ਆਸਟ੍ਰੇਲੀਆਈ ਸੰਸਦ ਮੈਂਬਰਾਂ ਨੂੰ ਦੋਹਰੀ ਨਾਗਰਿਕਤਾ ਨਾ ਹੋਣ ਸਬੰਧੀ ਸਥਿਤੀ ਸਾਬਿਤ ਕਰਨ ਦੇ ਹੁਕਮ

ਕੈਨਬਰਾ, 13 ਨਵੰਬਰ (ਸ.ਬ.) ਦੋਹਰੀ ਨਾਗਰਿਕਤਾ ਨੂੰ ਲੈ ਕੇ  ਆਸਟ੍ਰੇਲੀਆ ਵਿੱਚ ਪੈਦਾ ਹੋਏ ਵਿਵਾਦ ਦਰਮਿਆਨ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਉਹ 3 ਹਫਤਿਆਂ ਦੇ ਅੰਦਰ ਇਸ ਦਾ ਸਬੂਤ ਪੇਸ਼ ਕਰਨ ਕਿ ਉਨ੍ਹਾਂ ਕੋਲ ਦੋਹਰੀ ਨਾਗਰਿਕਤਾ ਨਹੀਂ ਹੈ| ਆਸਟ੍ਰੇਲੀਆ ਦੇ ਸਿਆਸੀ ਦਲਾਂ ਦਰਮਿਆਨ  ਅੱਜ ਇਹ ਸਮਝੌਤਾ ਹੋਇਆ ਹੈ| ਇਨ੍ਹਾਂ 3 ਹਫਤਿਆਂ ਦੇ ਸਮੇਂ ਦੌਰਾਨ ਸੰਸਦ ਮੈਂਬਰਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਚੁਣੇ ਜਾਣ ਸਮੇਂ ਉਨ੍ਹਾਂ ਕੋਲ ਸਿਰਫ ਆਸਟ੍ਰੇਲੀਆ ਦੀ ਹੀ ਨਾਗਰਿਕਤਾ ਸੀ ਅਤੇ ਉਹ ਉਸ ਸਮੇਂ ਕਿਸੇ ਹੋਰ ਦੇਸ਼ ਦੇ ਨਾਗਰਿਕ ਨਹੀਂ ਸਨ|  ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੀ ਲਿਬਰਲ ਪਾਰਟੀ ਅਤੇ ਵਿਰੋਧੀ ਦਲ ਲੇਬਰ ਪਾਰਟੀ ਇਕ ਸਮਝੌਤੇ ਤੇ ਪਹੁੰਚੇ ਹਨ| ਇਸ ਸਮਝੌਤੇ ਤਹਿਤ ਸੰਸਦ ਮੈਂਬਰਾਂ ਨੂੰ ਨਾਗਰਿਕਤਾ ਨਾਲ ਸੰਬੰਧਤ ਦਸਤਾਵੇਜ਼ ਅਤੇ ਸਬੂਤ ਪੇਸ਼ ਕਰਨ ਲਈ ਇਕ ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ| ਸੰਸਦ ਮੈਂਬਰਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਨ੍ਹਾਂ ਕੋਲ ਸਿਰਫ ਆਸਟ੍ਰੇਲੀਆ ਦੀ ਨਾਗਰਿਕਤਾ ਹੈ| ਆਸਟ੍ਰੇਲੀਆ ਵਿਚ ਪੈਦਾ ਹੋਏ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੀ ਪੈਦਾਇਸ਼ ਦੀ ਤਾਰੀਕ ਅਤੇ ਜਨਮ ਸਥਾਨ ਵਾਲੇ ਦੇਸ਼ ਦਾ ਨਾਂ ਮੁਹੱਈਆ ਕਰਾਉਣਾ ਹੋਵੇਗਾ ਤਾਂ ਕਿ ਉਹ ਇਹ ਸਾਬਤ ਕਰ ਸਕਣ ਕਿ ਉਨ੍ਹਾਂ ਨੇ ਦੋਹਰੀ ਨਾਗਰਿਕਤਾ ਨਹੀਂ ਅਪਣਾਈ ਹੈ|
ਆਸਟ੍ਰੇਲੀਆ ਦਾ ਇਹ ਵਿਵਾਦ ਮੌਜੂਦਾ ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਸਕਦਾ ਹੈ| ਆਸਟ੍ਰੇਲੀਆ ਦੇ ਸੰਵਿਧਾਨ ਮੁਤਾਬਕ ਦੋਹਰੀ ਨਾਗਰਿਕਤਾ ਰੱਖਣ ਵਾਲਾ ਵਿਅਕਤੀ ਸੰਸਦ ਦੀ ਮੈਂਬਰਤਾ ਨਹੀਂ ਪਾ ਸਕਦਾ|

Leave a Reply

Your email address will not be published. Required fields are marked *