ਆਵਾਰਾ ਪਸ਼ੂ ਫੜਣ ਵਾਂਗ ਨਾਜ਼ਾਇਜ਼ ਕਬਜਿਆਂ ਤੇ ਕਾਬੂ ਕਰਨ ਦਾ ਕੰਮ ਵੀ ਠੇਕੇ ਤੇ ਦੇਵੇ ਨਿਗਮ

ਪਿਛਲੇ ਹਫਤੇ ਹੋਈ ਨਗਰ ਨਿਗਮ ਦੀ ਮੀਟਿੰਗ ਦੌਰਾਨ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੀ ਫੜੋ ਫੜਾਈ ਦਾ ਕੰਮ ਪ੍ਰਾਈਵੇਟ ਠੇਕੇ ਤੇ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ| ਇਸ ਮਤੇ ਦੇ ਪਾਸ ਹੋਣ ਨਾਲ ਇਹ ਆਸ ਪ੍ਰਗਟਾਈ ਜਾ ਸਕਦੀ ਹੈ ਕਿ ਇਸ ਨਾਲ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੀ ਸਮੱਸਿਆ ਕਾਫੀ ਹੱਦ ਤਕ ਹੱਲ ਹੋ ਸਕੇਗੀ ਕਿਉਂਕਿ ਨਿੱਜੀ ਠੇਕੇਦਾਰ ਵਲੋਂ ਆਪਣੀ ਕਮਾਈ ਵਧਾਊਣ ਲਈ ਵੱਧ ਤੋਂ ਵੱਧ ਪਸ਼ੂਆਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਤੇ ਕਾਫੀ ਹੱਦ ਤਕ ਕਾਬੂ ਹੋ ਸਕੇਗਾ|
ਸਾਡੇ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਵਾਂਗ ਹੀ ਨਾਜਾਇਜ ਕਬਜਿਆਂ ਦੀ ਸਮੱਸਿਆ ਵੀ ਇੰਨੀ ਜਿਆਦਾ ਵੱਧ ਗਈ ਹੈ ਕਿ ਇਹ ਨਾਜਾਇਜ ਕਬਜੇ ਹੁਣ ਸਾਡੇ ਸ਼ਹਿਰ ਦੀ ਪਹਿਚਾਣ ਬਣ ਗਏ ਹਨ| ਇਹ ਨਾਜਾਇਜ਼ ਕਬਜੇ ਇੰਨੇ ਆਮ ਹਨ ਕਿ ਅਕਸਰ ਲੋਕ ਆਪਣਾ ਪਤਾ ਟਿਕਾਣਾ ਦੱਸਣ ਵੇਲੇ ਨਿਸ਼ਾਨੀ ਦੇ ਰੂਪ ਵਿੱਚ ਇਹਨਾਂ ਨਾਜਾਇਜ ਕਬਜਿਆਂ ਦਾ ਹੀ ਜਿਕਰ ਕਰਦੇ ਹਨ| ਸ਼ਹਿਰ ਦੀਆਂ ਅੰਦਰੂਨੀ ਗਲੀਆਂ ਤੋਂ ਲੈ ਕੇ ਮੁੱਖ ਸੜਕਾਂ ਤਕ ਹਰ ਪਾਸੇ ਇਹਨਾਂ ਨਾਜਾਇਜ ਕਬਜਿਆਂ ਦੀ ਭਰਮਾਰ ਹੈ ਪਰੰਤੂ ਇਹਨਾਂ ਉੱਤੇ ਕਾਬੂ ਕਰਨ ਵਾਲਾ ਕੋਈ ਨਹੀਂ ਹੈ|
ਸ਼ਹਿਰ ਵਿੱਚ ਜਿਸ ਪਾਸੇ ਵੀ ਨਜਰ ਮਾਰੋ ਸਰਕਾਰੀ ਜਮੀਨ ਤੇ ਨਾਜਾਇਜ ਕਬਜਾ ਕਰਕੇ ਚਲਾਇਆ ਜਾਂਦਾ ਕੋਈ ਨਾ ਕੋਈ ਕੰਮ ਨਜਰ ਆ ਜਾਂਦਾ ਹੈ| ਸ਼ਹਿਰ ਵਾਸੀ ਇਹ ਇਲਜਾਮ ਵੀ ਲਗਾਉੱਦੇ ਹਨ ਕਿ ਇਹਨਾਂ ਨਾਜਾਇਜ ਕਬਜਿਆਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਦਾ ਲੰਬਾ ਚੌੜਾ ਕਾਰੋਬਾਰ ਚਲਦਾ ਹੈ| ਇਹ ਨਾਜ਼ਾਇਜ਼ ਕਬਜੇ ਉਹਨਾਂ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਅੰਜਾਮ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਜਿੰਮੇਵਾਰੀ ਇਹਨਾਂ ਕਬਜਿਆਂ ਨੂੰ ਖਤਮ ਕਰਨਾ ਹੈ ਅਤੇ ਇਸਦੇ ਬਦਲੇ ਇਹਨਾਂ ਨਾਜ਼ਾਇਜ਼ ਕਬਜੇ ਕਰਨ ਵਾਲਿਆਂ ਤੋਂ ਇਸ ਬਦਲੇ ਹਰ ਮਹੀਨੇ ਇੱਕਮੁਸ਼ਤ ਰਕਮ ਦੀ ਵਸੂਲੀ ਕੀਤੀ ਜਾਂਦੀ ਹੈ|
ਇਹਨਾਂ ਨਾਜ਼ਾਇਜ਼ ਕਬਜਿਆਂ ਨੂੰ ਖਤਮ ਕਰਵਾਉਣ ਦੀ ਜਿੰਮੇਵਾਰੀ ਨਗਰ ਨਿਗਮ ਦੇ ਅਧੀਨ ਹੈ ਅਤੇ ਨਿਗਮ ਦਾ ਨਾਜ਼ਾਇਜ਼ ਕਬਜੇ ਹਟਾਉਣ ਵਾਲਾ ਅਮਲਾ ਫੈਲਾ ਕਦੇ ਕਦਾਰ ਸ਼ਹਿਰ ਦੀ ਇਸ ਅਹਿਮ ਸਮੱਸਿਆ ਦੇ ਹੱਲ ਲਈ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਅਜਿਹੀਆਂ ਰੇਹੜੀਆਂ ਫੜੀਆਂ ਦਾ ਸਮਾਨ ਜਬਤ ਕਰਦਾ ਵੀ ਦਿਖਦਾ ਹੈ ਪਰੰਤੂ ਇਹ ਕਾਰਵਾਈ ਕਾਫੀ ਹੱਦ ਤਕ ਨਾਕਾਮ ਸਾਬਿਤ ਹੁੰਦੀ ਹੈ| ਹਾਲਾਤ ਇਹ ਹਨ ਕਿ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਕੀਤੀ ਜਾਣ ਵਾਲੀ ਇਸ ਕਾਰਵਾਈ ਦੀ ਖਬਰ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਕੋਲ ਪਹਿਲਾਂ ਹੀ ਪਹੁੰਚ ਜਾਂਦੀ ਹੈ ਅਤੇ ਉਹ ਤੁੰਰਤ ਫੁਰਤ ਵਿੱਚ ਆਪਣਾ ਸਾਮਾਨ ਸਮੇਟ ਕੇ ਮੌਕੇ ਤੋਂ ਗਾਇਬ ਹੋ ਜਾਂਦੇ ਹਨ| ਨਿਗਮ ਦੀ ਕਾਰਵਾਈ ਤੋਂ ਬਾਅਦ ਇਹ ਰੇਹੜੀਆਂ ਵਾਲੇ ਮੁੜ ਆਪਣੀ ਥਾਂ ਪਰਤ ਆਉਂਦੇ ਹਨ|
ਇਹ ਨਾਜ਼ਾਇਜ਼ ਕਬਜੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਗੁਜਾਰੀ ਤੇ ਤਾਂ ਸਵਾਲੀਆ ਨਿਸ਼ਾਨ ਚੁੱਕਦੇ ਹੀ ਹਨ ਆਮ ਲੋਕਾਂ ਵਲੋਂ ਇਹਨਾਂ ਨਾਜ਼ਾਇਜ਼ ਕਬਜਿਆਂ ਦੀ ਆੜ ਵਿੱਚ ਲਗਾਏ ਜਾਣ ਵਾਲੇ ਭ੍ਰਿਸ਼ਟਾਚਾਰ ਦੇ ਇਲਜਾਮਾਂ ਨੂੰ ਵੀ ਪੁਖਤਾ ਕਰਦੇ ਹਨ ਅਤੇ ਇਹਨਾਂ ਨੂੰ ਖਤਮ ਕਰਨ ਲਈ ਸਖਤ ਕਰਵਾਈ ਕੀਤੀ ਜਾਣੀ ਬਹੁਤ ਜਰੂਰੀ ਹੈ| ਨਗਰ ਨਿਗਮ ਵਲੋਂ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਕਿਸੇ ਪੱਖੋਂ ਵੀ ਤਸੱਲੀਬਖਸ਼ ਨਹੀਂ ਹੈ ਅਤੇ ਇਸ ਵਿੱਚ ਸੁਧਾਰ ਕੀਤਾ ਜਾਣਾ ਬਹੁਤ ਜਰੂਰੀ ਹੈ|
ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿੱਚ ਲਗਾਤਾਰ ਵੱਧਦੇ ਨਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨਾਕਾਮੀ ਨੇ ਕਾਫੀ ਹੱਦ ਤਕ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਅਧਿਕਾਰੀ ਅਤੇ ਕਰਮਚਾਰੀ ਇਸ ਜਿੰਮੇਵਾਰੀ ਨੂੰ ਨਿਭਾਉਣ ਦੇ ਯੋਗ ਹੀ ਨਹੀਂ ਹਨ ਇਸ ਲਈ ਇਹ ਜਿੰਮੇਵਾਰੀ ਕਿਸੇ ਹੋਰ ਨੂੰ ਸੰਭਾਲੀ ਜਾਣੀ ਚਾਹੀਦੀ ਹੈ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਸ਼ਹਿਰ ਦੀ ਇਸ ਲਗਾਤਾਰ ਵੱਧਦੀ ਸਮੱਸਿਆ ਦੇ ਹੱਲ ਲਈ ਉਹ ਆਵਾਰਾ ਪਸ਼ੂਆਂ ਦੀ ਫੜੋ ਫੜਾਈ ਦੇ ਕੰਮ ਵਾਂਗ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਦਾ ਕੰਮ ਵੀ ਨਿੱਜੀ ਠੇਕੇਦਾਰਾਂ ਦੇ ਸਪੁਰਦ ਕਰਨ ਲਈ ਮਤਾ ਲਿਆਉਣ| ਅਜਿਹਾ ਕਰਕੇ ਜਿੱਥੇ ਸ਼ਹਿਰ ਵਿਚਲੀ ਨਾਜ਼ਾਇਜ਼ ਕਬਜਿਆਂ ਦੀ ਸਮੱਸਿਆ ਨੂੰ ਕਾਫੀ ਹੱਦ ਤਕ ਹੱਲ ਕੀਤਾ ਜਾ ਸਕਦਾ ਹੈ ਉੱਥੇ ਇਹਨਾਂ ਨਾਜ਼ਾਇਜ਼ ਕਬਜਿਆਂ ਦੀ ਆੜ ਵਿੱਚ ਚਲਦੇ ਭ੍ਰਿਸ਼ਟਾਚਾਰ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ| ਲੋੜ ਬਸ ਪਾਰਦਰਸ਼ੀ ਅਤੇ ਸਾਫ ਸੁਥਰੇ ਢੰਗ ਨਾਲ ਇਸ ਕਰਵਾਈ ਨੂੰ ਅੰਜਾਮ ਦੇਣ ਦੀ ਹੈ ਤਾਂ ਜੋ ਸ਼ਹਿਰ ਵਿੱਚ ਦਿਨੋਂ ਦਿਨ ਵੱਧਦੇ ਇਹਨਾਂ ਨਾਜ਼ਾਇਜ਼ ਕਬਜਿਆਂ ਨੂੰ ਪ੍ਰਭਾਵੀ ਢੰਗ ਨਾਲ ਖਤਮ ਕੀਤਾ ਜਾ ਸਕੇ|

Leave a Reply

Your email address will not be published. Required fields are marked *