ਆਵਾਰਾ ਪਸ਼ੂ ਫੜਨ ਵਾਲੇ ਠੇਕੇਦਾਰ ਦੇ ਕਰਿੰਦੇ ਵਲੋਂ ਤਿੰਨ ਵਿਅਕਤੀਆਂ ਉਪਰ ਕੁੱਟਮਾਰ ਕਰਨ ਦੇ ਦੋਸ਼ ਐਸ ਐਸ ਪੀ ਨੂੰ ਸ਼ਿਕਾਇਤ ਦੇ ਕੇ ਹਮਲਾਵਰਾਂ ਖਿਲਾਫ ਕਾਰਵਾਈ ਦੀ ਮੰਗ

ਐਸ ਏ ਐਸ ਨਗਰ, 8 ਅਕਤੂਬਰ (ਸ.ਬ.) ਨਗਰ ਨਿਗਮ ਮੁਹਾਲੀ ਵਲੋਂ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਫੜਨ ਲਈ ਕੰਮ ਕਰ ਰਹੇ ਠੇਕੇਦਾਰ ਦੇ ਕਰਿੰਦੇ ਗੁਰਦੀਪ ਸਿੰਘ ਵਸਨੀਕ ਪਿੰਡ ਕਂੈਮਬਾਲਾ ਨੇ ਐਸ ਐਸ ਪੀ ਮੁਹਾਲੀ ਨੂੰ ਸ਼ਿਕਾਇਤ ਦੇ ਕੇ ਉਸ ਨਾਲ ਕੁੱਟਮਾਰ ਕਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ| 
ਆਪਣੀ ਸ਼ਿਕਾਇਤ ਵਿਚ ਗੁਰਦੀਪ ਸਿੰਘ ਨੇ ਲਿਖਿਆ ਹੈ ਕਿ ਉਸ ਨੂੰ ਨਗਰ ਨਿਗਮ ਮੁਹਾਲੀ ਵਲੋਂ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਫੜਨ ਵਾਲੇ ਠੇਕੇਦਾਰ ਨੇ ਆਵਾਰਾ ਪਸ਼ੂ ਫੜਨ ਲਈ ਕੈਟਲ ਕੈਚਰ ਊਪਰ ਰਖਿਆ ਹੋਇਆ ਹੈ| ਸ਼ਿਕਾਇਤਕਰਤਾ ਅਨੁਸਾਰ ਆਵਾਰਾ ਪਸ਼ੂਆਂ ਤੋਂ ਤੰਗ ਮਟੌਰ ਵਾਸੀਆਂ ਵਲੋਂ ਖੁਦ ਆਵਾਰਾ ਪਸ਼ੂਆਂ ਨੂੰ ਫੜਾਇਆ ਜਾ ਰਿਹਾ ਸੀ ਅਤੇ ਇਸ ਦੌਰਾਨ ਉਹ ਆਵਾਰਾ ਪਸ਼ੂ ਫੜਣ ਵਾਲੀ ਗੱਡੀ ਦੇ ਨਾਲ ਹੁੰਦਾ ਸੀ| 
ਸ਼ਿਕਾਇਤਕਰਤਾ ਅਨੁਸਾਰ ਬੀਤੀ 14 ਸਤੰਬਰ ਨੂੰ ਉਹ ਆਪਣੀ ਡਿਊਟੀ ਖਤਮ ਕਰਕੇ ਮੋਟਰ ਸਾਇਕਲ ਉਪਰ ਆਪਣੇ ਘਰ ਜਾ ਰਿਹਾ ਸੀ ਕਿ ਰਾਹ ਵਿੱਚ ਪਿੰਡ ਮਟੌਰ ਦੇ ਤਿੰਨ ਵਿਅਕਤੀਆਂ (ਜਿਹਨਾਂ ਨੇ ਡੰਗਰ ਪਾਲੇ ਹੋਏ ਹਨ) ਨੇ ਸੈਕਟਰ 70 ਨੇੜੇ ਸਪੈਸ਼ਲ ਪਾਰਕ ਕੋਲ ਉਸ ਨੂੰ ਜਬਰਦਸਤੀ ਘੇਰ ਕੇ ਰੋਕ ਲਿਆ ਅਤੇ ਉਸਦੀ ਕੁੱਟਮਾਰ ਕਰਕੇ ਉਸਦੇ ਕਪੜੇ ਫਾੜ ਦਿਤੇ| ਸ਼ਿਕਾਇਤਕਰਤਾ ਅਨੁਸਾਰ ਜੇਕਰ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਨਾ ਭੱਜਦਾ ਤਾਂ ਇਹਨਾਂ ਵਿਅਕਤੀਆਂ ਨੇ ਉਸਨੂੰ ਜਾਨ ਤੋਂ ਮਾਰ ਦੇਣਾ ਸੀ ਪਰੰਤੂ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਮਟੌਰ ਪਿੰਡ ਵੱਲ ਚਲਾ ਗਿਆ| 
ਸ਼ਿਕਾਇਤਕਰਤਾ ਅਨੁਸਾਰ ਇਹਨਾਂ ਤਿੰਨਾਂ ਵਿਅਕਤੀਆਂ ਵਲੋਂ ਪਾਲੇ ਜਾਂਦੇ ਵੱਡੀ ਗਿਣਤੀ ਪਸ਼ੂ ਸ਼ਹਿਰ ਵਿਚ ਆਵਾਰਾ ਘੁੰਮਦੇ ਹਨ ਅਤੇ ਉਸ ਵਲੋਂ ਆਪਣੀ ਡਿਊਟੀ ਦੌਰਾਨ ਇਹਨਾਂ ਦੇ ਕਈ ਆਵਾਰਾ ਘੁੰਮਦੇ ਪਸ਼ੂਆਂ ਨੂੰ ਕਾਬੂ ਕਰਕੇ ਨਗਰ ਨਿਗਮ ਦੀ ਫੇਜ਼ 1 ਵਿਚਲੀ ਗਊਸ਼ਾਲਾ ਵਿੱਚ ਛੱਡਿਆ ਗਿਆ ਹੈ, ਜਿਸ ਕਰਕੇ ਇਹਨਾਂ ਵਿਅਕਤੀਆਂ ਨੇ ਉਸਦੀ ਕੁੱਟਮਾਰ ਕਰਕੇ ਉਸ ਨੂੰ ਜਾਨੋਂ ਮਾਰਨ ਦਾ ਯਤਨ ਕੀਤਾ| ਸ਼ਿਕਾਇਤਕਰਤਾ ਅਨੁਸਾਰ ਇਸ ਸਬੰਧੀ ਉਸ ਵਲੋਂ ਬੀਤੀ 15 ਸਤੰਬਰ ਨੂੰ ਉਪਰੋਕਤ ਵਿਅਕਤੀਆਂ ਦੇ ਖਿਲਾਫ ਥਾਣੇ ਵਿੱਚ ਸ਼ਿਕਾਇਤ ਦਿਤੀ ਗਈ ਸੀ ਪਰੰਤੂ ਕੋਈ ਕਾਰਵਾਈ ਨਹੀਂ ਕੀਤੀ ਗਈ| 
ਗੁਰਦੀਪ ਸਿੰਘ ਨੇ ਐਸ ਐਸ ਪੀ ਮੁਹਾਲੀ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਤਿੰਨਾਂ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ| 

Leave a Reply

Your email address will not be published. Required fields are marked *