ਆਸਟ੍ਰੇਲੀਆਈ ਪਾਸਪੋਰਟ ਦੁਨੀਆ ਭਰ ਦੇ 10 ਸ਼ਕਤੀਸ਼ਾਲੀ ਪਾਸਪੋਰਟਾਂ ਵਿੱਚ ਸ਼ਾਮਿਲ

ਮੈਲਬੌਰਨ, 4 ਜੂਨ (ਸ.ਬ.) ਦੁਨੀਆ ਭਰ ਦੇ ਦੇਸ਼ਾਂ ਦੀਆਂ ਵੀਜ਼ਾ ਨੀਤੀਆਂ ਦਾ ਵਰਣਨ ਕਰਨ ਵਾਲੀ ਸੰਸਥਾ ‘ਹੈਨਲੀ ਪਾਸਪੋਰਟ ਇੰਡੈਕਸ’ ਨੇ ਨਵੀਂ ਦਰਜਾਬੰਦੀ ਜਾਰੀ ਕੀਤੀ ਹੈ| ਇਹ ਸੰਸਥਾ ਇਕ ਖਾਸ ਦੇਸ਼ ਦੇ ਪਾਸਪੋਰਟ ਨੂੰ ਸਭ ਤੋਂ ਜ਼ਿਆਦਾ ਮੁਲਕਾਂ ਵਿੱਚ ਵੀਜ਼ਾ ਰਹਿਤ ਜਾਂ ਦਾਖਲੇ ਉਪਰੰਤ ਮਿਲਣ ਵਾਲੇ ਵੀਜ਼ੇ ਦੀ ਸਹੂਲਤ ਦਾ ਮੁਲਾਂਕਣ ਕਰਕੇ ਸੂਚੀ ਤਿਆਰ ਕਰਦੀ ਹੈ|
ਇਸ ਸੂਚੀ ਵਿਚ ਆਸਟ੍ਰੇਲੀਆ ਨੂੰ 6ਵਾਂ ਦਰਜਾ ਮਿਲਿਆ ਹੈ| ਆਸਟ੍ਰੇਲੀਆਈ ਨਾਗਰਿਕਾਂ ਨੂੰ ਸੈਰ-ਸਪਾਟੇ ਲਈ 183 ਦੇਸ਼ਾਂ ਵਿਚ ਬਿਨਾਂ ਵੀਜ਼ੇ ਤੋਂ ਦਾਖਲਾ ਜਾਂ ਦਾਖਲੇ ਉਪਰੰਤ ਵੀਜ਼ਾ ਮਿਲਣ ਦੀ ਸਹੂਲਤ ਉਪਲੱਬਧ ਹੈ| ਪਿਛਲੇ ਜੇਤੂ ਦੇਸ਼ ਸਿੰਗਾਪੁਰ ਨੂੰ ਪਛਾੜਦਿਆਂ ਏਸ਼ੀਆਈ ਦੇਸ਼ ਜਾਪਾਨ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਜਾਪਾਨੀ ਪਾਸਪੋਰਟ ਧਾਰਕ ਨੂੰ 189 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਪਹੁੰਚ ਦੀ ਸਹੂਲਤ ਹਾਸਲ ਹੈ| ‘ਹੈਨਲੀ ਪਾਸਪੋਰਟ ਇੰਡੈਕਸ’ ਸੰਸਥਾ ਨੇ ਇਹ ਸੂਚੀ ਕੌਮਾਂਤਰੀ ਹਵਾਬਾਜ਼ੀ ਮਹਿਕਮੇ ਵੱਲੋਂ ਜਾਰੀ ਕੁੱਲ 218 ਦੇਸ਼ਾਂ ਦੇ ਅੰਕੜਿਆਂ ਦੇ ਆਧਾਰ ਤੇ ਤਿਆਰ ਕੀਤੀ ਹੈ| ਹੈਨਲੀ ਪਾਸਪੋਰਟ ਇੰਡੈਕਸ ਨੇ ਮੰਨਿਆ ਹੈ ਕਿ ਏਸ਼ੀਆਈ ਦੇਸ਼ਾਂ ਦੀ ਦਰਜਾਬੰਦੀ ਵਿਚ ਸੁਧਾਰ ਵੀਜ਼ਾ ਨੀਤੀਆਂ ਵਿੱਚ ਆਏ ਬਦਲਾਅ ਕਰਕੇ ਹੋਇਆ ਹੈ| ਭਾਰਤ ਅਤੇ ਉਜ਼ਬੇਕਿਸਤਾਨ ਇਸ ਸੂਚੀ ਵਿਚ 79 ਵੈਂ ਸਥਾਨ ਤੇ ਹਨ ਅਤੇ ਇਨ੍ਹਾਂ ਦੇਸ਼ਾਂ ਦੇ ਪਾਸਪੋਰਟਾਂ ਤੇ 59 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਘੁੰਮਿਆ ਜਾ ਸਕਦਾ ਹੈ| ਸਭ ਤੋਂ ਘੱਟ ਪ੍ਰਭਾਵਸ਼ਾਲੀ ਪਾਸਪੋਰਟਾਂ ਵਾਲੇ ਦੇਸ਼ ਯਮਨ, ਅਫਗਾਨਿਸਤਾਨ, ਸੀਰੀਆ, ਇਰਾਕ, ਪਾਕਿਸਤਾਨ ਅਤੇ ਸੋਮਾਲੀਆ ਮੰਨੇ ਗਏ ਹਨ|

Leave a Reply

Your email address will not be published. Required fields are marked *