ਆਵਾਰਾ ਪਸ਼ੂਆਂ ਦੇ ਮੁੱਦੇ ਤੇ ਭਖ ਰਹੀ ਹੈ ਰਾਜਨੀਤੀ

ਆਵਾਰਾ ਪਸ਼ੂਆਂ ਦੇ ਮੁੱਦੇ ਤੇ ਭਖ ਰਹੀ ਹੈ ਰਾਜਨੀਤੀ
ਸ਼ਹਿਰ ਦੇ ਮਾਹੌਲ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਮੁੱਦੇ ਤੇ ਵੱਧਦਾ ਤਨਾਓ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 11ਜੁਲਾਈ

ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ (ਜਿਹਨਾਂ ਵਿੱਚ ਜਿਆਦਾਤਰ ਪਸ਼ੂ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਦੇ ਪਾਲਤੂ ਪਸ਼ੂ ਹੁੰਦੇ ਹਨ) ਤੇ ਕੀਤੀ ਜਾਣ ਵਾਲੀ ਕਾਰਵਾਈ ਦੇ ਵਿਰੋਧ ਵਿੱਚ ਪਸ਼ੂ ਪਾਲਕਾਂ ਵਲੋਂ ਕੀਤੀ ਜਾਣ ਵਾਲੀ ਲਾਮਬੰਦੀ ਦੇ ਨਾਲ ਹੀ ਸਿਆਸਤ ਵੀ ਭਖਣ ਲੱਗ ਪਈ ਹੈ| ਇਸ ਮੁੱਦੇ ਤੇ ਜਿੱਥੇ ਨਗਰ ਨਿਗਮ ਵਲੋਂ ਆਪਣੇ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ ਵਲੋਂ ਘਰਾਂ ਵਿੱਚ ਪਸ਼ੂ ਪਾਲਣ ਵਾਲੇ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਲਈ ਪਸ਼ੂ ਪਾਲਕਾਂ ਦੀ ਸੂਚੀ ਦੇ ਕੇ ਪੁਲੀਸ ਨੂੰ ਬਣਦੀ ਕਾਰਵਾਈ ਕਰਨ ਲਈ ਲਿਖਿਆ ਜਾ ਚੁੱਕਿਆ ਹੈ ਅਤੇ ਪੁਲੀਸ ਵਲੋਂ ਇਸ ਸੰਬੰਧੀ ਪਸ਼ੂ ਪਾਲਕਾਂ ਦੇ ਖਿਲਾਫ ਧਾਰਾ 188 ਦੇ ਤਹਿਤ ਕਾਰਵਾਈ ਵੀ ਆਰੰਭ ਕਰ ਦਿੱਤੀ ਗਈ ਹੈ ਉੱਥੇ ਪਿੰਡਾਂ ਦੇ ਵਸਨੀਕ ਇਸ ਗੱਲ ਤੇ ਅੜੇ ਹੋਏ ਹਨ ਕਿ ਜੇਕਰ ਨਗਰ ਨਿਗਮ ਨੇ ਪਿੰਡਾਂ ਵਿੱਚੋਂ ਪਸ਼ੂ ਬਾਹਰ ਕੱਢਣੇ ਹਨ ਤਾਂ ਉਹਨਾਂ ਨੂੰ ਚੰਡੀਗੜ੍ਹ ਦੀ ਤਰਜ ਤੇ ਮਿਲਕ ਕਾਲੋਨੀ ਵਸਾ ਕੇ ਪਲਾਟ ਦਿੱਤੇ ਜਾਣ|
ਸ਼ਹਿਰ ਵਿਚਲੀ ਆਵਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਾਸੀ ਨਗਰ ਨਿਗਮ (ਪਹਿਲਾਂ ਕੌਂਸਲ) ਦੇ ਕਰਮਚਾਰੀਆਂ ਤੇ ਇਹ ਇਲਜਾਮ ਲਗਾਉਂਦੇ ਰਹੇ ਹਨ ਕਿ ਉਹਨਾਂ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰੀ ਖੇਤਰ ਵਿੱਚ ਆਪਣੇ ਪਸ਼ੂ ਚਰਾਉਣ ਦੀ ਖੁੱਲ ਦਿੱਤੀ ਜਾਂਦੀ ਰਹੀ ਹੈ ਜਿਸਦੇ ਬਦਲੇ ਪਸ਼ੂ ਪਾਲਕ ਇਹਨਾਂ ਕਰਮਚਾਰੀਆਂ ਦੀ ਮੁੱਠੀ ਗਰਮ ਕਰਦੇ ਹਨ| ਪਿੰਡਾਂ ਦੇ ਇਹਨਾਂ ਪਸ਼ੂ ਪਾਲਕਾਂ ਵਿੱਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਖੁਦ ਆਪਣੇ ਪਸ਼ੂ ਸ਼ਹਿਰੀ ਖੇਤਰ ਵਿੱਚ ਚਰਾਉਣ ਲਈ ਲੈ ਕੇ ਆਉਂਦੇ ਹਨ ਅਤੇ ਜੇਕਰ ਕੋਈ ਉਹਨਾਂ ਦਾ ਵਿਰੋਧ ਕਰੇ ਤਾਂ ਇਹ ਲੜਣ ਤਕ ਲਈ ਤਿਆਰ ਹੋ ਜਾਂਦੇ ਹਨ| ਹੋਰ ਤਾਂ ਹੋਰ ਅਜਿਹੇ ਕੁੱਝ ਲੋਕਾਂ ਵਲੋਂ ਉਹਨਾਂ ਦੇ ਪਸ਼ੂ ਫੜਣ ਗਏ ਨਿਗਮ ਦੇ ਕਰਮਚਾਰੀਆਂ ਦੇ ਨਾਲ ਕੁੱਟਮਾਰ ਤਕ ਕੀਤੀ ਜਾ ਚੁੱਕੀ ਹੈ ਅਤੇ ਇਸ ਸੰਬੰਧੀ ਪੁਲੀਸ ਵਿੱਚ ਬਾਕਾਇਦਾ ਮਾਮਲੇ ਵੀ ਦਰਜ ਹੋਏ ਹਨ| ਸ਼ਹਿਰ ਵਿੱਚ ਘੁੰਮਦੇ ਇਹ ਆਵਾਰਾ ਪਸ਼ੂ ਨਾ ਸਿਰਫ ਭਾਰੀ ਗੰਦਗੀ ਫੈਲਾਉਂਦੇ ਹਨ ਬਲਕਿ ਇਹ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ| ਕੁੱਝ ਸਮਾਂ ਪਹਿਲਾਂ ਸ਼ਹਿਰ ਵਿੱਚ ਆਵਾਰਾ ਘੁੰਮ ਰਹੀ ਇੱਕ ਆਵਾਰਾ ਗਾਂ ਵਿੱਚ ਟੱਕਰ ਵੱਜਣ ਕਾਰਨ ਇੱਕ ਮੋਟਰ ਸਾਈਕਲ ਚਾਲਕ ਦੀ ਮੌਤ ਵੀ ਹੋ ਚੁੱਕੀ ਹੈ|
ਪਿਛਲੇ ਕਈ ਸਾਲਾਂ ਤੋਂ ਅਜਿਹਾ ਹੀ ਚਲਦਾ ਆ ਰਿਹਾ ਸੀ ਅਤੇ ਨਗਰ ਨਿਗਮ ਵਲੋਂ ਇਸ ਸੰਬੰਧੀ ਲੋੜੀਂਦੀ ਕਾਰਵਾਈ ਦੀ ਅਣਹੋਂਦ ਕਾਰਨ ਆਵਾਰਾ ਪਸ਼ੂਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਸੀ ਪਰੰਤੂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਵਲੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਣ ਤੋਂ ਬਾਅਦ ਇਸ ਸਮੱਸਿਆ ਦੇ ਹਲ ਲਈ ਚੁੱਕੇ ਜਾਣ ਵਾਲੇ ਕਦਮਾਂ ਤਹਿਤ ਸ਼ਹਿਰ ਵਿੱਚ ਆਪਣੇ ਪਸ਼ੂ ਚਾਰਨ ਵਾਲੇ ਲੋਕਾਂ ਨੂੰ ਮੀਟਿੰਗ ਲਈ ਸੱਦ ਕੇ ਅਜਿਹਾ ਨਾ ਕਰਨ ਲਈ ਕਿਹਾ ਗਿਆ ਸੀ ਤਾਂ ਜੋ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ ਪਰੰਤੂ ਪਸ਼ੂ ਪਾਲਕਾਂ ਦੇ ਸੰਜੀਦਾ ਨਾ ਹੋਣ ਕਾਰਨ ਇਹ ਮਸਲੇ ਦਾ ਕੋਈ ਹਲ ਨਾ ਨਿਕਲਿਆ| ਇਸਤੋਂ ਬਾਅਦ ਕਮਿਸ਼ਨਰ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਗਰ ਨਿਗਮ ਦੇ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਪਸ਼ੂਆਂ ਨੂੰ ਨਿਗਮ ਦੀ ਹੱਦ ਤੋਂ ਬਾਹਰ ਕੱਢਣ ਲਈ ਨੋਟਿਸ ਜਾਰੀ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਮਿੱਥੇ ਸਮੇਂ ਵਿੱਚ ਉਹਨਾਂ ਨੇ ਆਪਣੇ ਪਸ਼ੂ ਨਿਗਮ ਦੀ ਹੱਦ ਤੋਂ ਬਾਹਰ ਨਾ ਕੱਢੇ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ| ਇਹ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਇਸ ਮੁੱਦੇ ਤੇ ਸਿਆਸਤ ਭਖ ਗਈ ਸੀ ਅਤੇ ਪਿਡਾਂ ਦੇ ਵਸਨੀਕਾਂ ਵਲੋਂ ਉਹਨਾਂ ਨੂੰ ਪਸ਼ੂ ਪਾਲਣ ਲਈ ਵੱਖਰੀ ਥਾਂ ਦੇਣ ਅਤੇ ਚੰਡੀਗੜ੍ਹ ਦੀ ਤਰਜ ਤੇ ਮਿਲਕ ਕਾਲੋਨੀ ਵਸਾਉਣ ਦੀ ਮੰਗ ਕੀਤੀ ਗਈ ਸੀ|

ਇਸ ਸੰਬੰਧੀ ਹਾਲਾਤ ਵਿੱਚ ਕੋਈ ਤਬਦੀਲੀ ਨਾ ਹੋਣ ਤੇ ਕਮਿਸ਼ਨਰ ਵਲੋਂ ਪੁਲੀਸ ਨੂੰ ਪਸ਼ੂ ਪਾਲਕਾਂ ਦੀ ਸੂਚੀ ਦੇ ਕੇ ਇਸ ਸੰਬੰਧੀ ਬਣਦੀ ਕਾਰਵਾਈ ਕਰਨ ਲਈ ਲਿਖਣ ਤੋਂ ਬਾਅਦ ਹੁਣ ਪੁਲੀਸ ਵਲੋਂ ਪਸ਼ੂ ਪਾਲਕਾਂ ਨੂੰ ਧਾਰਾ 188 ਦੇ ਤਹਿਤ ਜਮਾਨਤਾਂ ਲੈਣ ਲਈ ਕਿਹਾ ਜਾ ਰਿਹਾ ਹੈ ਅਤੇ ਇਸਦੇ ਨਾਲ ਹੀ ਪਸ਼ੂ ਪਾਲਕਾਂ ਨੇ ਇਸ ਮੁੱਦੇ ਤੇ ਨਗਰ ਨਿਗਮ ਅਤੇ ਪੁਲੀਸ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ| ਇਸ ਮੁੱਦੇ ਤੇ ਸ਼ਹਿਰ ਦੇ ਕੁੱਝ ਕੌਂਸਲਰ ਵੀ ਪਸ਼ੂ ਪਾਲਕਾਂ ਦੇ ਨਾਲ ਖੜ੍ਹੇ ਦਿਖ ਰਹੇ ਹਨ ਅਤੇ ਇਸ ਮੁੱਦੇ ਦੇ ਆਉਣ ਵਾਲੇ ਦਿਨਾਂ ਵਿੱਚ ਹੋਰ ਭਖਣ ਦੀ ਸੰਭਾਵਨਾ ਹੈ|
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਇਸ ਸੰਬੰਧੀ ਗੱਲ ਕਰਨ ਤੇ ਕਿਹਾ ਕਿ ਉਹਨਾਂ ਵਲੋਂ ਸ਼ਹਿਰ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ| ਉਹਨਾਂ ਕਿਹਾ ਕਿ ਸ਼ਹਿਰ ਵਿੱਚ ਘੁੰਮਦੇ ਇਹਨਾਂ ਪਸ਼ੂਆਂ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਅਤੇ ਇਹ ਪਸ਼ੂ ਪਾਲਕ ਸ਼ਹਿਰ ਵਿੱਚ ਜਬਰਦਸਤੀ ਆਪਣੇ ਪਸ਼ੂ ਨਹੀਂ ਚਾਰ ਸਕਦੇ| ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਪਸ਼ੂ ਪਾਲਕਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹਲ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਪਸ਼ੂ ਪਾਲਕ ਕੋਈ ਗੱਲ ਮੰਨਣ ਲਈ ਤਿਆਰ ਨਹੀਂ ਹੋਏ ਜਿਸ ਕਾਰਨ ਨਿਗਮ ਨੂੰ ਪਸ਼ੂ ਪਾਲਕਾਂ ਦੇ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਹੈ|

Leave a Reply

Your email address will not be published. Required fields are marked *