ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹਲ ਲਈ ਕਾਰਗਰ ਕਦਮ ਚੁੱਕੇ ਪ੍ਰਸ਼ਾਸ਼ਨ

ਸਾਡੇ ਸ਼ਹਿਰ ਦੀ ਉਸਾਰੀ ਦੇ ਮੁੱਢਲੇ ਪੜਾਅ ਤੋਂ ਹੀ ਇੱਥੇ ਆਵਾਰਾ ਪਸ਼ੂਆਂ ਦੀ ਸਮੱਸਿਆ ਚਲਦੀ ਆ ਰਹੀ ਹੈ ਅਤੇ ਸਾਲ ਦਰ ਸਾਲ ਇਸ ਵਿੱਚ ਵਾਧਾ ਹੁੰਦਾ ਰਿਹਾ ਹੈ| ਇਹ ਗੱਲ ਹੋਰ ਹੈ ਕਿ ਸਮੇਂ ਦੇ ਨਾਲ ਇਸ ਸਮੱਸਿਆ ਦਾ ਸਵਰੂਪ ਬਦਲਦਾ ਰਿਹਾ ਹੈ| ਸ਼ਹਿਰ ਦੀ ਉਸਾਰੀ ਦੇ ਸ਼ੁਰੂਆਤੀ ਸਾਲਾਂ ਵਿੱਚ ਜਦੋਂ ਸ਼ਹਿਰ ਵਿੱਚ ਹਰ ਪਾਸੇ ਖੁਲੀ ਥਾਂ ਦੀ ਭਰਮਾਰ ਹੁੰਦੀ ਸੀ, ਨਾਲ ਲੱਗਦੇ ਪਿੰਡਾਂ ਵਾਲੇ ਆਪਣੇ ਪਸ਼ੂਆਂ ਨੂੰ ਇੱਥੇ ਚਰਾਉਣ ਲਈ ਲੈ ਕੇ ਆਉਂਦੇ ਸਨ| ਬਾਅਦ ਵਿੱਚ ਜਦੋਂ ਸ਼ਹਿਰ ਦੀ ਆਬਾਦੀ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ ਅਤੇ ਇਹਨਾ ਪਸ਼ੂਆਂ ਵਲੋਂ ਲੋਕਾਂ ਦੀਆਂ ਬਗੀਚੀਆਂ ਤਬਾਹ ਕਰਨ ਦੀਆਂ ਸ਼ਿਕਾਇਤਾਂ ਵਧਣ ਲੱਗੀਆਂ ਤਾਂ ਇਹਨਾਂ ਪਸ਼ੂ ਮਾਲਕਾਂ ਵਲੋਂ ਪ੍ਰਸ਼ਾਸ਼ਨ ਦੇ ਆਵਾਰਾ ਪਸ਼ੂ  ਫੜਣ ਵਾਲੇ ਅਮਲੇ ਨਾਲ ਗੰਢ ਤੁੱਪ ਕਰਕੇ ਇੱਥੇ ਆਪਣੇ ਪਸ਼ੂ ਚਰਾਉਣੇ ਸ਼ੁਰੂ ਕਰ ਦਿੱਤੇ ਗਏ ਸਨ|  ਸਮੇਂ ਦੇ ਨਾਲ ਨਾਲ ਸ਼ਹਿਰ ਦੇ ਮੁੱਖ ਸੈਕਟਰਾਂ ਵਿੱਚ ਆਸ ਪਾਸ ਦੇ ਪਿੰਡਾਂ ਤੋਂ ਚਰਨ ਲਈ ਆਉਣ ਵਾਲੇ ਪਸ਼ੂਆਂ ਦੀ ਸਮੱਸਿਆ ਤਾਂ ਖਤਮ ਹੋ ਗਈ ਕਿਉਂਕਿ ਸ਼ਹਿਰ ਦੇ ਲਗਾਤਾਰ ਹੁੰਦੇ ਪਸਾਰ ਦੇ ਨਾਲ ਇਸਦੇ ਵੱਧਦੇ ਘੇਰੇ ਨੇ ਇਸ ਦੌਰਾਨ ਕਈ ਪਿੰਡਾਂ ਨੂੰ ਆਪਣੇ ਵਿੱਚ ਹੀ ਸਮਾ ਲਿਆ ਅਤੇ ਅਗਲੇ ਖੇਤਰਾਂ ਵਿੱਚ ਵਸੇ ਪਿੰਡ ਸ਼ਹਿਰ ਦੇ ਮੁੱਖ ਸੈਕਟਰਾਂ ਤੋਂ ਦੂਰ ਹੋ ਗਏ ਜਦੋਂਕਿ ਨਵੇਂ ਵਿਕਸਿਤ ਸੈਕਟਰਾਂ ਅਤੇ ਵਿਕਸਿਤ ਕੀਤੇ ਜਾ ਰਹੇ ਸੈਕਟਰਾਂ ਵਿੱਚ ਇਹ ਸਮੱਸਿਆ ਹੁਣ ਵੀ ਸਾਮ੍ਹਣੇ ਆਉਂਦੀ ਹੈ|
ਸ਼ਹਿਰ ਦੇ ਪੁਰਾਣੇ ਸੈਕਟਰਾਂ ਵਿਚ ਭਾਵੇਂ ਪਾਲਤੂ ਜਾਨਵਰਾਂ ਦੀ ਸਮੱਸਿਆ ਲਗਭਗ ਖਤਮ ਹੋ ਗਈ ਹੈ ਪਰੰਤੂ ਸ਼ਹਿਰ ਵਿੱਚ ਫਿਰਦੇ ਆਵਾਰਾ ਪਸ਼ੂ (ਜਿਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ) ਸ਼ਹਿਰ ਵਾਸੀਆਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਬਣਦੇ ਹਨ| ਸ਼ਹਿਰ ਦੀਆਂ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ  ਫਿਰਦੇ ਇਹ ਆਵਾਰਾ ਪਸ਼ੂ ਥਾਂ ਥਾਂ ਤੇ ਗੰਦਗੀ ਤਾਂ ਫੈਲਾਉਂਦੇ ਹੀ ਹਨ ਬਲਕਿ ਸ਼ਹਿਰ ਦੀਆਂ ਮਾਰਕੀਟਾਂ ਅਤੇ ਮੁੱਖ ਸੜਕਾਂ ਤੇ ਘੁੰਮਦੇ ਇਹਨਾਂ  ਆਵਾਰਾ ਪਸ਼ੂਆਂ ਕਾਰਣ ਅਕਸਰ ਸੜਕ ਹਾਦਸੇ ਵੀ ਵਾਪਰਦੇ ਹਨ| ਸ਼ਹਿਰ ਦੀਆਂ ਗਲੀਆਂ ਵਿੱਚ ਵੀ ਇਹ ਆਵਾਰਾ ਪਸ਼ੂ ਆਮ ਨਜਰ ਆ ਜਾਂਦੇ ਹਨ ਜਿਹੜੇ ਕਈ ਵਾਰ ਰਾਹ ਜਾਂਦੇ ਬਜੁਰਗਾਂ, ਬੱਚਿਆਂ ਅਤੇ ਮਹਿਲਾਵਾਂ ਦੇ ਮਗਰ ਵੀ ਪੈ ਜਾਂਦੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਣਾ ਪੈਂਦਾ ਹੈ|
ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਦਾ ਹਲ ਕਰਨ ਦੀ ਜਿੰਮੇਵਾਰੀ ਨਗਰ ਨਿਗਮ ਦੇ ਅਧੀਨ ਆਉਂਦੀ ਹੈ ਅਤੇ ਨਿਗਮ ਵਲੋਂ ਅਜਿਹੇ ਆਵਾਰਾ ਪਸ਼ੂਆਂ ਨੂੰ ਫੜ ਕੇ ਰੱਖ ਲਈ ਬਾਕਾਇਦਾ ਗਊਸ਼ਾਲਾ ਦੀ ਉਸਾਰੀ ਵੀ ਕਰਵਾਈ ਗਈ ਹੈ ਜਿੱਥੇ ਵੱਡੀ ਗਿਣਤੀ ਪਸ਼ੂ ਰੱਖੇ ਜਾਂਦੇ ਹਨ ਪਰੰਤੂ ਇਸਦੇ ਬਾਵਜੂਦ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੀ ਲਗਾਤਾਰ ਵੱਧਦੀ ਗਿਣਤੀ ਨਾਲ ਇਹ ਜਾਹਿਰ ਹੁੰਦਾ ਹੈ ਕਿ ਨਿਗਮ ਵਲੋਂ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਤਸੱਲੀ ਬਖਸ਼ ਨਹੀਂ ਹੈ| ਨਿਗਮ ਦੇ ਕਰਮਚਾਰੀ ਕਦੇ ਕਦੇ ਇਹਨਾਂ ਆਵਾਰਾ ਪਸ਼ੂਆਂ ਨੂੰ ਫੜਦੇ ਵੀ ਨਜਰ ਆ ਜਾਂਦੇ ਹਨ ਪਰੰਤੂ ਇਸਦੇ ਬਾਵਜੂਦ ਇਹ ਸਮੱਸਿਆ ਹਲ ਨਹੀਂ ਹੋ ਰਹੀ ਹੈ|
ਨਗਰ ਨਿਗਮ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਆਵਾਰਾ ਘੁਮੰਦੇ ਇਹਨਾਂ ਜਾਨਵਰਾਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨੁੰ ਯਕੀਨੀ ਬਣਾਏ| ਸ਼ਹਿਰ ਵਿੱਚ ਘੁੰਮਦੇ ਇਹਨਾਂ ਆਵਾਰਾ ਪਸ਼ੂਆਂ (ਜਿਹਨਾਂ ਵਿੱਚ ਵੱਡੀ ਗਿਣਤੀ ਗਾਵਾਂ ਹਨ) ਦੀ ਸਾਂਭ ਸੰਭਾਲ ਦੇ ਨਾਮ ਤੇ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਸ਼ਹਿਰ ਵਾਸੀਆਂ ਤੇ ਗਊ ਸੇਵਾ ਟੈਕਸ ਵੀ ਲਾਗੂ ਕੀਤਾ ਜਾ ਚੁੱਕਿਆ ਹੈ ਜਿਸਦੇ ਤਹਿਤ ਨਿਗਮ ਵਲੋਂ ਮੋਟੀ ਰਕਮ ਇਕੱਤਰ ਕੀਤੀ ਜਾਂਦੀ ਹੈ| ਨਿਗਮ ਵਲੋਂ ਗਊਸ਼ਾਲਾਂ ਵਿੱਚ ਵੱਡੀ ਗਿਣਤੀ ਪਸ਼ੂਆਂ ਦੀ ਸਾਂਭ ਸੰਭਾਲ ਕਰਨ ਦੇ ਦਾਅਵੇ ਵੀ ਕੀਤੇ ਜਾਂਦੇ ਹਨ ਪਰੰਤੂ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਨਿਗਮ ਦੇ ਦਾਅਵਿਆਂ ਅਨੁਸਾਰ ਇਹਨਾਂ ਆਵਾਰਾ ਪਸ਼ੂਆਂ ਨੂੰ ਗਉਸ਼ਾਲਾ ਵਿੱਚ ਰੱਖਣ ਦੇ ਲੋੜੀਂਦੇ ਪ੍ਰਬੰਘ ਮੌਜੂਦ ਹਨ ਤਾਂ ਫਿਰ ਸ਼ਹਿਰ ਦੀਆਂ ਸੜਕਾਂ ਲਅਤ ਗਲੀਆਂ ਵਿੱਚ ਇਹ ਆਵਾਰਾ ਪਸ਼ੂ ਕਿਊਂ ਘੁੰਮ ਰਹੇ ਹਨ|
ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ| ਸ਼ਹਿਰ ਵਾਸੀਆਂ ਤੋਂ ਗਊ ਸੇਵਾ ਟੈਕਸ ਦੇ ਨਾਮ ਤੇ ਲੱਖਾਂ ਰੁਪਏ ਇਕੱਤਰ ਕਰਨ ਵਾਲੇ ਨਿਗਮ ਦੇ ਅਧਿਕਾਰੀਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿਚਲੀ  ਆਵਾਰ ਪਸ਼ੂਆਂ ਦੀ ਇਸ ਸਮੱਸਿਆ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉੱਣ ਤਾਂ ਜੋ ਸ਼ਿਹਿਰ ਵਾਸੀਆਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇ|

Leave a Reply

Your email address will not be published. Required fields are marked *