ਆਸ਼ਾ ਵਰਕਰ ਅਤੇ ਆਸ਼ਾ ਫੈਸੀਲਿਟੇਟਰਾਂ ਦੀਆਂ ਸਮੱਸਿਆਵਾਂ ਹਲ ਕਰਵਾਉਣ ਲਈ ਯਤਨ ਕੀਤੇ ਜਾਣਗੇ : ਗਰਚਾ

ਐਸ ਏ ਐਸ ਨਗਰ, 5 ਜਨਵਰੀ (ਸ.ਬ.) ਆਸ਼ਾ ਵਰਕਰ ਅਤੇ ਆਸ਼ਾ ਫੈਸੀਲੀਟੇਟਰ ਯੂਨੀਅਨ (ਸੀਟੂ) ਪੰਜਾਬ ਦੀ ਨਵੀਂ ਟੀਮ ਦੀ ਚੋਣ ਮੁਕੰਮਲ ਹੋ ਗਈ ਹੈ| ਨਵੀਂ ਟੀਮ ਵਿੱਚ ਰਾਜਵੰਤ ਕੌਰ ਨੂੰ ਯੂਨੀਅਨ ਦੀ ਪ੍ਰਧਾਨ, ਦਰਸ਼ਨ ਕੌਰ ਜਨਰਲ ਸਕੱਤਰ, ਰਮਾ ਰਾਣੀ ਸਕਤਰ, ਮੇਨਕਾ ਨੂੰ ਖਜ਼ਾਨਚੀ ਚੁਣਿਆ ਗਿਆ ਹੈਤ| ਇਸ ਤੋਂ ਇਲਾਵਾ ਕੁਲਵਿੰਦਰ ਕੌਰ, ਇੰਦਰਜੀਤ ਕੌਰ, ਹਰਮਨ, ਜਸਬੀਰ ਕੌਰ, ਜਸਵਿੰਦਰ ਕੌਰ, ਕ੍ਰਿਸ਼ਨਾ, ਰਜਿੰਦਰ ਕੌਰ ਨੂੰ ਵੀ ਯੂਨੀਅਨ ਦੇ ਸਰਗਰਮ ਆਗੂ ਮੈਂਬਰਾਂ ਵਜੋਂ ਚੁਣਿਆ ਗਿਆ ਹੈ|
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਯੂਨੀਅਨ ਦੀਆਂ ਆਗੂ ਔਰਤਾਂ ਵੱਲੋਂ ਸਮਾਜ ਦੀ ਸੇਵਾ ਕੀਤੇ ਜਾਣ ਵਾਲੀਆਂ ਸੇਵਾਵਾਂ ਦੀ ਪ੍ਰਸ਼ੰਸਾ ਵੀ ਕੀਤੀ| ਇਸ ਮੌਕੇ ਯੂਨੀਅਨ ਪ੍ਰਧਾਨ ਰਾਜਵੰਤ ਕੌਰ ਨੇ ਬੀਬੀ ਗਰਚਾ ਨੂੰ ਦੱਸਿਆ ਕਿ ਪੰਜਾਬ ਵਿੱਚ ਆਸ਼ਾ ਵਰਕਰਾਂ ਦੀ ਗਿਣਤੀ 40 ਹਜ਼ਾਰ ਤੋਂ ਵੀ ਵੱਧ ਹੈ| ਹਰੇਕ ਵੱਡੇ ਪਿੰਡ ਵਿੱਚ ਇਕ ਆਸ਼ਾ ਵਰਕਰ ਲਗਾਈ ਗਈ ਹੈ| ਇਸ ਨੂੰ ਪਿੰਡ ਦੀਆਂ ਬਿਮਾਰੀਆਂ, ਬੱਚਿਆਂ ਦਾ ਜਣੇਪਾ ਅਤੇ 48 ਮੁੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ| ਬੱਚਿਆਂ ਦੇ ਜਣੇਪੇ ਕਾਰਨ ਅਤੇ ਮਰੀਜ਼ਾਂ ਦੀਆਂ ਬਿਮਾਰੀਆਂ ਕਾਰਨ ਆਸ਼ਾ ਵਰਕਰ ਆਪਣੇ ਆਪ ਨੂੰ ਕਿਸੇ ਵੀ ਸਮੇਂ ਕੰਮ ਤੋਂ ਮੁਕਤ ਨਹੀਂ ਸਮਝਦੀ| ਇਸ ਨੂੰ ਦਿਨ ਰਾਤ ਜ਼ਿੰਮੇਵਾਰੀਆਂ ਤੇ ਪਹਿਰਾ ਦੇਣਾ ਪੈਂਦਾ ਹੈ ਪ੍ਰੰਤੂ ਇਨ੍ਹਾਂ ਆਸ਼ਾ ਵਰਕਰਾਂ ਦਾ ਮੁਆਵਜ਼ਾ ਬਹੁਤ ਘੱਟ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ 24 ਘੰਟੇ ਦੀਆਂ ਮੁਲਾਜ਼ਮ ਆਸ਼ਾ ਵਰਕਰਾਂ ਨੂੰ ਸਰਕਾਰ ਵੱਲੋਂ ਡੀ.ਸੀ. ਰੇਟ ਮੁਤਾਬਕ ਬਣਦੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ|
ਬੀਬੀ ਗਰਚਾ ਨੇ ਯੂਨੀਅਨ ਆਗੂਆਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਦਾ ਵਿਸ਼ਵਾਸ ਦਿਵਾਇਆ ਅਤੇ ਕਿਹਾ ਕਿ ਸਬੰਧਿਤ ਵਿਭਾਗ ਦੇ ਮੰਤਰੀ ਨਾਲ ਮੁਲਾਕਾਤ ਕਰਕੇ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ| ਇਸ ਮੌਕੇ ਯੂਨੀਅਨ ਵੱਲੋਂ ਬੀਬੀ ਗਰਚਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ|

Leave a Reply

Your email address will not be published. Required fields are marked *