ਆਵਾਰਾ ਪਸ਼ੂਆਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਨਿਗਮ

ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਪਿਛਲੇ ਕੁੱਝ ਦਿਨਾਂ ਤੋਂ ਪੈਣ ਵਾਲੀ ਮਾਨਸੂਨ ਤੋਂ ਪਹਿਲਾਂ ਦੀ ਬਰਸਾਤ ਨਾਲ ਜਿੱਥੇ ਸ਼ਹਿਰ ਵਿੱਚ ਪਈਆਂ ਖਾਲੀ ਥਾਵਾਂ ਤੇ ਜੰਗਲ ਬੂਟੀ ਦੀਆਂ ਝਾੜੀਆਂ ਵੱਧ ਗਈਆਂ ਹਨ ਉੱਥੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋ ਗਿਆ ਹੈ| ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ, ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ, ਸ਼ਹਿਰ ਵਿੱਚ ਥਾਂ ਥਾਂ ਤੇ ਉਸਾਰੇ ਗਏ ਕੂੜੇਦਾਨਾਂ ਦੇ ਆਸਪਾਸ ਅਤੇ ਸ਼ਹਿਰ ਦੀਆਂ ਗਲੀਆਂ ਵਿੱਚ ਇਹ ਆਵਾਰਾ ਪਸ਼ੂ ਆਮ ਨਜਰ ਆ ਜਾਂਦੇ ਹਨ| ਬਰਸਾਤ ਦੇ ਇਸ ਮੌਸਮ ਵਿੱਚ ਖਾਲੀ ਥਾਂਵਾਂ ਤੇ ਉਗਣ ਵਾਲੀ ਘਾਹ ਦੇ ਰੂਪ ਵਿੱਚ ਉਹਨਾਂ ਦੀ ਕੁਦਰਤੀ ਖੁਰਾਕ ਵੀ ਹਰ ਥਾਂ ਮੌਜੂਦ ਹੁੰਦੀ ਹੈ ਅਤੇ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਇਹਨਾਂ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ|
ਸ਼ਹਿਰ ਦੀਆਂ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ   ਬੇਲਗਾਮ ਘੁੰਮਣ ਵਾਲੇ ਇਹ ਆਵਾਰਾ ਪਸ਼ੂ  ਥਾਂ ਥਾਂ ਤੇ ਗੰਦਗੀ ਤਾਂ ਫੈਲਾਉਂਦੇ ਹੀ ਹਨ, ਇਹਨਾਂ ਕਾਰਣ ਕਈ ਵਾਰ ਸੜਕ ਹਾਦਸਿਆਂ ਦੀ ਵੀ ਨੌਬਤ ਆ ਜਾਂਦੀ ਹੈ| ਇਹ ਆਵਾਰਾ ਪਸ਼ੂ ਕਈ ਵਾਰ ਰਾਹ ਜਾਂਦੇ ਬਜੁਰਗਾਂ, ਬੱਚਿਆਂ ਅਤੇ ਮਹਿਲਾਵਾਂ ਦੇ ਪਿੱਛੇ ਵੀ ਪੈ ਜਾਂਦੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਦਾ ਸਿਰਫ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ| ਇਹਨਾਂ ਆਵਾਰਾ ਪਸ਼ੂਆਂ ਵਿੱਚ ਜਿਆਦਾਤਰ ਉਹ ਗਾਵਾਂ ਹੀ ਹੁੰਦੀਆਂ ਹਨ, ਜਿਹੜੀਆਂ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਤੋਂ ਸ਼ਹਿਰ ਆਉਂਦੀਆਂ ਹਨ| ਇਹਨਾਂ ਗਊਆਂ ਦੇ ਮਾਲਕਾਂ ਵਲੋਂ ਦਿਨ ਚੜ੍ਹਦੇ ਸਾਰ ਉਹਨਾਂ ਨੂੰ ਚਰਨ ਲਈ ਸ਼ਹਿਰ ਵੱਲ ਧੱਕ ਦਿੱਤਾ ਜਾਂਦਾ ਹੈ,  ਜਿੱਥੇ ਇਹ ਸਾਰਾ ਦਿਨ ਚਰਨ ਤੋਂ ਬਾਅਦ ਸ਼ਾਮ ਨੂੰ ਆਪਣੇ ਟਿਕਾਣਿਆਂ ਤੇ ਵਾਪਸ ਪਰਤ ਜਾਂਦੀਆਂ ਹਨ| ਜਾਂ ਫਿਰ ਇਹ ਅਜਿਹੇ ਪਸ਼ੂ ਹਨ ਜਿਹੜੇ ਦੁੱਧ ਨਹੀਂ ਦਿੰਦੇ ਅਤੇ ਇਹਨਾਂ ਦੇ ਮਾਲਕਾਂ ਵਲੋਂ ਇਹਨਾਂ ਨੂੰ ਘਰੋਂ ਕੱਢ ਦਿੱਤੇ ਜਾਣ ਕਾਰਨ  ਇਹਨਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ ਅਤੇ ਇਹ ਇੱਧਰ ਉੱਧਰ ਘੁੰਮਦੇ ਰਹਿੰਦੇ ਹਨ|
ਆਵਾਰਾ ਪਸ਼ੂਆਂ ਦੀ ਇਹ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸ਼ਹਿਰਵਾਸੀਆਂ ਨੂੰ ਇਸ ਸਮੱਸਿਆ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਪਰੰਤੂ ਇਸਦੇ ਬਾਵਜੂਦ ਸਥਾਨਕ ਪ੍ਰਸ਼ਾਸ਼ਨ ਸ਼ਹਿਰਵਾਸੀਆਂ ਦੀ ਇਸ ਸਮੱਸਿਆ ਦਾ ਹਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ| ਪਿਛਲੇ ਸਾਲਾਂ ਦੌਰਾਨ ਭਾਵੇਂ ਸਾਡੇ ਸ਼ਹਿਰ ਨੇ ਵਿਕਾਸ ਦੇ ਕਈ ਅਹਿਮ ਪੜਾਅ ਪਾਰ ਕੀਤੇ ਹਨ ਪਰੰਤੂ ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਦਾ ਕੋਈ ਹਲ ਨਹੀਂ ਹੋ ਪਾਇਆ ਹੈ ਅਤੇ ਇਹ ਸਮੱਸਿਆ ਲਗਾਤਾਰ ਚਲਦੀ ਹੀ ਆ ਰਹੀ ਹੈ| ਇਸ ਸਮੱਸਿਆ ਦਾ ਹਲ ਕਰਨ ਦੀ ਜਿੰਮੇਵਾਰੀ ਨਗਰ ਨਿਗਮ ਦੇ ਅਧੀਨ ਆਉਂਦੀ ਹੈ ਅਤੇ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਘੁੰਮਦੇ ਅਜਿਹੇ ਆਵਾਰਾ ਪਸ਼ੂਆਂ ਨੂੰ ਫੜ ਕੇ ਰੱਖਣ ਲਈ ਇੱਕ ਗਊਸ਼ਾਲਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜਿੱਥੇ ਅਜਿਹੇ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ ਪਰੰਤੂ ਇਸਦੇ ਬਾਵਜੂਦ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ|
ਇਹ ਮੁੱਦਾ ਕੁੱਝ ਦਿਨ ਪਹਿਲਾਂ ਹੋਈ ਨਗਰ ਨਿਗਮ ਦੀ ਮੀਟਿੰਗ ਵਿੱਚ ਵੀ ਉਠਿਆ ਸੀ ਅਤੇ ਉਸ ਵੇਲੇ ਖੁਦ ਨਿਗਮ ਦੇ ਮੇਅਰ ਵਲੋਂ ਇਸ ਗੱਲ ਤੇ ਰੋਸ ਜਾਹਿਰ ਕਰਦਿਆ ਕਿਹਾ ਗਿਆ ਸੀ ਕਿ ਪਿੰਡ ਕੁੰਭੜਾ ਦੇ ਕੁੱਝ ਵਸਨੀਕਾਂ (ਜਿਹਨਾਂ ਵਲੋਂ ਵੱਡੀ ਗਿਣਤੀ ਪਸ਼ੂ ਰੱਖੇ ਹੋਏ ਹਨ ਅਤੇ ਲਈ ਸ਼ਹਿਰ ਵਿੱਚ ਛੱਡ ਦਿੱਤੇ ਜਾਂਦੇ ਹਨ) ਵਲੋਂ ਇਹਨਾਂ ਪਸ਼ੂਆਂ ਨੂੰ ਕਾਬੂ ਕਰਨ ਗਏ ਨਿਗਮ ਦੇ ਕਰਮਚਾਰੀਆਂ ਤੇ ਹੀ ਹਮਲਾ ਕਰ ਦਿੱਤਾ ਸੀ ਪਰੰਤੂ ਇਸਦੇ ਬਾਵਜੂਦ ਹੁਣ ਤਕ ਪੁਲੀਸ ਵਲੋਂ ਨਿਗਮ
ਦੇ ਕਰਮਚਾਰੀਆਂ ਤੇ ਹਮਲਾ ਕਰਨ ਵਾਲੇ ਲੋਕਾਂ ਵਿਰੁੱਧ ਐਫ ਆਈ ਆਰ ਤਕ ਦਰਜ ਨਹੀਂ ਕੀਤੀ ਗਈ ਹੈ ਜਿਸ ਕਾਰਨ ਨਿਗਮ ਦੇ ਕਰਮਚਾਰੀਆਂ ਦਾ ਹੌਂਸਲਾ ਟੁੱਟਦਾ ਹੈ ਅਤੇ ਉਹ ਲੋੜੀਂਦੀ ਕਾਰਵਾਈ ਤੋਂ ਹਿਚਕਦੇ ਹਨ|
ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਜਿੱਥੇ ਇੱਕ ਪਾਸੇ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ  ਜਿੰਮੇਵਾਰੀ ਤੈਅ ਕੀਤੀ ਜਾਵੇ ਉੱਥੇ ਦੂਜੇ ਪਾਸੇ ਉਹਨਾਂ ਨੂੰ ਡਿਊਟੀ ਦੌਰਾਨ ਲੋੜੀਂਦੀ ਸੁਰਖਿਆ ਵੀ ਮੁਹਈਆ ਕਰਵਾਈ ਜਾਵੇ| ਇਸਦੇ ਨਾਲ ਨਾਲ ਅਜਿਹੇ ਵਿਅਕਤੀਆਂ ਜਿਹਨਾਂ ਵਲੋਂ ਆਪਣੇ ਪਸ਼ੂਆਂ ਨੂੰ ਚਰਨ ਲਈ ਸ਼ਹਿਰ ਵੱਲ ਹੱਕ ਦਿੱਤਾ ਜਾਂਦਾ ਹੈ, ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ| ਸ਼ਹਿਰਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਅਤੇ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *