ਆਵਾਰਾ ਪਸ਼ੂ ਫੜਣ ਵਾਲੇ ਅਮਲੇ ਦੀ ਪਸ਼ੂ ਮਾਲਕਾਂ ਨਾਲ ਮਿਲੀਭੁਗਤ ਕਾਰਨ ਵੱਧ ਰਹੀ ਹੈ ਆਵਾਰਾ ਪਸ਼ੂਆਂ ਦੀ ਸਮੱਸਿਆ : ਆਰ ਪੀ ਸ਼ਰਮਾ

ਆਵਾਰਾ ਪਸ਼ੂ ਫੜਣ ਵਾਲੇ ਅਮਲੇ ਦੀ ਪਸ਼ੂ ਮਾਲਕਾਂ ਨਾਲ ਮਿਲੀਭੁਗਤ ਕਾਰਨ ਵੱਧ ਰਹੀ ਹੈ ਆਵਾਰਾ ਪਸ਼ੂਆਂ ਦੀ ਸਮੱਸਿਆ : ਆਰ ਪੀ ਸ਼ਰਮਾ
ਪਸ਼ੂ ਮਾਲਕਾਂ ਨੂੰ ਨਿਗਮ ਦੇ ਅਮਲੇ ਤੋਂ ਮਿਲ ਜਾਂਦੀ ਹੈ ਕਾਰਵਾਈ ਦੀ ਅਗਾਉਂ ਜਾਣਕਾਰੀ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 5 ਮਾਰਚ

ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਲਗਾਤਾਰ ਵੱਧਦੀ ਸਮੱਸਿਆ ਦੇ ਦੌਰਾਨ ਇੱਕ ਅਹਿਮ ਖੁਲਾਸਾ ਹੋਇਆ ਹੈ ਕਿ ਨਿਗਮ ਦੇ ਆਵਾਰਾ ਪਸ਼ੂ ਫੜਣ ਵਾਲੇ ਅਮਲੇ ਵਿੱਚ ਤੈਨਾਲ ਕਰਮਚਾਰੀ ਖੁਦ ਹੀ ਪਸ਼ੂ ਮਾਲਕਾਂ ਨੂੰ ਫੋਨ ਕਰਕੇ ਨਿਗਮ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਅਗਾਉਂ ਜਾਣਕਾਰੀ ਮੁਹਈਆ ਕਰਵਾ ਦਿੰਦੇ ਹਨ ਤਾਂ ਜੋ ਉਹ ਮੌਕੇ ਤੋਂ ਆਪਣੇ ਪਸ਼ੂ ਕਿਤੇ ਹੋਰ ਲੈ ਜਾਣ ਅਤੇ ਜਦੋਂ ਤਕ ਨਿਗਮ ਦਾ ਆਵਾਰਾ ਪਸ਼ੂ ਫੜਣ ਵਾਲਾ ਅਮਲਾ ਮੌਕੇ ਤੇ ਪਹੁੰਚਦਾ ਹੈ ਉਦੋਂ ਤਕ ਪਸ਼ੂ ਮਾਲਕ ਆਪਣੇ ਪਸ਼ੂਆਂ ਨੂੰ ਲੈ ਕੇ ਮੌਕੇ ਤੋਂ ਕਿਤੇ ਹੋਰ ਜਾ ਚੁੱਕੇ ਹੁੰੰਦੇ ਹਨ|
ਇਸ ਸੰਬੰਧੀ ਖੁਲਾਸਾ ਉਦੋਂ ਹੋਇਆ ਜਦੋਂ ਕੌਂਸਲਰ ਆਰ ਪੀ ਸ਼ਰਮਾ ਨੂੰ ਅੱਜ ਸਵੇਰੇ ਸਿਵਲ ਹਸਪਤਾਲ ਫੇਜ਼ 6 ਵਿੱਚ ਘੁੰਮਦੀਆਂ ਦੋ ਦਰਜਨ ਦੇ ਕਰੀਬ ਗਊਆਂ ਬਾਰੇ ਸਟਾਫ ਵਲੋਂ ਜਾਣਕਾਰੀ ਦਿੱਤੀ ਗਈ| ਸ੍ਰੀ ਸ਼ਰਮਾ ਨੇ ਇਸ ਸੰਬੰਧੀ ਗਊਸ਼ਾਲਾ ਦੇ ਪ੍ਰਬੰਧਕ ਸ੍ਰੀ ਪ੍ਰਦੀਪ ਸ਼ਰਮਾ ਨਾਲ ਗੱਲ ਕੀਤੀ ਜਿਹਨਾਂ ਨੇ ਨਿਗਮ ਦੇ ਇੰਸਪੈਕਟਰ ਨਾਲ ਗੱਲ ਕਰਕੇ ਗਊਆਂ ਫੜਣ ਵਾਲੀ ਗੱਡੀ ਭੇਜਣ ਲਈ ਕਿਹਾ| ਇਸਦੇ ਨਾਲ ਹੀ ਕੌਂਸਲਰ ਸ੍ਰੀ ਸ਼ਰਮਾ ਅਤੇ ਗਊਸ਼ਾਲਾ ਦੇ ਪ੍ਰਬੰਧਕ ਸ੍ਰੀ ਪ੍ਰਦੀਪ ਸ਼ਰਮਾ ਵੀ ਮੌਕੇ ਤੇ ਪਹੁੰਚੇ ਪਰੰਤੂ ਉਦੋਂ ਤਕ ਉੱਥੋਂ ਗਊਆਂ ਜਾ ਚੁੱਕੀਆਂ ਸੀ| ਇਹਨਾਂ ਗਊਆਂ ਦਾ ਮਾਲਕ ਮੌਕੇ ਤੇ ਹਾਜਿਰ ਸੀ ਜਿਹੜਾ ਉਹਨਾਂ ਦੋਵਾਂ ਨੂੰ ਅੱਗੇ ਤੋਂ ਉੱਥੇ ਗਊਆਂ ਨਾ ਲਿਆਉਣ ਦੀ ਗੱਲ ਕਹਿ ਕੇ ਕਾਰਵਾਈ ਖਤਮ ਕਰਨ ਲਈ ਕਹਿਣ ਲੱਗ ਪਿਆ| ਇਸ ਮੌਕੇ ਗਊਸ਼ਾਲਾ ਦੇ ਪ੍ਰਬੰਧਕ ਸ੍ਰੀ ਪ੍ਰਦੀਪ ਸ਼ਰਮਾ ਨੇ ਜਦੋਂ ਪਸ਼ੂ ਮਾਲਕ ਨੂੰ ਪੁੱਛਿਆ ਕਿ ਉਸਨੂੰ ਨਿਗਮ ਦੀ ਟੀਮ ਦੇ ਆਉਣ ਦੀ ਜਾਣਕਾਰੀ ਪਹਿਲਾਂ ਹੀ ਕਿਵੇਂ ਮਿਲ ਗਈ ਤਾਂ ਉਹ ਪਹਿਲਾਂ ਤਾਂ ਮੁਕਰ ਗਿਆ ਪਰੰਤੂ ਜਦੋਂ ਉਸਦੇ ਫੋਨ ਵਿੱਚ ਆਈਆਂ ਕਾਲਾਂ ਦੀ ਜਾਂਚ ਕੀਤੀ ਗਈ ਤਾਂ ਨਿਗਮ ਦੇ ਅਮਲੇ ਦੇ ਇੱਕ ਕਰਮਚਾਰੀ ਰਾਕੇਸ਼ ਦੇ ਫੋਨ ਤੋਂ ਆਈ ਕਾਲ ਦੀ ਪੁਸ਼ਟੀ ਹੋ ਗਈ|
ਸ੍ਰੀ ਆਰ ਪੀ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਮਲੋਆ ਕਾਲੋਨੀ ਦੇ ਰਾਜੂ ਨਾਮ ਦੇ ਇੱਕ ਵਿਅਕਤੀ ਵਲੋਂ ਸਿਵਲ ਹਸਪਤਾਲ ਦੇ ਅੰਦਰ ਗਊਆਂ ਚਾਰੀਆਂ ਜਾ ਰਹੀਆਂ ਸਨ| ਇਹ ਵਿਅਕਤੀ ਸਵੇਰੇ 9-10 ਵਜੇ ਉੱਥੇ ਗਊਆਂ ਵਾੜ ਦਿੰਦਾ ਅਤੇ ਸ਼ਾਮ ਨੂੰ ਵਾਪਿਸ ਲੈ ਜਾਂਦਾ| ਇਸ ਸੰਬੰਧੀ ਉਹਨਾਂ ਨੂੰ ਸਿਵਲ ਹਸਪਤਾਲ ਦੇ ਸਟਾਫ ਨੇ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਗਊਸ਼ਾਲਾ ਦੇ ਪ੍ਰਬੰਧਕ ਨਾਲ ਗੱਲ ਕੀਤੀ ਅਤੇ ਗਊਆਂ ਫੜਣ ਦੀ ਤਿਆਰੀ ਕੀਤੀ ਪਰੰਤੂ ਨਿਗਮ ਦੇ ਅਮਲੇ ਵਿੱਚ ਸ਼ਾਮਿਲ ਰਾਕੇਸ਼ ਨਾਮ ਦੇ ਇਸ ਵਿਅਕਤੀ ਵਲੋਂ ਰਾਜੂ ਨੂੰ ਪਹਿਲਾਂ ਹੀ ਦੱਸ ਦਿੱਤੇ ਜਾਣ ਕਾਰਨ ਉਸਨੇ ਆਪਣੀਆਂ ਗਊਆਂ ਉੱਥੋਂ ਕੱਢ ਕੇ ਵਾਪਿਸ ਭੇਜ ਦਿੱਤੀਆਂ| ਉਹਨਾਂ ਦੱਸਿਆ ਕਿ ਉਹ ਇਸ ਵਿਅਕਤੀ ਨੂੰ ਨਾਲ ਲੈ ਕੇ ਨਿਗਮ ਦੇ ਦਫਤਰ ਗਏ ਜਿੱਥੇ ਉਹਨਾਂ ਨੇ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਮਿਲ ਕੇ ਸਾਰੀ ਗੱਲ ਦੱਸੀ ਜਿਹਨਾਂ ਨੇ ਉਹਨਾਂ ਨੂੰ ਇਸ ਮਾਮਲੇ ਵਿੱਚ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ| ਉਹਨਾਂ ਦੱਸਿਆ ਕਿ ਇਸ ਸੰਬੰਧੀ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਸ੍ਰ. ਸਰਬਜੀਤ ਸਿੰਘ ਨੇ ਗਊਆਂ ਦੇ ਮਾਲਕ ਰਾਜੂ ਨਾਮ ਦੇ ਵਿਅਕਤੀ ਦੇ ਬਿਆਨ ਵੀ ਦਰਜ ਕੀਤੇ ਹਨ ਕਿ ਉਸਨੂੰ ਨਿਗਮ ਦੇ ਅਮਲੇ ਦੇ ਇੱਕ ਵਿਅਕਤੀ ਵਲੋਂ ਫੋਨ ਤੇ ਕਾਰਵਾਈ ਦੀ ਅਗਾਊਂ ਜਾਣਕਾਰੀ ਦਿੱਤੀ ਗਈ ਸੀ|
ਉਹਨਾਂ ਮੰਗ ਕੀਤੀ ਕਿ ਇਸ ਤਰੀਕੇ ਨਾਲ ਨਿਗਮ ਦੀ ਕਾਰਵਾਈ ਦੀ ਅਗਾਉਂ ਜਾਣਕਾਰੀ ਦੇਣ ਵਾਲੇ ਮੁਲਾਜਮਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਸ਼ਹਿਰ ਵਿੱਚ ਆਪਣੇ ਪਸ਼ੂ ਚਰਾਉਣ ਵਾਲੇ ਪਸ਼ੂ ਮਾਲਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ|
ਸੰਪਰਕ ਕਰਨ ਤੇ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਸ੍ਰ. ਸਰਬਜੀਤ ਸਿੰਘ ਨੇ ਕਿਹਾ ਕਿ ਜਿਸ ਵਿਅਕਤੀ ਬਾਰੇ ਫੋਨ ਤੇ ਜਾਣਕਾਰੀ ਦੇਣ ਦਾ ਇਲਜਾਮ ਹੈ ਉਹ ਨਿਗਮ ਦਾ ਕਰਮਚਾਰੀ ਨਹੀਂ ਹੈ ਬਲਕਿ ਉਸਨੂੰ ਗਊਸ਼ਾਲਾ ਦੇ ਪਿਛਲੇ ਪ੍ਰਬੰਧਕਾਂ ਵਲੋਂ ਪਸ਼ੂ ਫੜਣ ਲਈ ਮਜਦੂਰ ਰੱਖਿਆ ਗਿਆ ਸੀ ਅਤੇ ਨਿਗਮ ਦੇ ਕਿਸੇ ਕਰਮਚਾਰੀ ਵਲੋਂ ਪਸ਼ੂ ਮਾਲਕਾਂ ਨਾਲ ਮਿਲੀਭੁਗਤ ਦੀ ਗੱਲ ਸਾਮ੍ਹਣੇ ਨਹੀਂ ਆਈ ਹੈ|

Leave a Reply

Your email address will not be published. Required fields are marked *