ਆਸਟਰੇਲੀਅਨ ਹਾਈ ਕਮਿਸ਼ਨਰ ਵੱਲੋਂ ਵਿੱਤੀ ਪ੍ਰਬੰਧਨ, ਪਰਵਾਸ, ਨਿਵੇਸ਼ ਪ੍ਰੋਤਸਾਹਨ ਅਤੇ ਖੇਤੀਬਾੜੀ ਸਬੰਧੀ ਢੀਂਡਸਾ ਨਾਲ ਮੁਲਾਕਾਤ

 • ਦੋਵਾਂ ਵੱਲੋਂ ਆਸਟਰੇਲੀਆ ਤੇ ਪੰਜਾਬ ਵਿਚਾਲੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਦੁਹਰਾਈ ਗਈ ਵਚਨਬੱਧਤਾ
  ਹਰਿੰਦਰ ਸਿੱਧੂ ਨੇ ਵਿੱਤ ਮੰਤਰੀ ਨੂੰ ਆਸਟਰੇਲੀਆ ਆਉਣ ਦਾ ਦਿੱਤਾ ਸੱਦਾ
  ਚੰਡੀਗੜ੍ਹ, 26 ਜੁਲਾਈ : ਭਾਰਤ ਵਿੱਚ ਆਸਟੇਰਲੀਅਨ ਹਾਈ ਕਮਿਸ਼ਨਰ ਸ੍ਰੀਮਤੀ ਹਰਿੰਦਰ ਸਿੱਧੂ ਨੇ ਅੱਜ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨਾਲ ਮੁਲਾਕਾਤ ਕੀਤੀ| ਆਸਟਰੇਲੀਅਨ ਹਾਈ ਕਮਿਸ਼ਨਰ ਵੱਲੋਂ ਅੱਜ ਇਥੇ ਸਥਿਤ ਸ.ਢੀਂਡਸਾ ਦੇ ਸਰਕਾਰੀ ਰਿਹਾਇਸ਼ ਵੀ ਕੀਤੀ ਵਿਸ਼ੇਸ ਮੁਲਾਕਾਤ ਦੌਰਾਨ ਵਿੱਤੀ ਪ੍ਰਬੰਧਨ, ਪਰਵਾਸ, ਸਿੱਖਿਆ ਅਤੇ ਖੇਤੀਬਾੜੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ|
  ਸ੍ਰੀਮਤੀ ਹਰਿੰਦਰ ਸਿੱਧੂ ਜਿਨ੍ਹਾਂ ਦਾ ਜੱਦੀ ਪਿੰਡ ਪੰਜਾਬ ਦੇ ਮੋਗਾ ਜ਼ਿਲੇ ਵਿੱਚ ਹੈ, ਨੇ ਸ. ਢੀਂਡਸਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਫੇਰੀ ਦਾ ਮਕਸਦ ਆਪਸੀ ਸਹਿਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਆਸਟਰੇਲੀਆ ਤੇ ਪੰਜਾਬ ਵਿਚਾਲੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ| ਸ੍ਰੀਮਤੀ ਸਿੱਧੂ ਨੇ ਵਿੱਤ ਮੰਤਰੀ ਨਾਲ ਵਿੱਤੀ ਪ੍ਰਬੰਧਨ ਅਤੇ ਨਿਵੇਸ਼ ਪ੍ਰੋਤਸਾਹਨ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਅਤੇ ਇਕ-ਦੂਜੇ ਨਾਲ ਤਜ਼ਰਬੇ ਸਾਂਝੇ ਕੀਤੇ| ਦੋਵਾਂ ਨੇ ਇਸ ਗੱਲ ਉਪਰ ਸਹਿਮਤੀ ਜਤਾਈ ਕਿ ਆਸਟਰੇਲੀਆ ਤੇ ਪੰਜਾਬ ਵਿਚਾਲੇ ਬਹੁਤ ਵਧੀਆ ਸਬੰਧ ਹਨ ਅਤੇ ਇਨ੍ਹਾਂ ਫੇਰੀਆਂ ਨਾਲ ਸਬੰਧ ਹੋਰ ਮਜ਼ਬੂਤ ਹੋਣਗੇ|
  ਸ. ਢੀਂਡਸਾ ਨੇ ਆਸਟਰੇਲੀਅਨ ਹਾਈ ਕਮਿਸ਼ਨਰ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਪਹਿਲਕਦਮੀ ਨਾਲ ਆਸਟਰੇਲੀਆ ਤੇ ਪੰਜਾਬ ਹੋਰ ਨੇੜੇ ਆਉਣਗੇ ਅਤੇ ਵਿਦਿਆਰਥੀਆਂ ਦੇ ਪਰਵਾਸ ਨਾਲ ਸਬੰਧ ਮਾਮਲਿਆਂ, ਖੇਤੀਬਾੜੀ ਵਿਕਾਸ ਆਦਿ ਖੇਤਰਾਂ ਨੂੰ ਸਿੱਧਾ ਫਾਇਦਾ ਪਹੁੰਚੇਗਾ| ਉਨ੍ਹਾਂ ਕਿਹਾ ਕਿ ਉਹ ਪਿਛਲੇ ਸਮੇਂ ਵਿੱਚ ਆਸਟਰੇਲੀਆ ਵਿਖੇ ਦੇਸ਼ ਦੇ ਵਿੱਤ ਮੰਤਰੀਆਂ ਦੇ ਵਫਦ ਨਾਲ ਦੌਰਾ ਕਰ ਕੇ ਆਏ ਸਨ ਜਿਸ ਦਾ ਉਨ੍ਹਾਂ ਨੂੰ ਕਾਫੀ ਫਾਇਦਾ ਹੋਇਆ ਸੀ| ਸ੍ਰੀਮਤੀ ਸਿੱਧੂ ਨੇ ਵਿੱਤ ਮੰਤਰੀ ਨੂੰ ਮੁੜ ਆਸਟਰੇਲੀਆ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਕਬੂਲਦਿਆਂ ਸ. ਢੀਂਡਸਾ ਨੇ ਕਿਹਾ ਕਿ ਉਹ ਚੰਗੀ ਰਵਾਇਤ ਨੂੰ ਜਾਰੀ ਰੱਖਣਗੇ|
  ਇਸ ਮੌਕੇ ਸ. ਢੀਂਡਸਾ ਨੇ ਆਸਟਰੇਲੀਅਨ ਹਾਈ ਕਮਿਸ਼ਨਰ ਨੂੰ ਫੁਲਕਾਰੀ ਨਾਲ ਸਨਮਾਨਤ ਕੀਤਾ ਅਤੇ ਉਨ੍ਹਾਂ ਨਾਲ ਆਏ ਵਫਦ ਨੂੰ ਪੰਜਾਬ ਬਾਰੇ ਅਹਿਮ ਜਾਣਕਾਰੀ ਦਿੰਦੀ ‘ਕੌਫੀਟੇਬਲ’ ਪੁਸਤਕ ਸੋਵੀਨਾਰ ਦੇ ਰੂਪ ਵਿੱਚ ਭੇਟ ਕੀਤੀ| ਇਸ ਮੌਕੇ ਸ੍ਰੀਮਤੀ ਸਿੱਧੂ ਦੇ ਨਾਲ ਆਏ ਫਸਟ ਸੈਕਟਰੀ ਤਾਨੀਆ ਸਪਿਸਬਾਹ, ਮੀਡੀਆ ਅਫਸਰ ਵਰਤਿਕਾ ਸੇਠੀ ਤੇ ਆਸਟਰੇਲੀਆ ਟਰੇਡ ਐਂਡ ਇਨਵੈਸਟਮੈਂਟ ਕਮਿਸ਼ਨ ਦੇ ਡਾਇਰੈਕਟਰ (ਉਤਰੀ ਪੱਛਮੀ ਭਾਰਤ) ਸ੍ਰੀ ਆਸੀਸ਼ ਸ਼ਰਮਾ, ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿੱਤ ਸ੍ਰੀ ਡੀ.ਪੀ.ਰੈਡੀ ਅਤੇ ਸਕੱਤਰ ਖਰਚਾ  ਸ੍ਰੀ ਜਸਪਾਲ ਸਿੰਘ ਵੀ ਹਾਜਰ ਸਨ

 

Leave a Reply

Your email address will not be published. Required fields are marked *