ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੋਂ 10 ਗੁਣਾਂ ਵਧ ਤਨਖ਼ਾਹ ਲੈਂਦਾ ਹੈ ਆਸਟ੍ਰੇਲੀਆ ਪੋਸਟ ਦਾ ਕਾਰਜਕਾਰੀ ਅਧਿਕਾਰੀ

ਕੈਨਬਰਾ, 8 ਫਰਵਰੀ (ਸ.ਬ.) ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਦੇਸ਼ ਦੇ ਪੋਸਟਲ ਆਪਰੇਟਰ ਨੂੰ ਕਿਹਾ ਹੈ ਕਿ ਉਹ    ਆਸਟ੍ਰੇਲੀਆ ਪੋਸਟ ਦੇ ਕਾਰਜਕਾਰੀ ਅਧਿਕਾਰੀ ਨੂੰ ਪਿਛਲੇ ਸਾਲ ਦਿੱਤੀ ਗਈ ਤਨਖਾਹ ਤੇ ਮੁੜ ਵਿਚਾਰ ਕਰੇ| ਅਸਲ ਵਿੱਚ ਮੰਗਲਵਾਰ ਨੂੰ ਸੈਨੇਟ ਕਮੇਟੀ ਨੇ ਇਹ ਖੁਲਾਸਾ ਕੀਤਾ ਸੀ ਕਿ ਪੋਸਟ ਦੇ ਕਾਰਜਕਾਰੀ ਅਧਿਕਾਰੀ ਅਹਿਮਦ ਫਾਹਓਰ ਨੇ ਜੁਲਾਈ 2015 ਤੋਂ ਲੈ ਕੇ ਜੂਨ 2016 ਦਰਿਮਆਨ 5.6 ਮਿਲੀਅਨ ਆਸਟ੍ਰੇਲੀਅਨ ਡਾਲਰ ਪ੍ਰਾਪਤ ਕੀਤੇ ਸਨ| ਇਹ ਕੀਮਤ    ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੀ ਤਨਖ਼ਾਹ ਤੋਂ 10 ਗੁਣਾਂ ਵਧੇਰੇ ਹੈ, ਕਿਉਂਕਿ ਉਹ ਸਲਾਨਾ 386,510 ਡਾਲਰ ਤਨਖਾਹ ਦੇ ਰੂਪ ਵਿੱਚ ਮਿਲਦੇ ਹਨ| ਸ਼੍ਰੀ ਟਰਨਬੁਲ ਦਾ ਕਹਿਣਾ ਹੈ ਕਿ ਇਹ ਮਿਹਨਤਾਨਾ ਕਾਫੀ ਉੱਚਾ ਹੈ ਅਤੇ ਆਸਟ੍ਰੇਲੀਆ ਪੋਸਟ ਨੂੰ ਇਸ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ| ਜਿਕਰਯੋਗ ਹੈ ਕਿ ਇਸ ਸੰਸਥਾਨ ਤੇ ਸਰਕਾਰ ਦੀ ਮਲਕੀਅਤ ਹੈ ਅਤੇ ਇਸ ਕਾਰਨ ਸਾਰੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਇੱਕ ਪ੍ਰਸ਼ਾਸਨਿਕ ਅਧਿਕਾਰੀ ਲਈ ਇਹ ਤਨਖਾਹ ਕਾਫੀ ਜ਼ਿਆਦਾ ਹੈ|
ਉੱਧਰ ਅਹਿਮਦ ਦੇ ਬਚਾਅ ਵਿੱਚ ਉਤਰਦਿਆਂ ਆਸਟ੍ਰੇਲੀਆ ਪੋਸਟ ਨੇ ਕਿਹਾ ਹੈ ਕਿ ਉਨ੍ਹਾਂ ਦੀ ਮਿਹਨਤ ਕਾਰਨ ਪੋਸਟ ਦਾ ਕੰਮ, ਜਿਹੜਾ ਕਿ ਪਿਛਲੇ ਕਾਫੀ ਸਮੇਂ ਤੋਂ ਘਾਟੇ ਵਿੱਚ ਜਾ ਰਿਹਾ ਸੀ, ਸਾਲ 2016 ਵਿੱਚ ਬੁਲੰਦੀਆਂ ਤੇ ਪਹੁੰਚਿਆ ਹੈ| ਪੋਸਟ ਦਾ ਕਹਿਣਾ ਹੈ ਕਿ ਸ਼੍ਰੀ ਅਹਿਮਦ ਨੇ ਜਿੰਨਾ ਵੀ ਮਿਹਨਤਾਨਾ ਪ੍ਰਾਪਤ ਕੀਤਾ ਹੈ, ਉਸ ਵਿੱਚ 1.2 ਮਿਲੀਅਨ ਡਾਲਰ ਬੋਨਸ ਅਤੇ ਹੋਰ ਦੂਜੇ ਭੱਤੇ ਸ਼ਾਮਲ ਸਨ|
ਚੇਅਰਮੈਨ ਜਾਨ ਸਟੇਨਹੋਪ ਨੇ ਕਿਹਾ ਕਿ ਇਹ ਵਪਾਰ ਕਾਫੀ ਮੁਕਾਬਲੇ ਵਾਲਾ ਹੈ ਅਤੇ ਸਾਨੂੰ ਕਰਮਚਾਰੀਆਂ ਨੂੰ ਮੁਕਾਬਲੇ ਵਾਲੀ ਤਨਖਾਹ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ|

Leave a Reply

Your email address will not be published. Required fields are marked *