ਆਸਟ੍ਰੇਲੀਆ ਦੇ ਸਾਬਕਾ ਤੈਰਾਕ ਗ੍ਰਾਂਟ ਹੈਕੇਟ ਗ੍ਰਿਫ਼ਤਾਰ

ਗੋਲਡ ਕੋਸਟ, 15 ਫਰਵਰੀ (ਸ.ਬ.) ਆਸਟ੍ਰੇਲੀਆ ਦੇ ਸਾਬਕਾ ਤੈਰਾਕ ਗ੍ਰਾਂਟ ਹੈਕੇਟ ਨੂੰ ਪੁਲੀਸ ਵਲੋਂ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ| 36 ਸਾਲਾ ਹੈਕੇਟ ਦੀ ਗ੍ਰਿਫ਼ਤਾਰੀ ਅੱਜ ਹੋਈ ਹੈ| ਕੁਈਨਜ਼ਲੈਂਡ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਹੈਕੇਟ ਨੂੰ ਗੋਲਡ ਕੋਸਟ ਦੇ ਸਰਫਰਜ਼ ਅਵੈਨਿਊ ਵਿਖੇ ਸਥਿਤ ਉਸ ਦੇ ਮਾਪਿਆਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ|
ਇਹ ਗੱਲ ਮੰਨੀ ਜਾ ਰਹੀ ਹੈ ਕਿ ਪੁਲੀਸ ਨੂੰ ਫੋਨ ਕਰਕੇ ਹੈਕੇਟ ਦੇ ਪਿਤਾ ਨੇ ਹੀ ਘਰ ਵਿੱਚ ਬੁਲਾਇਆ ਸੀ, ਕਿਉਂਕਿ ਉਹ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਇਸ ਕਾਰਨ ਉਸ ਦਾ ਵਤੀਰਾ ਕਾਫੀ ਬਦਲਿਆ ਹੋਇਆ ਸੀ| ਹੈਕੇਟ ਦੇ ਪਿਤਾ ਨੇਵ ਹੈਕੇਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਪੁੱਤਰ ਨੂੰ ਮਾਨਸਿਕ ਸਿਹਤ ਨਾਲ ਸੰਬੰਧਤ ਮੁੱਦੇ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ| ਇਸ ਮਾਮਲੇ ਦੇ ਸੰਬੰਧ ਵਿੱਚ ਉਨ੍ਹਾਂ ਨੇ ਇਸ ਤੋਂ ਵਧੇਰੇ ਜਾਣਕਾਰੀ ਨਹੀਂ ਦਿੱਤੀ| ਫਿਲਹਾਲ ਹੈਕੇਟ ਦੇ ਵਿਰੁੱਧ ਪੁਲੀਸ ਨੇ ਕੋਈ ਦੋਸ਼ ਨਹੀਂ ਲਗਾਇਆ ਹੈ|
ਜਿਕਰਯੋਗ  ਹੈ ਕਿ ਹੈਕੇਟ ਆਸਟ੍ਰੇਲੀਆ ਦਾ ਪ੍ਰਸਿੱਧ ਤੈਰਾਕ ਰਹਿ ਚੁੱਕਾ ਹੈ| ਉਸ ਨੇ ਸਾਲ 2000 ਵਿੱਚ ਸਿਡਨੀ ਅਤੇ ਸਾਲ 2004 ਵਿੱਚ ਏਥਨਜ਼ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਆਸਟ੍ਰੇਲੀਆ ਲਈ ਸੋਨ ਤਮਗੇ ਜਿੱਤੇ ਸਨ| ਉੱਥੇ ਹੀ ਉਸ ਨੇ ਸਾਲ 2008 ਵਿੱਚ ਬੀਜਿੰਗ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ|

Leave a Reply

Your email address will not be published. Required fields are marked *