ਆਸਟ੍ਰੇਲੀਆਈ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਏਗੀ ਲਾਹੌਰ ਦੀ ਮਹਿਰੀਨ ਫਾਰੂਕੀ

ਬ੍ਰਿਸਬੇਨ, 6 ਜੂਨ (ਸ.ਬ.) ਨਿਊ ਸਾਊਥ ਵੇਲਜ਼ ਲੈਜਿਸਲੇਟਿਵ ਕੌਂਸਲ ਦੀ ਮੈਂਬਰ ਡਾ. ਮਹਿਰੀਨ ਫਾਰੂਕੀ ਨੂੰ ਆਸਟ੍ਰੇਲੀਆ ਦੇ ਉਪਰਲੇ ਸਦਨ (ਸੈਨੇਟ) ਕੈਨਬਰਾ ਲਈ ਨਾਮਜ਼ਦ ਕੀਤਾ ਗਿਆ ਹੈ| ਗਰੀਨ ਪਾਰਟੀ ਨਾਲ ਜੁੜੀ ਮਹਿਰੀਨ ਫਾਰੂਕੀ ਨੂੰ ਗਰੀਨਜ਼ ਆਗੂ ਰਿਆਨਨ ਦੇ ਅਸਤੀਫੇ ਤੋਂ ਬਾਅਦ ਪਾਰਟੀ ਵੱਲੋਂ ਨਾਮਜ਼ਦ ਕੀਤਾ ਗਿਆ ਹੈ| ਪਾਕਿਸਤਾਨ ਦੇ ਸ਼ਹਿਰ ਲਾਹੌਰ ਦੀ ਜੰਮ-ਪਲ ਮਹਿਰੀਨ ਫਾਰੂਕੀ 1992 ਵਿਚ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਪੁੱਜੀ ਸੀ| ਉਸ ਨੇ ਨਿਊ ਸਾਊਥ ਵੇਲਜ਼ ਦੀ ਯੂਨੀਵਰਸਿਟੀ ਤੋਂ ਪਹਿਲਾਂ ਮਾਸਟਰਜ਼ ਅਤੇ ਫਿਰ ਸੰਨ 2000 ਵਿਚ ਵਾਤਾਵਰਨ ਇੰਜੀਨੀਅਰਿੰਗ ਵਿੱਚ ਪੀ. ਐਚ. ਡੀ. (ਡਾਕਟਰੇਟ) ਦੀ ਉਪਾਧੀ ਹਾਸਲ ਕੀਤੀ|
ਸਾਲ 2004 ਵਿਚ ਉਹ ‘ਗਰੀਨਜ਼’ ਪਾਰਟੀ ਨਾਲ ਜੁੜ ਗਈ| ਡਾ. ਫਾਰੂਕੀ ਨੇ ਗਰੀਨਜ਼ ਪਾਰਟੀ ਬਾਰੇ ਕਿਹਾ ਕਿ ਵਾਤਾਵਰਣ ਅਤੇ ਸਮਾਜਿਕ ਮੁੱਦਿਆਂ ਜਿਹੇ ਵਿਸ਼ਿਆਂ ਨੂੰ ਲੈ ਕੇ ਵਿਚਾਰਾਂ ਨਾਲ ਉਸ ਦੀ ਪੂਰੀ ਸਹਿਮਤੀ ਹੋਣ ਕਾਰਨ ਹੀ ਉਸ ਨੇ ਇਹ ਪਾਰਟੀ ਅਪਣਾਈ ਹੈ| ਸਾਲ 2013 ਵਿਚ ਉਹ ਨਿਊ ਸਾਊਥ ਵੇਲਜ਼ ਲੈਜਿਸਲੇਟਿਵ ਕੌਂਸਲ ਲਈ ਚੁਣੀ ਗਈ ਸੀ, ਉਸ ਸਮੇਂ ਉਹ ਅਜਿਹੀ ਪਹਿਲੀ ਮੁਸਲਮਾਨ ਔਰਤ ਵਜੋਂ ਸਾਹਮਣੇ ਆਈ ਸੀ, ਜਿਸ ਨੂੰ ਆਸਟ੍ਰੇਲੀਆ ਵਿਚ ਇਹ ਮਾਣ ਹਾਸਲ ਹੋਇਆ ਸੀ|
ਮੌਜੂਦਾ ਸੈਨੇਟਰ ਲੀ ਰਿਆਨਨ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ 10 ਮਹੀਨੇ ਪਹਿਲਾਂ ਹੀ ਸੈਨੇਟ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਪਾਰਟੀ ਨੇ ਉਸ ਦੀ ਥਾਂ ਮਹਿਰੀਨ ਫਾਰੂਕੀ ਦੀ ਚੋਣ ਕੀਤੀ ਹੈ| ਮਹਿਰੀਨ ਫਾਰੂਕੀ ਦਾ ਕਹਿਣਾ ਹੈ ਕਿ ਉਹ ਪਹਿਲਾਂ ਨਾਲੋਂ ਵਧੇਰੇ ਲਗਨ ਨਾਲ ਕੰਮ ਕਰੇਗੀ| ਕੁਈਨਜ਼ਲੈਂਡ ਤੋਂ ਗਰੀਨਜ਼ ਪਾਰਟੀ ਦੇ ਆਗੂ ਨਵਦੀਪ ਸਿੰਘ ਨੇ ਮਹਿਰੀਨ ਫਾਰੂਕੀ ਨੂੰ ਇਸ ਮਹੱਤਵਪੂਰਨ ਨਾਮਜ਼ਦਗੀ ਲਈ ਵਧਾਈ ਦਿੱਤੀ ਹੈ|

Leave a Reply

Your email address will not be published. Required fields are marked *