ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹਲ ਕਰਨਾ ਨਗਰ ਨਿਗਮ ਦੀ ਜਿੰਮੇਵਾਰੀ

ਸਾਡੇ ਸ਼ਹਿਰ ਵਿਚਲੀ ਆਵਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਸ਼ਹਿਰ ਦੀ ਉਸਾਰੀ ਦੇ ਮੁੱਢਲੇ ਪੜਾਅ  ਤੋਂ ਹੀ ਸ਼ਹਿਰ ਦੀਆਂ ਸੜਕਾਂ, ਮਾਰਕੀਟਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੀ ਇਹ ਸਮੱਸਿਆ ਚਲਦੀ ਆ ਰਹੀ ਹੈ| ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਉੱਪਰ ਬੇਲਗਾਮ ਘੁੰਮਦੇ ਇਹ ਆਵਾਰਾ ਪਸ਼ੂ (ਜਿਹਨਾਂ ਵਿੱਚੋਂ ਵੱਡੀ ਗਿਣਤੀ ਪਸ਼ੂ ਅਜਿਹੇ ਹੁੰਦੇ ਹਨ ਜਿਹਨਾਂ ਦਾ ਕੋਈ ਵੀ ਵਾਲੀ ਵਾਰਿਸ ਨਹੀਂ ਹੁੰਦਾ) ਸ਼ਹਿਰ ਵਿੱਚ ਭਾਰੀ ਗੰਦਗੀ ਤਾਂ ਫੈਲਾਉਂਦੇ ਹੀ ਹਨ, ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ| ਇਹਨਾਂ ਵਿੱਚ ਵੱਡੀ ਗਿਣਤੀ ਉਹਨਾਂ ਆਵਾਰਾ ਗਾਵਾਂ ਦੀ ਹੁੰਦੀ ਹੈ ਜਿਹਨਾਂ ਦਾ ਦੁੱਧ ਸੁੱਕ ਜਾਣ ਤੇ ਉਹਨਾਂ ਦੇ ਮਾਲਕਾਂ ਵਲੋਂ ਉਹਨਾਂ ਨੂੰ ਖੁੱਲਾ ਛੱਡ ਦਿੱਤਾ ਜਾਂਦਾ ਹੈ ਅਤੇ ਉਹ ਇੱਧਰ ਉੱਧਰ ਮੂੰਹ ਮਾਰਦੀਆਂ ਰਹਿੰਦੀਆਂ ਹਨ|
ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਘੁੰਮਦੇ ਮੱਝਾਂ-ਗਾਵਾਂ ਦੇ ਅਜਿਹੇ ਝੁੰਡ ਵੀ ਆਮ ਨਜਰ ਆ ਜਾਂਦੇ ਹਨ ਜਿਹੜੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਵਲੋਂ ਪਾਲੇ ਜਾਂਦੇ ਹਨ ਅਤੇ ਉਹਨਾਂ ਦੇ ਮਾਲਕਾਂ ਵਲੋਂ ਇਹਨਾਂ ਪਸ਼ੂਆਂ ਨੂੰ ਚਰਨ ਲਈ ਸ਼ਹਿਰ ਵਿੱਚ ਖੁੱਲੀ ਥਾਂ ਤੇ ਛੱਡ ਦਿੱਤਾ ਜਾਂਦਾ ਹੈ| ਇਹ ਗਾਵਾਂ ਮੱਝਾਂ ਜਿਆਦਾਤਰ ਸ਼ਹਿਰ ਦੇ ਉਹਨਾਂ ਫੇਜ਼ਾਂ (ਸੈਕਟਰਾਂ) ਵਿੱਚ ਦਿਖਦੀਆਂ ਹਨ ਜਿਹੜੇ ਸ਼ਹਿਰ ਦੇ ਬਾਹਰਵਾਰ ਬਣੇ ਹਨ ਅਤੇ ਜਿਹਨਾਂ ਵਿੱਚ ਉਸਾਰੀ ਘੱਟ ਹੋਣ ਕਾਰਨ ਹੁਣੇ ਵੀ ਖਾਲੀ ਥਾਂਵਾਂ ਤੇ ਘਾਸ ਦੇ ਮੈਦਾਨ ਬਣੇ ਹੋਏ ਹਨ| ਇਹ ਆਵਾਰਾ ਪਸ਼ੂ ਥਾਂ ਥਾਂ ਤੇ ਗੰਦਗੀ ਤਾਂ ਫੈਲਾਉਂਦੇ ਹੀ ਹਨ ਇਹਨਾਂ ਕਾਰਨ ਸ਼ਹਿਰਵਾਸੀਆਂ ਨੂੰ ਹੋਰ ਵੀ ਕਈ ਪਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ|
ਸੜਕਾਂ ਤੇ ਘੁੰਮਦੇ ਇਹ ਆਵਾਰਾ ਪਸ਼ੂ ਟ੍ਰੈਫਿਕ ਸਮੱਸਿਆ ਲਈ ਰੁਕਾਵਟ ਤਾਂ ਬਣਦੇ ਹੀ ਹਨ ਇਹਨਾਂ ਕਾਰਨ ਅਕਸਰ ਸੜਕ ਹਾਦਸੇ ਵੀ ਵਾਪਰਦੇ ਹਨ| ਸ਼ਹਿਰ ਦੀਆਂ ਗਲੀਆਂ ਵਿੱਚ ਵੀ ਇਹ ਆਵਾਰਾ ਪਸ਼ੂ ਅਕਸਰ ਘੁੰਮਦੇ ਵੇਖੇ ਜਾ ਸਕਦੇ ਹਨ ਜਿਹਨਾਂ ਵਿੱਚੋਂ ਕਈ ਤਾਂ ਰਾਹ ਜਾਂਦੇ ਬਜੁਰਗਾਂ, ਬੱਚਿਆਂ ਅਤੇ ਮਹਿਲਾਵਾਂ ਦੇ ਮਗਰ ਵੀ ਪੈ ਜਾਂਦੇ ਹਨ| ਪਿਛਲੇ ਸਮੇਂ ਦੌਰਾਨ ਇਹਨਾਂ ਵਲੋਂ ਸ਼ਹਿਰ ਵਾਸੀਆਂ ਉੱਪਰ ਹਮਲਾ ਕਰਨ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਅਜਿਹਾ ਹੋਣ ਕਾਰਣ ਆਮ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ|
ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਦਾ ਹਲ ਕਰਨ ਦੀ  ਜਿੰਮੇਵਾਰੀ ਨਗਰ ਨਿਗਮ ਦੇ ਅਧੀਨ ਆਉਂਦੀ ਹੈ ਅਤੇ ਇਸ ਕੰਮ ਲਈ ਕਾਰਪੋਰੇਸ਼ਨ ਵਿੱਚ ਬਾਕਾਇਦਾ ਸਟਾਫ ਵੀ ਤੈਨਾਤ ਹੈ| ਨਗਰ ਨਿਗਮ ਵਲੋਂ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ (ਗਾਵਾਂ) ਦੀ ਦੇਖ ਰੇਖ ਲਈ ਬਾਕਾਇਦਾ ਗਊਸ਼ਾਲਾ ਦੀ ਉਸਾਰੀ ਵੀ ਕੀਤੀ ਗਈ ਹੈ ਜਿੱਥੇ ਅਜਿਹੇ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ ਪਰੰਤੂ ਇਸਦੇ ਬਾਵਜੂਦ ਨਗਰ ਨਿਗਮ ਦੇ ਆਵਾਰਾ ਪਸ਼ੂ ਫੜਣ ਵਾਲੇ ਅਮਲੇ ਦੇ ਕਰਮਚਾਰੀ ਇਸ ਸਮੱਸਿਆ ਨੂੰ ਹਲ ਕਿਉਂ ਨਹੀਂ ਕਰ ਪਾਉਂਦੇ ਇਸਦਾ ਜਵਾਬ ਦੇਣ ਵਾਲਾ ਕੋਈ ਨਹੀਂ ਹੈ|
ਨਗਰ ਨਿਗਮ ਵਲੋਂ ਇਸ ਸਮੱਸਿਆ ਦੇ ਹਲ ਲਈ ਕੀਤੀ ਜਾਣ ਵਾਲੀ ਕਾਰਵਾਈ ਸਦਾ ਹੀ ਸਵਾਲਾਂ ਦੇ ਘੇਰੇ ਵਿੱਚ ਰਹਿਦੀ ਆਈ ਹੈ| ਇਸ ਸੰਬੰਧੀ ਸ਼ਹਿਰ ਵਾਸੀ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਪਿੰਡਾਂ ਵਾਲਿਆਂ ਵਲੋਂ ਸ਼ਹਿਰ ਵਿੱਚ ਆਪਣੇ ਪਾਲਤੂ ਜਾਨਵਰਾਂ ਨੂੰ ਚਰਨ ਲਈ ਛੱਡਣ ਦੀ ਕਾਰਵਾਈ ਪ੍ਰਸ਼ਾਸ਼ਨ ਦੇ ਸੰਬੰਧਿਤ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਸਿਰੇ ਚੜ੍ਹਦੀ ਹੈ ਅਤੇ ਇਸ ਕਾਰਵਾਈ ਦੀ ਆੜ ਵਿੱਚ ਭ੍ਰਿਸ਼ਟਾਚਾਰ ਵੀ ਹੁੰਦਾ ਹੈ|
ਨਗਰ ਨਿਗਮ ਦੀ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰਵਾਸੀਆਂ ਨੂੰ ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ| ਇਸ ਸੰਬੰਧੀ ਨਗਰ ਨਿਗਮ ਦੇ ਆਵਾਰਾ ਪਸ਼ੂ ਫੜਣ ਵਾਲੇ ਅਮਲੇ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਆਪਣੀ ਜਿੰੰਮੇਵਾਰੀ ਨੂੰ ਠੀਕ ਢੰਗ ਨਾਲ ਨਾ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸਮੱਸਿਆ ਦੇ ਹਲ ਲਈ ਯੋਜਨਾਬੱਧ ਢੰਗ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ| ਇਸ ਸਮੱਸਿਆ ਦਾ ਪੱਕਾ ਹਲ ਕੱਢਿਆ ਜਾਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇ|

Leave a Reply

Your email address will not be published. Required fields are marked *