ਆਵਾਰਾ ਪਸ਼ੂਆਂ ਦੀ ਲਗਾਤਾਰ ਗੰਭੀਰ ਹੁੰਦੀ ਸਮੱਸਿਆ ਤੇ ਕਾਬੂ ਕਰੇ ਪ੍ਰਸ਼ਾਸ਼ਨ

ਸਾਡੇ ਸ਼ਹਿਰ ਵਿਚਲੀ ਆਵਾਰਾ ਪਸ਼ੂਆਂ ਦੀ ਸਮੱਸਿਆ ਇਸ ਵੇਲੇ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ| ਸ਼ਹਿਰ ਵਿੱਚ ਹੋਰਨਾਂ ਖੇਤਰਾਂ ਤੋਂ ਆਉਣ ਵਾਲੇ ਆਵਾਰਾ ਜਾਨਵਰ (ਜਿਹਨਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ) ਤਾਂ ਹਰ ਪਾਸੇ ਘੁੰਮਦੇ ਹੀ ਹਨ, ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਵਲੋਂ ਸ਼ਹਿਰ ਵਿੱਚ ਚਰਨ ਲਈ ਛੱਡੇ ਜਾਂਦੇ ਪਾਲਤੂ ਪਸ਼ੂ ਵੀ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਦਾ ਕਾਰਨ ਬਣੇ ਹੋਏ ਹਨ| ਸ਼ਹਿਰ ਦੇ ਲਗਭਗ ਹਰ ਖੇਤਰ, ਹਰ ਗਲੀ ਵਿੱਚ ਇਹ ਆਵਾਰਾ ਪਸ਼ੂ ਘੁੰਮਦੇ ਆਮ ਦਿਖ ਜਾਂਦੇ ਹਨ ਜਿਹੜੇ ਥਾਂ ਥਾਂ ਤੇ ਗੰਦਗੀ ਫੈਲਾਉਂਦੇ ਹਨ| ਬਰਸਾਤਾਂ ਦੇ ਇਸ ਮੌਸਮ ਵਿੱਚ ਪਿੰਡਾਂ ਦੇ ਦੁਧਾਰੂ ਪਸ਼ੂ ਵੀ ਵੱਡੀ ਗਿਣਤੀ ਵਿੱਚ ਘੁੰਮਣ ਲਈ ਛੱਡ ਦਿੱਤੇ ਜਾਂਦੇ ਹਨ ਜਿਸ ਕਾਰਨ ਇਹ ਸਮੱਸਿਆ ਹੋਰ ਵੀ ਜਿਆਦਾ ਵੱਧ ਜਾਂਦੀ ਹੈ|
ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਘੁੰਮਦੇ ਇਹ ਜਾਨਵਰ ਆਵਾਜਾਈ ਵਿੱਚ ਤਾਂ ਵਿਘਨ ਪਾਉਂਦੇ ਹੀ ਹਨ, ਇਹਨਾਂ ਕਾਰਨ ਅਕਸਰ ਹਾਦਸੇ ਵੀ ਵਾਪਰਦੇ ਹਨ ਜਿਹਨਾਂ ਵਿੱਚ ਕੀਮਤੀ ਮਨੁੱਖੀ ਜਾਨਾਂ ਅਜਾਈ ਚਲੀਆਂ ਜਾਂਦੀਆਂ ਹਨ| ਸਾਡੇ ਸ਼ਹਿਰ ਦੀ ਹਾਲਤ ਇਹ ਹੈ ਕਿ ਇੱਥੇ ਹਰ ਪਾਸੇ ਇਹ ਆਵਾਰਾ ਜਾਨਵਰ ਘੁੰਮਦੇ ਦਿਖਦੇ ਆਮ ਹਨ ਅਤੇ ਰਾਤ ਵੇਲੇ ਇਹਨਾਂ ਦੀ ਗਿਣਤੀ ਹੋਰ ਵੀ ਜਿਆਦਾ ਵੱਧ ਜਾਂਦੀ ਹੈ| ਇਸਦਾ ਕਾਰਨ ਇਹ ਹੈ ਕਿ ਸ਼ਹਿਰ ਨੇੜਲੇ ਪਿੰਡਾਂ ਦੇ ਵਸਨੀਕ ਆਪਣੇ ਪਾਲਤੂ ਡੰਗਰਾਂ ਨੂੰ ਜਿਆਦਾਤਰ ਦਿਨ ਢਲਣ ਉਪਰੰਤ ਖੁੱਲਾ ਛੱਡਦੇ ਹਨ ਅਤੇ ਸਵੇਰਾ ਹੁੰਦਿਆ ਹੁੰਦਿਆਂ ਇਹ ਪਸ਼ੂ ਵਾਪਸ ਚਲੇ ਜਾਂਦੇ ਹਨ| ਰਾਤ ਵੇਲੇ ਇਹਨਾਂ ਪਾਲਤੂ ਜਾਨਵਰਾਂ ਦੇ ਝੁੰਡ ਸੜਕਾਂ ਤੇ ਆਮ ਘੁੰਮਦੇ ਹਨ ਜਿਹੜੇ ਆਵਾਜਾਈ ਵਿੱਚ ਤਾਂ ਵਿਘਨ ਪਾਉਂਦੇ ਹੀ ਹਨ ਸ਼ਹਿਰ ਵਿੱਚ ਗੰਦਗੀ ਵੀ ਖਿਲਾਰਦੇ ਹਨ| ਸੜਕਾਂ ਤੇ ਘੁੰਮਦੇ ਇਹ ਆਵਾਰਾ ਜਾਨਵਰ ਅਕਸਰ ਆਪਸ ਵਿੱਚ ਲੜ ਪੈਂਦੇ ਹਨ ਅਤੇ ਸੜਕਾਂ ਕਿਨਾਰੇ ਖੜ੍ਹੇ ਵਾਹਨਾਂ ਵਿੱਚ ਵੱਜਦੇ ਹਨ|
ਸ਼ਹਿਰ ਵਿਚਲੀ ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ ਅਤੇ ਨਗਰ ਨਿਗਮ ਵਲੋਂ ਇਸ ਸੰਬੰਧੀ ਆਵਾਰਾ ਜਾਨਵਰ ਫੜਣ ਲਈ ਬਾਕਾਇਦਾ ਸਟਾਫ ਵੀ ਨਿਯੁਕਤ ਕੀਤਾ ਗਿਆ ਹੈ ਪਰੰਤੂ ਨਿਗਮ ਦੇ ਆਵਾਰਾ ਪਸ਼ੂ ਫੜਣ ਵਾਲੇ ਅਮਲੇ ਦੀ ਕਾਰਗੁਜਾਰੀ ਤਸੱਲੀਬਖਸ਼ ਨਹੀਂ ਹੈ| ਹਾਲਾਂਕਿ ਇਸ ਟੀਮ ਵਲੋਂ ਥੋੜ੍ਹੇ ਬਹੁਤ ਪਸ਼ੂ ਫੜੇ ਵੀ ਜਾਂਦੇ ਹਨ ਅਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਇਹਨਾਂ ਪਸ਼ੂਆਂ ਦੇ ਮਾਲਕ ਨਗਰ ਨਿਗਮ ਦੀ ਟੀਮ ਵਲੋਂ ਇਹਨਾਂ ਜਾਨਵਰਾਂ ਨੂੰ ਜਬਰਦਸਤੀ ਛੁੜਾ ਲੈਂਦੇ ਹਨ ਅਤੇ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਜਾ ਰਹੀ ਹੈ| ਇਸ ਸੰਬੰਧੀ ਲੋਕ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਇਹਨਾਂ ਪਸ਼ੂ ਮਾਲਕਾਂ ਨੂੰ ਸਿਆਸੀ ਸਰਪਰਸਤੀ ਹਾਸਿਲ ਹੈ ਅਤੇ ਇਸ ਕਾਰਨ ਇਹ ਲੋਕ ਕਿਸੇ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਬਿਨਾ ਕਿਸੇ ਡਰ ਦੇ ਸ਼ਹਿਰ ਵਿੱਚ ਆਪਣੇ ਪਸ਼ੂਆਂ ਨੂੰ ਖੁੱਲਾ ਛੱਡਦੇ ਹਨ|
ਸ਼ਹਿਰ ਵਿੱਚ ਘੁੰਮਦੇ ਇਹ ਆਵਾਰਾ ਜਾਨਵਰ ਸ਼ਹਿਰ ਦੀ ਸੁੰਦਰਤਾ ਉਪਰ ਵੱਡਾ ਧੱਬਾ ਹਨ ਅਤੇ ਇਹਨਾਂ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਇਹ ਆਵਾਰਾ ਜਾਨਵਰ ਲੋਕਾਂ ਦੀਆਂ ਬਗੀਚੀਆਂ ਵਿੱਚ ਦਾਖਿਲ ਹੋ ਕੇ ਉਹਨਾਂ ਨੂੰ ਬਰਬਾਦ ਕਰ ਦਿੰਦੇ ਹਨ| ਇਹਨਾਂ ਕਾਰਨ ਹਰ ਪਾਸੇ ਖਿਲਰਨ ਵਾਲੀ ਗੰਦਗੀ ਵੀ ਲੋਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰਦੀ ਹੈ ਅਤੇ ਇਹਨਾਂ ਪਸ਼ੂਆਂ ਵਲੋਂ ਸੜਕ ਕਿਨਾਰੇ ਖੜ੍ਹਦੇ ਵਾਹਨਾਂ ਨੂੰ ਟੱਕਰ ਮਾਰ ਕੇ ਉਹਨਾਂ ਦੀ ਤੋੜਭੰਨ ਵੀ ਕਰ ਦਿੱਤੀ ਜਾਂਦੀ ਹੈ|
ਨਗਰ ਨਗਮ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਸ਼ਹਿਰ ਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ ਅਤੇ ਆਪਣੇ ਪਾਲਤੂ ਜਾਨਵਰਾਂ ਨੂੰ ਸ਼ਹਿਰ ਵਿੱਚ ਚਰਨ ਲਈ ਖੁੱਲਾ ਛੱਡਣ ਵਾਲੇ ਪਸ਼ੂ ਪਾਲਕਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ| ਨਗਰ ਨਿਗਮ ਦੇ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਕਾਰਨ ਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਹਾਸਿਲ ਹੋਵੇ|

Leave a Reply

Your email address will not be published. Required fields are marked *