ਆਸਟਰੇਲੀਆ ਵਿੱਚ ਮੀਂਹ ਨੇ ਪਿਛਲੇ 50 ਸਾਲਾਂ ਦੇ ਰਿਕਾਰਡ ਤੋੜੇ

ਸਿਡਨੀ, 27 ਦਸੰਬਰ (ਸ.ਬ.) ਆਸਟਰੇਲੀਆ ਵਿੱਚ ਭਾਰੀ ਮੀਂਹ ਨੇ ਪਿਛਲੇ 50 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ| ਇਸ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਆ ਚੁੱਕੇ ਹਨ| ਗਰਮੀ ਨਾਲ ਝੁਲਸੇ ਲੋਕਾਂ ਲਈ ਪਹਿਲਾਂ ਤਾਂ ਇਹ ਮੀਂਹ ਖੁਸ਼ੀ ਲੈ ਕੇ ਆਇਆ ਪਰ ਥੋੜੀ ਦੇਰ ਮਗਰੋਂ ਇਸਨੇ ਇਕ ਭਿਆਨਕ ਰੂਪ ਲੈ ਲਿਆ| ਬਚਾਅ ਕਰਮਚਾਰੀਆਂ ਨੇ ਊਲੂਰੂ ਵਿੱਚ ਰਹਿ ਰਹੇ ਕਿਨਟੋਰ ਭਾਈਚਾਰੇ ਦੇ ਲੋਕਾਂ ਨੂੰ ਬਚਾਇਆ ਅਤੇ ਉਨ੍ਹਾਂ ਦੇ 25 ਘਰਾਂ ਨੂੰ ਖਾਲੀ ਕਰਵਾਇਆ| ਕਿਨਟੋਰ ਭਾਈਚਾਰੇ ਦੇ ਲਗਭਗ 400 ਵਿਅਕਤੀਆਂ ਨੂੰ ਇਕ ਸਕੂਲ ਵਿੱਚ ਸ਼ਰਣ ਲੈਣੀ ਪਈ| ਊਲੂਰੂ ਰਾਸ਼ਟਰੀ ਪਾਰਕ ਨੂੰ ਵੀ ਮੰਗਲਵਾਰ ਨੂੰ ਦੋਬਾਰਾ ਖੋਲ੍ਹਿਆ ਗਿਆ ਹੈ ਜਦ ਕਿ ਤੇਜ਼ ਮੀਂਹ ਕਾਰਨ ਸੋਮਵਾਰ ਨੂੰ ਬੰਦ ਰੱਖਿਆ ਗਿਆ ਸੀ|
ਵਾਲੁਨਗੁਰੂ ਜਿਲੇ ਵਿੱਚ 232 ਮਿਲੀ ਮੀਟਰ ਦੀ ਰਫਤਾਰ ਨਾਲ ਤਕ ਮੀਂਹ ਪਿਆ| ਇਸ ਕਾਰਨ ਕਈ ਸੜਕਾਂ ਟੁੱਟ ਗਈਆਂ ਅਤੇ ਕਈ ਰਾਹ ਤਾਂ ਰੁੜ੍ਹ ਹੀ ਗਏ| ਮੌਸਮ ਵਿਭਾਗ ਨੇ ਦੱਸਿਆ ਕਿ ਕ੍ਰਿਸਮਿਸ ਦੀ ਰਾਤ ਇਕ ਘੰਟੇ ਲਈ 61.4 ਮਿਲੀ ਮੀਟਰ ਦਾ ਮੀਂਹ ਪਿਆ| ਪਿਛਲੇ 50 ਸਾਲਾਂ ਤੋਂ ਅਜਿਹਾ ਮੀਂਹ ਨਹੀਂ ਦੇਖਿਆ ਗਿਆ ਸੀ| ਮਾਹਿਰਾਂ ਨੇ ਕਿਹਾ ਕਿ ਅਗਲੇ ਮਹੀਨਿਆਂ ਵਿੱਚ ਬਹੁਤ ਵਧੀਆ ਫਸਲਾਂ ਹੋਣ ਦੀ ਉਮੀਦ ਹੈ| ਜਿੱਥੇ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਇੱਥੇ ਹੜ੍ਹ ਕਾਰਨ 6 ਵਿਅਕਤੀ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਹੋ ਰਹੀ ਹੈ|

Leave a Reply

Your email address will not be published. Required fields are marked *