ਆਵਾਜ਼ਾਈ ਦੀ ਲਗਾਤਾਰ ਗੰਭੀਰ ਹੁੰਦੀ ਸਮੱਸਿਆ ਦਾ ਹੱਲ ਕਰਨਾ ਸਰਕਾਰ ਦੀ ਜਿੰਮੇਵਾਰੀ

ਪਿਛਲੇ ਕੁੱਝ ਸਾਲਾਂ ਦੌਰਾਨ ਸਾਡੇ ਸੂਬੇ ਵਿੱਚ ਜਿੱਥੇ ਸੜਕਾਂ ਉੱਪਰ ਵਾਹਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ  ਹੈ ਉੱਥੇ  ਸੁਰਖਿਅਤ ਆਵਾਜਾਈ ਦੀ ਸਮੱਸਿਆ ਵੀ ਬਹੁਤ ਗੰਭੀਰ ਹਾਲਤ ਵਿੱਚ ਪਹੁੰਚ ਗਈ ਹੈ| ਹਾਲਾਤ ਇਹ ਹਨ ਕਿ ਸੂਬੇ ਦੀਆਂ ਲਗਭਗ ਸਾਰੀਆਂ ਹੀ ਸੜਕਾਂ ਵੱਡੇ ਛੋਟੇ ਵਾਹਨਾਂ ਨਾਲ ਲੱਦੀਆਂ ਨਜਰ ਆਉਂਦੀਆਂ ਹਨ ਅਤੇ ਸੜਕਾਂ ਦੀ ਸਮਰਥਾ ਤੋਂ ਕਿਤੇ ਵੱਧ ਵਾਹਨ ਜਿਵੇਂ ਇੱਕ-ਦੂਜੇ ਉਪਰ ਚੜ੍ਹੇ ਨਜ਼ਰ ਆਉਂਦੇ ਹਨ, ਜਿਹੜੇ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿੱਚ ਰਹਿੰਦੇ ਹਨ ਅਤੇ ਇਹਨਾਂ ਵਿੱਚ ਅਕਸਰ ਹਾਦਸੇ ਵੀ ਵਾਪਰਦੇ ਹਨ|
ਪੰਜਾਬ ਦੇ ਹੋਰਨਾਂ ਸ਼ਹਿਰਾਂ ਵਾਂਗ ਸਾਡੇ ਸ਼ਹਿਰ ਵਿੱਚ ਵੀ ਆਵਾਜਾਈ ਦੀ ਇਹ ਸਮੱੰਿਸਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ| ਸੜਕਾਂ ਤੇ ਵੱਧਦੀ ਵਾਹਨਾਂ ਦੀ ਗਿਣਤੀ ਕਾਰਨ ਜਿੱਥੇ ਸੜਕਾਂ ਤੇ ਭੀੜ ਭੜੱਕਾ ਬਹੁਤ ਵੱਧ ਗਿਆ ਹੈ ਉੱਥੇ ਵਾਹਨਾਂ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਇਹ ਸਮੱਸਿਆ ਹੋਰ ਵੀ ਬਦਤਰ ਹਾਲਤ ਵਿੱਚ ਹੈ| ਜਿੱਥੋਂ ਤਕ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤੈਨਾਤ ਟ੍ਰੈਫਿਕ ਪੁਲੀਸ ਦੇ ਮੁਲਾਜ਼ਮਾਂ ਦੀ ਗੱਲ ਹੈ ਤਾਂ ਇੱਕ ਤਾਂ ਉਹਨਾਂ ਦੀ ਗਿਣਤੀ ਪਹਿਲਾਂ ਹੀ ਕਾਫੀ ਘੱਟ ਹੁੰਦੀ ਹੈ ਅਤੇ ਜਿਹੜੇ ਕਰਮਚਾਰੀ ਸੜਕਾਂ ਤੇ ਤੈਨਾਤ ਹੁੰਦੇ ਹਨ ਉਹਨਾਂ ਵਿੱਚੋਂ ਵੀ ਜਿਆਦਾਤਰ ਦਾ ਧਿਆਨ ਚਾਲਾਨ ਕਰਨ ਵੱਲ ਹੀ ਹੁੰਦਾ ਹੈ|
ਸੂਬੇ ਦੇ ਜਿਆਦਾਤਰ ਸ਼ਹਿਰਾਂ ਵਿੱਚ ਤਾਂ ਇਹ ਸਮੱਸਿਆ ਇੰਨੀ ਵੱਧ ਚੁੱਕੀ ਹੈ ਕਿ ਸੜਕਾਂ ਤੇ ਲੋਕ ਘੰਟਿਆਂ ਬੱਧੀ ਜਾਮ ਵਿੱਚ ਫਸੇ ਰਹਿੰਦੇ ਹਨ| ਆਵਾਜਾਈ ਦੀ ਇਸ ਲਗਾਤਾਰ ਵੱਧਦੀ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਵਾਹਨਾਂ ਦੀ ਵੱਧਦੀ ਗਿਣਤੀ ਨੂੰ ਹੀ ਮੰਨਿਆ ਜਾ ਸਕਦਾ ਹੈ| ਉਹ ਸਮਾਂ ਹੋਰ ਸੀ ਜਦੋਂ ਗਿਣੇ ਚੁਣੇ ਲੋਕਾਂ ਕੋਲ ਹੀ ਗੱਡੀ ਹੁੰਦੀ ਸੀ ਪਰ  ਹੁਣ ਤਾਂ ਹਾਲ ਇਹ ਹੈ ਕਿ ਹਰ ਪਰਿਵਾਰ ਕੋਲ ਕੋਈ ਨਾ ਕੋਈ ਵਾਹਨ ਜਰੂਰ ਹੈ ਅਤੇ ਕਈ ਪਰਿਵਾਰਾਂ ਕੋਲ ਤਾਂ ਦੋ-ਦੋ, ਤਿੰਨ- ਤਿੰਨ ਗੱਡੀਆਂ ਹਨ| ਗਲੀ ਮੁਹੱਲਿਆਂ ਵਿੱਚ ਵੀ ਹਰ ਵੇਲੇ ਕਾਰਾਂ ਖੜੀਆਂ ਰਹਿੰਦੀਆਂ ਹਨ ਅਤੇ ਵਾਹਨਾਂ ਦੇ ਲੰਘਣ ਲਈ ਰਾਹ ਘੱਟ ਹੋ ਜਾਂਦਾ ਹੈ| ਵਾਹਨਾਂ ਦੀ ਇਸ ਵੱਧਦੀ ਗਿਣਤੀ ਦੇ ਨਾਲ ਨਾਲ ਆਮ ਲੋਕਾਂ ਵਲੋਂ ਸੜਕਾਂ ਤੇ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਇਸ ਸਮੱਸਿਆ ਵਿੱਚ ਹੋਰ ਵੀ ਵਾਧਾ ਕਰ ਦਿੰਦੀ ਹੈ|
ਅੱਜ ਕੱਲ ਸਵੇਰੇ ਅਤੇ ਸ਼ਾਮ ਵੇਲੇ ਜਦੋਂ ਸੜਕਾਂ ਤੇ ਟ੍ਰੈਫਿਕ ਵੱਧ ਹੁੰਦਾ ਹੈ ਚੌਂਕਾਂ ਵਿੱਚ ਇੰਨੀ ਜਿਆਦਾ ਭੀੜ ਹੁੰਦੀ ਹੈ ਕਿ ਦੋ ਪਹੀਆ ਵਾਹਨ ਚਾਲਕਾਂ ਤਕ ਦਾ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਦੂਰ-ਦੂਰ ਤਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ| ਇਹ ਹਾਲ ਪੰਜਾਬ ਦੇ ਲਗਭਗ ਸਾਰੇ ਹੀ ਸ਼ਹਿਰਾਂ ਦਾ ਹੈ ਅਤੇ ਹਰ ਸ਼ਹਿਰ ਵਿੱਚ ਹੀ ਦਿਨ ਵਿੱਚ ਕਈ-ਕਈ ਵਾਰ ਜਾਮ ਲੱਗਦੇ ਹਨ| ਆਵਾਜਾਈ ਦੀ ਇਸ ਸਮੱਸਿਆ ਨੂੰ ਵਧਾਉਣ ਵਿੱਚ ਆਟੋ ਰਿਕਸ਼ਿਆਂ ਵਾਲੇ ਵੀ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ ਜਿਹੜੇ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਦੇ ਹਨ| ਇਸਦੇ ਨਾਲ ਨਾਲ ਸੜਕਾਂ ਤੇ ਵਾਹਨ ਲੈ ਕੇ ਘੁੰਮਦੇ ਨਾਬਾਲਗ ਵਾਹਨ ਚਾਲਕ ਵੀ ਆਵਾਜਾਈ ਦੀ ਇਸ ਸਮੱਸਿਆ ਵਿੱਚ ਵਾਧੇ ਦਾ ਕਾਰਨ ਬਣਦੇ ਹਨ| ਸਕੂਲਾਂ-ਕਾਲਜਾਂ ਦੇ ਬੱਚੇ ਅਤੇ ਗਲਤ ਸਾਈਡ ਤੇ ਆਪਣੀਆਂ ਗੱਡੀਆਂ ਚਲਾਉਣ ਵਾਲੇ ਵਾਹਨ ਚਾਲਕ ਵੀ ਇਸ ਸਮੱਸਿਆ ਵਿੱਚ ਆਪਣਾ ਭਰਪੂਰ ਯੋਗਦਾਨ ਦਿੰਦੇ ਹਨ|
ਆਵਾਜਾਈ ਦੀ ਇਸ ਗੰਭੀਰ ਹੁੰਦੀ ਸਮੱਸਿਆ ਤੇ ਕਾਬੂ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਇਸ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਤੇ ਸਖਤੀ ਕਰਨ ਦੇ ਨਾਲ ਨਾਲ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਇਸ ਸਮੱਸਿਆ ਨੂੰ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *