ਆਸਟਰੇਲੀਆ ਦੀ ਬੀਚ ਤੇ ਸ਼ਰਾਬ ਪੀਣ ਤੇ ਲੱਗੀ ਪਾਬੰਦੀ

ਸਿਡਨੀ, 29 ਦਸੰਬਰ (ਸ.ਬ.) ਸ਼ਹਿਰ ਦੀ ਪ੍ਰਸਿੱਧ ਕੂਗੀ ਬੀਚ ਤੇ ਗਰਮੀਆਂ ਦੇ ਇਸ ਪੂਰੇ ਸੀਜ਼ਨ ਵਿੱਚ ਸ਼ਰਾਬ ਪੀਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ| ਇਹ ਫੈਸਲਾ ਸਿਡਨੀ ਦੇ ਕਸਬੇ ਰੈਂਡਸਵਿੱਕ ਸਿਟੀ ਕੌਂਸਲ ਵਲੋਂ ਲਿਆ ਗਿਆ ਹੈ| ਅਸਲ ਵਿੱਚ ਕ੍ਰਿਸਮਸ ਵਾਲੇ ਦਿਨ 10,000 ਲੋਕ ਇਸ ਬੀਚ ਤੇ ਪਾਰਟੀ ਅਤੇ ਮਸਤੀ ਕਰਨ ਲਈ ਇਕੱਠੇ ਹੋਏ ਸਨ| ਇਸ ਦੌਰਾਨ ਲੋਕਾਂ ਨੇ ਇੱਥੇ ਸਫਾਈ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਅਤੇ ਉਨ੍ਹਾਂ ਨੇ ਬੀਚ ਤੇ ਸ਼ਰਾਬ ਦੀਆਂ ਖਾਲੀ ਬੋਤਲਾਂ, ਸਿਗਰਟਾਂ ਦੇ ਡੱਬੇ ਅਤੇ ਹੋਰ ਚੀਜ਼ਾਂ ਨੂੰ ਇੱਧਰ-ਉੱਧਰ ਸੁੱਟ ਦਿੱਤਾ| ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦਿਨ ਬੀਚ ਵਿੱਚ ਕੁੱਲ ਮਿਲਾ ਕੇ 15 ਟਨ (15,000 ਕਿਲੋਗ੍ਰਾਮ) ਕੂੜਾ-ਕਰਕਟ ਇਕੱਠਾ ਹੋ ਗਿਆ ਸੀ| ਪਾਬੰਦੀ ਦੇ ਫੈਸਲੇ ਬਾਰੇ ਫੇਸਬੁੱਕ ਤੇ ਇੱਕ ਬਿਆਨ ਜਾਰੀ ਕਰਕੇ ਰੈਂਡਵਿੱਕ ਦੇ ਮੇਅਰ ਨੀਓਲ ਡੀਸੂਜਾ ਨੇ ਕਿਹਾ ਕਿ ਕ੍ਰਿਸਮਸ ਵਾਲੇ ਦਿਨ ਲੋਕਾਂ ਨੇ ਬੀਚ ਤੇ ਇਕੱਠੇ ਹੋ ਕੇ ਜਿਸ ਤਰ੍ਹਾਂ ਦਾ ਵਤੀਰਾ ਦਿਖਾਇਆ, ਉਸ ਤੋਂ ਬਾਅਦ ਪ੍ਰਸ਼ਾਸਨ ਇਸ ਫੈਸਲੇ ਨੂੰ ਲੈਣ ਲਈ ਮਜਬੂਰ ਹੋ ਗਿਆ| ਹਾਲਾਂਕਿ ਕੁਝ ਲੋਕਾਂ ਨੇ ਪ੍ਰਸ਼ਾਸਨ ਦੇ ਇਸ ਫੈਸਲੇ ਤੇ ਇਤਰਾਜ਼ ਵੀ ਜਤਾਇਆ ਹੈ|

Leave a Reply

Your email address will not be published. Required fields are marked *