਨਾਲ ਨਾਲ ਲੋਕਾਂ ਦਾ ਨੁਕਸਾਨ ਵੀ ਕਰਦੀਆਂ ਹਨ| ਉਹਨਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਪਿੰਡ ਵਿੱਚ ਆਟੇ ਦੀ ਚੱਕੀ ਚਲਾਉਣ ਵਾਲੇ ਦਰਸ਼ਨ ਸਿੰਘ ਦੀ ਚੱਕੀ ਵਿੱਚ ਗਊਆਂ ਵੜ ਗਈਆਂ ਸਨ ਜਿਹਨਾਂ ਨੂੰ ਦਰਸ਼ਨ ਸਿੰਘ ਵਲੋਂ ਲਾਠੀ ਲੈ ਕੇ ਭਜਾਇਆ ਜਾ ਰਿਹਾ ਸੀ ਅਤੇ ਇਸ ਦੌਰਾਨ ਇਸ ਗਊ ਦੇ ਪਾਲਕ ਪਰਿਵਾਰ ਦੇ ਨੌਜਵਾਨ (ਜਿਹਨਾਂ ਦੇ ਹੱਥਾਂ ਵਿੱਚ ਡਾਂਗਾਂ ਅਤੇ ਸੋਟੇ ਫੜੇ ਹੋਏ ਸੀ) ਉੱਥੇ ਆ ਗਏ ਅਤੇ ਉਹ ਦਰਸ਼ਨ ਸਿੰਘ ਨਾਲ ਲੜਣ ਲੱਗ ਗਏ ਅਤੇ ਇਸ ਦੌਰਾਨ ਦੋਵਾਂ ਧਿਰਾਂ ਵਿੱਚ ਥੋੜ੍ਹੀ ਧੱਕਾ ਮੁੱਕੀ ਵੀ ਹੋਈ ਪਰੰਤੂ ਲੋਕ ਇਕੱਠੇ ਹੋ ਜਾਣ ਕਾਰਨ ਕਿਸੇ ਵੱਡੀ ਘਟਨਾ ਤੋਂ ਬਚਾਅ ਹੋ ਗਿਆ| 
ਉਹਨਾਂ ਦੱਸਿਆ ਕਿ ਇਸ ਮੌਕੇ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਮੌਕੇ ਤੇ ਹੀ ਧਰਨਾ ਲਗਾ ਦਿੱਤਾ ਅਤੇ ਸੜਕ ਜਾਮ ਕਰ ਦਿੱਤੀ ਜਿਸਤੋਂ ਬਾਅਦ ਥਾਣਾ ਮਟੌਰ ਦੀ ਪੁਲੀਸ ਟੀਮ ਮੌਕੇ ਤੇ ਪਹੁੰਚੀ ਅਤੇ ਚੱਕੀ ਮਾਲਕ ਤੇ ਹਮਲਾ ਕਰਨ ਵਾਲੇ ਪਸ਼ੂ ਪਾਲਕ ਪਰਿਵਾਰ ਦੇ ਮੁੰਡਿਆਂ ਨੂੰ ਫੜ ਕੇ ਲੈ ਗਈ| ਉਹਨਾਂ ਕਿਹਾ ਕਿ ਜਦੋਂ ਬਾਅਦ ਵਿੱਚ ਪਿੰਡ ਵਾਲੇ ਥਾਣੇ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ ਹੈ| ਉਹਨਾਂ ਇਲਜਾਮ ਲਗਾਇਆ ਕਿ ਇਹਨਾਂ ਨੌਜਵਾਲਾਂ ਨੂੰ ਸਿਆਸੀ ਸ਼ਹਿ ਤੇ ਛੱਡਿਆ ਗਿਆ ਹੈ ਜਿਸ ਕਾਰਨ ਪਿੰਡ ਵਿੰਚ ਭਾਰੀ ਰੋਸ ਹੈ ਅਤੇ ਜੇਕਰ ਪੁਲੀਸ ਨੇ ਇਸ ਸੰਬੰਧੱੀ ਲੋੜੀਂਦੀ ਕਾਰਵਾਈ ਨਾ ਕੀਤੀ ਤਾਂ ਪਿੰਡ ਵਾਸੀ ਇਸਦੇ ਖਿਲਾਫ ਸੰਘਰਸ਼ ਕਰਨ ਲJ. ਮਜਬੂਰ ਹੋਣਗੇ| 
ਇਸ ਸੰਬੰਧੀ ਫੋਨ ਕਰਨ ਤੇ ਪਸ਼ੂ ਪਾਲਕ ਧਿਰ ਦੇ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਥੋੜ੍ਹੀ ਦੇਰ ਬਾਅਦ ਗੱਲ ਕਰਣਗੇ ਅਤੇ ਬਾਅਦ ਵਿੱਚ ਉਹਨਾਂ ਨਾਲ ਸੰਪਰਕ ਕਾਇਮ ਨਹੀਂ ਹੋਇਆ| 
ਦੂਜੇ ਪਾਸੇ ਸੰਪਰਕ ਕਰਨ ਤੇ ਥਾਣਾ ਮਟੌਰ ਦੇ ਏ ਐਸ ਆਈ ਲਖਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਪਿੰਡ ਮਟੌਰ ਦੇ ਉਕਤ ਨੌਜਵਾਨਾਂ ਨੂੰ ਫੜ ਕੇ ਲਿਆਈ ਸੀ ਅਤੇ ਪਿੰਡ ਵਾਲਿਆਂ ਨੇ ਇਹਨਾਂ ਦੇ ਖਿਲਾਫ ਦਰਖਾਸਤ ਨਹੀਂ ਦਿੱਤੀ ਅਤੇ ਜਦੋਂ ਕਾਫੀ ਦੇਰ ਤਕ ਕੋਈ ਪਿੰਡ ਵਾਲਾ ਨਹੀਂ ਆਇਆ ਤਾਂ ਪੁਲੀਸ ਵਲੋਂ ਇਹਨਾਂ ਨੌਜਵਾਨਾਂ ਨੂੰ ਸੋਮਵਾਰ ਨੂੰ ਪੇਸ਼ ਹੋਣ ਦੀ ਹਿਦਾਇਤ ਦੇ ਕੇ ਘਰ ਭੇਜ ਦਿੱਤਾ ਗਿਆ ਕਿਉਂਕਿ ਪੁਲੀਸ ਕਿਸੇ ਨੂੰ ਬਿਨਾ ਵਜ੍ਹਾ ਬਿਠਾ ਕੇ ਨਹੀਂ ਰੱਖ ਸਕਦੀ| ਸਿਆਸੀ ਦਬਾਅ ਹੇਠ ਨੌਜਵਾਨਾਂ ਨੂੰ ਛੱਡਣ ਦੀ ਗੱਲ ਨੂੰ ਸਿਰੇ ਤੋਂ ਨਕਾਰਦਿਆਂ ਉਹਨਾਂ ਕਿਹਾ ਕਿ ਅਜਿਹਾ ਕੁੱਝ ਨਹੀਂ ਹੈ ਅਤੇ ਪੁਲੀਸ ਵਲੋਂ ਦੋਵਾਂ ਧਿਰਾਂ ਨੂੰ ਸੋਮਵਾਰ ਨੂੰ ਥਾਣੇ ਆਉਣ ਲਈ ਕਿਹਾ ਗਿਆ ਹੈ ਅਤੇ ਦੋਵਾਂ ਧਿਰਾਂ ਦੇ ਬਿਆਨਾਂ ਉਪਰੰਤ ਪੁਲੀਸ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *