ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਹੈ ਟੀ. ਟੀ. ਪੀ. ਦੇ ਬਚਣ ਦੀ ਉਮੀਦ

ਕੈਨਬਰਾ/ਵੈਲਿੰਗਟਨ, 24 ਜਨਵਰੀ, (ਸ.ਬ.) ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ ਬੀਤੇ ਦਿਨ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਟਰਾਂਸ ਪੈਸੀਫਿਕ ਪਾਰਟਨਰਸ਼ਿੱਪ (ਟੀ. ਟੀ. ਪੀ.) ਵਪਾਰ ਸਮਝੌਤੇ ਤੋਂ ਅਮਰੀਕਾ ਦੇ ਬਾਹਰ ਨਿਕਲਣ ਤੋਂ ਬਾਅਦ ਚੀਨ ਅਤੇ ਹੋਰ     ਏਸ਼ੀਆਈ ਦੇਸ਼ਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਉਤਾਸ਼ਾਹਿਤ ਕਰਕੇ ਟੀ. ਟੀ. ਪੀ. ਨੂੰ ਬਚਾਇਆ ਜਾ ਸਕਦਾ ਹੈ| ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕਿਹਾ ਕਿ ਉਨ੍ਹਾਂ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਬਿਲ ਇੰਗਲਿਸ਼ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹੈਸਿਨ ਲੂਗ ਨਾਲ ਅਮਰੀਕਾ ਤੋਂ ਬਿਨਾਂ ਟੀ. ਟੀ. ਪੀ. ਦੀ ਹੋਂਦ ਨੂੰ ਬਚਾਉਣ ਦੀ ਸੰਭਾਵਨਾ ਦੇ ਬਾਰੇ ਵਿੱਚ ਗੱਲਬਾਤ ਕੀਤੀ ਹੈ| ਸ਼੍ਰੀ ਟਰਨਬੁਲ ਨੇ ਕੈਨਬਰਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਟੀ. ਟੀ. ਪੀ. ਤੋਂ ਅਮਰੀਕਾ ਦਾ ਬਾਹਰ ਹੋਣਾ ਇੱਕ ਵੱਡਾ ਨੁਕਸਾਨ ਹੈ| ਉਨ੍ਹਾਂ ਕਿਹਾ, ”ਪਰ ਸਾਨੂੰ ਵਿਸ਼ਵਾਸ ਹੈ ਕਿ ਟੀ. ਟੀ. ਪੀ. ਬਚਿਆ ਰਹੇਗਾ ਅਤੇ ਟੀ. ਟੀ. ਪੀ. ਵਿੱਚ ਚੀਨ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ|” ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੀ. ਟੀ. ਪੀ. ਵਪਾਰ ਸਮਝੌਤੇ ਤੋਂ ਬਾਹਰ ਨਿਕਲਣ ਦਾ ਫੈਸਲਾ ਲਿਆ ਹੈ, ਜਿਹੜਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਵਿਦੇਸ਼ ਨੀਤੀ ਲਈ ਇੱਕ ਵੱਡਾ ਝਟਕਾ ਹੈ| ਜ਼ਿਕਰਯੋਗ ਹੈ ਕਿ ਇਹ ਸਮਝੌਤਾ 5 ਅਕਤੂਬਰ 2015 ਨੂੰ ਹੋਇਆ ਸੀ, ਜਿਸ ਵਿੱਚ ਇਹ ਤਹਿ ਕੀਤਾ ਗਿਆ ਸੀ ਕਿ ਟੀ. ਟੀ. ਪੀ. ਵਿੱਚ ਸ਼ਾਮਲ ਹੋਣ ਵਾਲੇ ਦੇਸ਼ਾਂ ਨੂੰ ਵਪਾਰਕ ਕਰ ਵਿੱਚ ਛੋਟ ਦਿੱਤੀ          ਜਾਵੇਗੀ| ਇਸ ਸਮਝੌਤੇ ਵਿੱਚ ਅਮਰੀਕਾ ਨੂੰ ਛੱਡ ਕੇ ਹੁਣ ਕੇਵਲ 11 ਦੇਸ਼ ਬਚੇ ਹਨ, ਜਿਨ੍ਹਾਂ ਵਿੱਚ ਜਾਪਾਨ, ਮਲੇਸ਼ੀਆ, ਵੀਅਤਨਾਮ, ਸਿੰਗਾਪੁਰ, ਬੁਰਨੇਈ, ਆਸਟਰੇਲੀਆ, ਨਿਊਜ਼ੀਲੈਂਡ, ਕੈਨੇਡਾ, ਮੈਕਸੀਕੋ, ਚਿੱਲੀ ਅਤੇ ਪੇਰੂ ਸ਼ਾਮਲ ਹਨ|

Leave a Reply

Your email address will not be published. Required fields are marked *