ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨਾ ਸਰਕਾਰ ਦੀ ਜਿੰਮੇਵਾਰੀ

ਸਾਡੇ ਸ਼ਹਿਰ ਜਾਂ ਸੂਬੇ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਗੰਭੀਰ ਰੁੱਖ ਅਖਤਿਆਰ ਕਰ ਚੁੱਕੀ ਹੈ ਅਤੇ ਦੇਸ਼ ਦੇ ਹਰ ਸ਼ਹਿਰ, ਪਿੰਡ ਅਤੇ ਕਸਬੇ ਵਿੱਚ ਇਹ ਸਮੱਸਿਆ ਲੋਕਾਂ ਨੂੰ ਬੁਰੀ ਤਰ੍ਹਾਂ ਤੰਗ ਕਰਦੀ ਹੈ| ਸ਼ਹਿਰਾਂ ਅਤੇ ਕਸਬਿਆਂ ਵਿੱਚ ਗਲੀਆਂ, ਸੜਕਾਂ ਉੱਪਰ ਅਜਿਹੇ ਆਵਾਰਾ ਪਸ਼ੂ ਘੁੰਮਦੇ ਆਮ ਦੇਖੇ ਜਾ ਸਕਦੇ ਹਨ ਜਿਹੜੇ ਥਾਂ ਥਾਂ ਤੇ ਝੁੰਡ ਬਣਾ ਕੇ ਇਕੱਠੇ ਹੋ ਜਾਂਦੇ ਹਨ ਅਤੇ ਗੰਦਗੀ ਫੈਲਾਉਂਦੇ ਹਨ| ਸੜਕਾਂ ਤੇ ਘੁੰਮਦੇ ਆਵਾਰਾ ਪਸ਼ੂਆਂ ਦੇ ਇਹ ਝੁੰਡ ਜਿੱਥੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ, ਉੱਥੇ ਇਹਨਾਂ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ|
ਆਵਾਰਾ ਪਸ਼ੂਆਂ ਕਾਰਨ ਵਾਪਰਦੇ ਸੜਕ ਹਾਦਸਿਆਂ ਵਿੱਚ ਜਿੱਥੇ ਵਾਹਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਉੱਥੇ ਇਹਨਾਂ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਵੀ ਅਜਾਈਂ ਹੀ ਚਲੀਆਂ ਜਾਂਦੀਆਂ ਹਨ| ਸੜਕਾਂ ਅਤੇ ਮੁਹੱਲਿਆਂ ਵਿੱਚ ਘੁੰਮਦੇ ਇਹ ਆਵਾਰਾ ਪਸ਼ੂ ਕਈ ਵਾਰ ਆਪਸ ਵਿੱਚ ਹੀ ਬੁਰੀ ਤਰ੍ਹਾਂ ਲੜ ਪੈਂਦੇ ਹਨ ਅਤੇ ਕਦੇ ਕਦਾਰ ਤਾਂ ਇਹਨਾਂ ਦੀ ਲੜਾਈ ਦੀ ਲਪੇਟ ਵਿਚ ਆਉਣ ਕਾਰਨ ਲੋਕ ਵੀ ਜਖਮੀ ਹੋ ਜਾਂਦੇ ਹਨ| ਆਪਣੀ ਇਸ ਆਪਸੀ ਲੜਾਈ ਦੌਰਾਨ ਇਹ ਆਵਾਰਾ ਪਸ਼ੂ ਇੱਕ ਦੂਜੇ ਨਾਲ ਖਿੱਚ ਧੂਹ ਕਰਦੇ ਕਰਦੇ ਕਈ ਵਾਰ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਦਾਖਿਲ ਹੋ ਜਾਂਦੇ ਹਨ ਤੇ ਭਾਰੀ ਨੁਕਸਾਨ ਕਰਦੇ ਹਨ|
ਇਹ ਆਵਾਰਾ ਪਸ਼ੂ ਅਕਸਰ ਰਾਤ ਸਮੇਂ ਸੜਕ ਦੇ ਵਿਚਕਾਰ ਹੀ ਬੈਠ ਜਾਂਦੇ ਹਨ ਅਤੇ ਰਾਤ ਦੇ ਹਨੇਰੇ ਵਿਚ ਕਿਸੇ ਨੂੰ ਨਜ਼ਰ ਨਾ ਆਉਣ ਕਾਰਨ ਵਾਹਨ ਚਾਲਕ ਇਹਨਾਂ ਨਾਲ ਟਕਰਾਅ ਜਾਂਦੇ ਹਨ| ਸਰਕਾਰ ਵਲੋਂ ਇਹਨਾਂ ਆਵਾਰਾ ਪਸ਼ਾਂ ਦੀ ਸਾਂਭ ਸੰਭਾਲ ਕਰਨ ਦੇ ਨਾਮ ਤੇ ਬਿਜਲੀ ਬਿਲਾਂ ਅਤੇ ਹੋਰ ਸਮਾਨ ਉਪਰ ਗਊ ਵੀ ਸੈੱਸ ਲਗਾ ਦਿੱਤਾ ਗਿਆ ਹੈ, ਇਸ ਨਾਲ ਲੋਕਾਂ ਉਪਰ ਆਰਥਿਕ ਬੋਝ ਤਾਂ ਪੈ ਗਿਆ ਹੈ, ਪਰੰਤੂ ਇਸ ਸਭ ਦੇ ਬਾਵਜੂਦ ਸਰਕਾਰ ਵਲੋਂ ਆਵਾਰਾ ਪਸ਼ੂਆਂ ਦੀ ਸਮੱਸਿਆਂ ਦੇ ਹਲ ਲਈ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਦੀ ਸਮੱਸਿਆ ਪਹਿਲਾਂ ਵਾਂਗ ਹੀ ਬਣੀ ਹੋਈ ਹੈ|
ਇੰਨਾ ਹੀ ਨਹੀਂ ਬਲਕਿ ਇਹ ਆਵਾਰਾ ਪਸ਼ੂ ਖੇਤਾਂ ਵਿੱਚ ਜਾ ਕੇ ਫਸਲਾਂ ਦਾ ਵੱਡਾ ਨੁਕਸਾਨ ਕਰਦੇ ਹਨ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ| ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਵਿੱਚ ਹੁੰਦੇ ਲਗਾਤਾਰ ਵਾਧੇ ਦਾ ਇੱਕ ਕਾਰਨ ਸ਼ਾਇਦ ਇਹ ਵੀ ਹੈ ਕਿ ਲੋਕ ਆਪਣੇ ਦੁਧਾਰੂ ਪਸ਼ੂਆਂ ਨੂੰ ਵੀ ਗਲੀਆਂ ਵਿੱਚ ਖੁੱਲਾ ਛੱਡ ਦਿੰਦੇ ਹਨ ਅਤੇ ਇਹ ਪਾਲਤੂ ਪਸ਼ੂ ਸਾਰਾ ਦਿਨ ਗਲੀਆਂ ਵਿਚ ਗੰਦ-ਮੰਦ ਖਾ ਕੇ ਸ਼ਾਮ ਨੂੰ ਮੁੜ ਆਪਣੇ ਮਾਲਕਾਂ ਦੇ ਘਰਾਂ ਵਿੱਚ ਪਹੁੰਚ ਜਾਂਦੇ ਹਨ| ਕਈ ਲੋਕ ਅਜਿਹੇ ਵੀ ਹਨ, ਜੋ ਦੁਧਾਰੂ ਪਸ਼ੂ ਤਾਂ ਪਾਲਦੇ ਹਨ, ਪਰ ਜਦੋਂ ਉਹ ਪਸ਼ੂ ਦੁੱਧ ਦੇਣਾ ਬੰਦ ਕਰ ਦਿੰਦੇ ਹਨ, ਤਾਂ ਇਹ ਲੋਕ ਉਹਨਾਂ ਨੂੰ ਬਾਹਰ ਕੱਢ ਕੇ ਆਵਾਰਾ ਘੁੰਮਣ ਲਈ ਛੱਡ ਦਿੰਦੇ ਹਨ| ਕੁੱਝ ਸ਼ਹਿਰਾਂ ਵਿੱਚ ਤਾਂ ਘੋੜਿਆਂ ਤੇ ਖੱਚਰਾਂ ਕਾਰਨ ਵੀ ਸੱਮਸਿਆ ਬਣੀ ਰਹਿੰਦੀ ਹੈ ਜਿੱਥੇ ਇਹ ਆਵਾਰਾ ਘੋੜੇ ਤੇ ਖੱਚਰ ਸੜਕਾਂ ਤੇ ਇੱਧਰ ਉੱਧਰ ਘੁੰਮਦੇ ਰਹਿੰਦੇ ਹਨ|
ਹਾਲਾਤ ਇਹ ਹਨ ਕਿ ਦੇਸ਼ ਦੇ ਲਗਭਗ ਹਰੇਕ ਸ਼ਹਿਰ, ਪਿੰਡ ਅਤੇ ਕਸਬੇ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਇਸ ਸਮੱਸਿਆ ਦਾ ਹੱਲ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈਆਂ ਹਨ| ਇਸ ਸੰਬੰਧੀ ਸਾਡੇ ਹੁਕਮਰਾਨ ਪੂਰੀ ਤਰ੍ਹਾਂ ਅਵੇਸਲੇ ਹਨ ਅਤੇ ਇਹਨਾਂ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਕਰਨਾ ਜਾਂ ਤਾਂ ਉਹਨਾਂ ਨੂੰ ਜਰੂਰੀ ਨਹੀਂ ਲੱਗਦਾ ਜਾਂ ਫਿਰ ਉਹ ਜਾਣ ਬੁੱਝ ਕੇ ਇਸ ਸੰਬੰਧੀ ਕੋਈ ਕਾਰਵਾਈ ਕਰਨਾ ਹੀ ਨਹੀਂ ਚਾਹੁੰਦੇ|
ਇਸ ਸਮੱਸਿਆ ਤੇ ਕਾਬੂ ਕਰਨ ਲਈ ਭਾਵੇਂ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਰਕਾਰ ਵਲੋਂ ਕੈਟਲ ਪਾਉਂਡ ਬਣਾਏ ਗਏ ਹਨ ਜਿੱਥੇ ਇਹਨਾਂ ਆਵਾਰਾ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਲਗਭਗ ਹਰ ਸ਼ਹਿਰ ਵਿੱਚ ਗਉਸ਼ਾਲਾਵਾਂ ਵੀ ਮੌਜੂਦ ਹਨ ਪਰ ਇਸ ਸਭ ਦੇ ਬਾਵਜੂਦ ਥਾਂ ਥਾਂ ਤੇ ਘੁੰਮਦੇ ਇਹਨਾਂ ਆਵਾਰਾ ਪਸ਼ੂਆਂ ਦੀ ਮੌਜੂਦਗੀ ਇਹ ਸਾਬਿਤ ਕਰਦੀ ਹੈ ਕਿ ਇਸ ਸੰਬੰਧੀ ਸਰਕਾਰ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਤਸੱਲੀਬਖਸ਼ ਨਹੀਂ ਹੈ| ਸਰਕਾਰ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਨੂੰ ਹਲ ਕਰਨਾ ਉਸਦੀ ਜਿੰਮੇਵਾਰੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਵਾਰਾ ਪਸ਼ੂਆਂ ਦੀ ਸਮੱਸਿਆਂ ਦੇ ਹੱਲ ਲਈ ਠੋਸ ਉਪਰਾਲੇ ਕਰੇ ਤਾਂ ਜੋ ਆਮ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਰਾਹਤ ਮਿਲੇ|

Leave a Reply

Your email address will not be published. Required fields are marked *