ਆਵਾਰਾ ਪਸ਼ੂਆਂ ਦੀ ਸਮੱਸਿਆ ਤੇ ਕਾਬੂ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

Road animals

ਅੱਜਕੱਲ ਬਰਸਾਤਾਂ ਦਾ ਮੌਸਮ ਚਲ ਰਿਹਾ ਹੈ ਅਤੇ ਇਸ ਮੌਸਮ ਵਿੱਚ ਜਿੱਥੇ ਸ਼ਹਿਰ ਵਿੱਚ ਪਈਆਂ ਖਾਲੀ ਥਾਵਾਂ ਤੇ ਜੰਗਲ ਬੂਟੀ ਦੀਆਂ ਝਾੜੀਆਂ ਵੱਧ ਰਹੀਆਂ ਹਨ ਉੱਥੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋ ਗਿਆ  ਹੈ| ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ, ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ, ਸ਼ਹਿਰ ਵਿੱਚ ਥਾਂ ਥਾਂ ਤੇ ਉਸਾਰੇ ਗਏ ਕੂੜੇਦਾਨਾਂ ਦੇ ਆਸਪਾਸ ਅਤੇ ਸ਼ਹਿਰ ਦੀਆਂ ਗਲੀਆਂ ਵਿੱਚ ਇਹ ਆਵਾਰਾ ਪਸ਼ੂ ਆਮ ਨਜਰ ਆ ਜਾਂਦੇ ਹਨ| ਬਰਸਾਤ ਦੇ ਇਸ ਮੌਸਮ ਵਿੱਚ ਖਾਲੀ ਥਾਂਵਾਂ ਤੇ ਉਗਣ ਵਾਲੀ ਘਾਹ ਦੇ ਰੂਪ ਵਿੱਚ ਉਹਨਾਂ ਦੀ ਕੁਦਰਤੀ ਖੁਰਾਕ ਵੀ ਹਰ ਥਾਂ ਮੌਜੂਦ ਹੈ ਅਤੇ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਇਹਨਾਂ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ  ਰਹੀ ਹੈ|
ਇਹ ਅਵਾਰਾ ਪਸ਼ੂ, ਜਿਹਨਾਂ ਵਿੱਚ ਜਿਆਦਾਤਰ ਗਾਵਾਂ ਹੁੰਦੀਆਂ ਹਨ, ਜਾਂ ਤਾਂ ਨਜਦੀਕੀ ਪਿੰਡਾਂ ਤੋਂ ਆਉਂਦੀਆਂ ਹਨ, ਜਿਹਨਾਂ ਦੇ ਮਾਲਕਾਂ ਵਲੋਂ ਉਹਨਾਂ ਨੂੰ ਚਰਨ ਲਈ ਸ਼ਹਿਰ ਵੱਲ ਭੇਜ ਦਿੱਤਾ ਜਾਂਦਾ ਹੈ (ਜਿੱਥੇ ਇਹ ਸਾਰਾ ਦਿਨ ਚਰਨ ਤੋਂ  ਬਾਅਦ ਸ਼ਾਮ ਨੂੰ ਆਪਣੇ ਟਿਕਾਣਿਆਂ ਤੇ ਵਾਪਸ ਪਰਤ ਜਾਂਦੀਆਂ ਹਨ) ਜਾਂ ਫਿਰ ਇਹ ਅਜਿਹੇ ਪਸ਼ੂ ਹਨ ਜਿਹੜੇ ਦੁੱਧ ਨਹੀਂ ਦਿੰਦੇ ਅਤੇ ਇਹਨਾਂ ਦੇ ਮਾਲਕਾਂ ਵਲੋਂ ਇਹਨਾਂ ਨੂੰ ਘਰੋਂ ਕੱਢ ਦਿੱਤੇ ਜਾਣ ਕਾਰਨ  ਇਹਨਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ ਅਤੇ ਇਹ ਇੱਧਰ ਉੱਧਰ ਘੁੰਮਦੇ ਰਹਿੰਦੇ ਹਨ| ਸ਼ਹਿਰ ਦੀਆਂ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਬੇਲਗਾਮ ਘੁੰਮਣ ਵਾਲੇ ਇਹ ਆਵਾਰਾ ਪਸ਼ੂ  ਥਾਂ ਥਾਂ ਤੇ ਗੰਦਗੀ ਤਾਂ ਫੈਲਾਉਂਦੇ ਹੀ ਹਨ ਬਲਕਿ ਇਹਨਾਂ ਕਾਰਣ  ਕਈ ਵਾਰ ਸੜਕ ਹਾਦਸਿਆਂ ਦੀ ਵੀ ਨੌਬਤ ਆ ਜਾਂਦੀ ਹੈ| ਇਹ ਆਵਾਰਾ ਪਸ਼ੂ ਕਈ ਵਾਰ ਰਾਹ ਜਾਂਦੇ ਬਜੁਰਗਾਂ, ਬੱਚਿਆਂ ਅਤੇ ਮਹਿਲਾਵਾਂ ਦੇ ਮਗਰ ਵੀ ਪੈ ਜਾਂਦੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਦਾ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ| ਕੁੱਝ ਦਿਨ ਪਹਿਲਾਂ ਫੇਜ਼ 2 ਵਿੱਚ ਅਜਿਹੇ ਹੀ ਇੱਕ ਆਵਾਰਾ ਪਸ਼ੂ ਵਲੋਂ ਇੱਕ ਵਿਅਕਤੀ ਨੂੰ ਜਖਮੀ ਵੀ ਕੀਤਾ ਜਾ ਚੁੱਆਿ ਹੇ|
ਸਾਡੇ ਸ਼ਹਿਰ ਵਿਚਲੀ ਆਵਾਰਾ ਪਸ਼ੂਆਂ ਦੀ ਇਹ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸ਼ਹਿਰਵਾਸੀਆਂ ਨੂੰ ਇਸ ਸਮੱਸਿਆ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਪਰੰਤੂ ਇਸਦੇ ਬਾਵਜੂਦ ਸਥਾਨਕ ਪ੍ਰਸ਼ਾਸ਼ਨ ਸ਼ਹਿਰਵਾਸੀਆਂ ਦੀ ਇਸ ਸਮੱਸਿਆ ਦਾ ਹਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ| ਪਿਛਲੇ ਸਾਲਾਂ ਦੌਰਾਨ ਭਾਵੇਂ ਸਾਡੇ ਸ਼ਹਿਰ ਨੇ ਵਿਕਾਸ ਦੇ ਕਈ ਅਹਿਮ ਪੜਾਅ ਪਾਰ ਕੀਤੇ ਹਨ ਪਰੰਤੂ ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਦਾ ਕੋਈ ਹਲ ਨਹੀਂ ਹੋ ਪਾਇਆ ਹੈ ਅਤੇ ਇਹ ਸਮੱਸਿਆ ਲਗਾਤਾਰ ਚਲਦੀ ਹੀ ਆ ਰਹੀ ਹੈ|
ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਦਾ ਹਲ ਕਰਨ ਦੀ ਜਿੰਮੇਵਾਰੀ ਨਗਰ ਨਿਗਮ ਦੇ ਅਧੀਨ ਆਉਂਦੀ ਹੈ ਅਤੇ ਨਗਰ ਨਿਗਮ ਵਲੋਂ ਫਹਿਰ ਵਿੰਚ ਘੁੰਮਦੇ ਅਜਿਹੇ ਆਵਾਰਾ ਪਸ਼ੂਆਂ ਲੂੰ ਫੜ ਕੇ ਰੱਖਣ ਲਈ ਇੱਕ ਗਊਸ਼ਾਲਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜਿੱਥੇ ਅਜਿਹੇ ਪਸ਼ਆਂ ਨੂੰ ਰੱਖਿਆ ਜਾਂਦਾ ਹੈ ਪਰੰਤੂ ਹਿਸਦੇ ਸ਼ਹਿਰ ਵਿੱਚ ਵੱਧਦੀ ਆਵਾਰਾ ਪਸ਼ੂਆਂ ਦੀ ਗਿਣਤੀ ਨਗਰ ਨਿਗਮ ਦੀ ਪੁਰੀ ਕਾਰਗੁਜਾਰੀ ਤੇ ਹੀ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ|
ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਇਸ ਸੰਬੰਧੀ ਨਗਰ ਨਿਗਮ ਦੇ ਫੀਲਡ ਸਟਾਫ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਜਿਹੜੇ ਕਰਮਚਾਰੀ ਆਪਣੀ ਡਿਊਟੀ ਨੂੰ ਠੀਕ ਢੰਗ ਨਾਲ ਨਹੀਂ ਨਿਭਾਉਂਦੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਇਸਦੇ ਨਾਲ ਨਾਲ ਅਜਿਹੇ ਵਿਅਕਤੀਆਂ ਜਿਹਨਾਂ ਵਲੋਂ ਬਰਸਾਤ ਦੇ ਮੌਸਮ ਵਿੱਚ ਆਪਣੇ ਪਸ਼ੂ ਚਰਨ ਲਈ ਸ਼ਹਿਰ ਵੱਲ ਹੱਕ ਦਿੱਤੇ ਜਾਂਦੇ ਹਨ, ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਯੋਜਨਾਬੱਧ ਢੰਗ ਨਾਲ ਕਾਰਵਾਈ ਨੂੰ ਅੰਜਾਮ ਦੇਵੇ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਸਮੱਸਿਆ ਨੂੰ ਬਿਹਤਰ ਢੰਗ ਨਾਲ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *