ਆਸਟ੍ਰੇਲੀਆ ਨੇ 457-ਵੀਜ਼ਾ ਪ੍ਰੋਗਰਾਮ ਕੀਤਾ ਬੰਦ, ਭਾਰਤ ਤੇ ਪਵੇਗਾ ਵੱਡਾ ਅਸਰ

ਨਵੀਂ ਦਿੱਲੀ, 18 ਅਪ੍ਰੈਲ (ਸ.ਬ.) ਆਸਟ੍ਰੇਲੀਆ ਨੇ ਵਧਦੀ ਬੇਰੁਜ਼ਗਾਰੀ ਨਾਲ ਨਜਿੱਠਣ ਲਈ 95,000 ਤੋਂ ਵਧ ਕੱਚੇ ਵਿਦੇਸ਼ੀ ਕਾਮਿਆਂ ਵੱਲੋਂ ਵਰਤੇ ਜਾ ਰਹੇ ਵੀਜ਼ਾ ਪ੍ਰੋਗਰਾਮ ਨੂੰ ਅੱਜ ਖਤਮ ਕਰ ਦਿੱਤਾ| ਇਨ੍ਹਾਂ ਕਾਮਿਆਂ ਵਿੱਚ ਜ਼ਿਆਦਾਤਰ ਭਾਰਤੀ ਹਨ| ਇਸ ਪ੍ਰੋਗਰਾਮ ਨੂੰ 457-ਵੀਜ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ| ਇਸ ਤਹਿਤ ਕੰਪਨੀਆਂ ਨੂੰ ਉਨ੍ਹਾਂ ਖੇਤਰਾਂ ਵਿੱਚ ਚਾਰ ਸਾਲ ਤਕ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਮਨਜ਼ੂਰੀ ਸੀ, ਜਿੱਥੇ ਕੁਸ਼ਲ  ਆਸਟ੍ਰੇਲੀਆਈ ਕਾਮਿਆਂ ਦੀ ਕਮੀ ਹੈ| ਪ੍ਰਧਾਨ ਮੰਤਰੀ ਮੈਲਕਾਮ ਟਰਨਬੁਲ ਨੇ ਕਿਹਾ ਕਿ ਆਸਟ੍ਰੇਲੀਆਈ ਕਾਮਿਆਂ ਨੂੰ ਆਪਣੇ ਦੇਸ਼ ਵਿੱਚ ਰੁਜ਼ਗਾਰ ਵਿੱਚ ਪਹਿਲ ਮਿਲਣੀ ਚਾਹੀਦੀ ਹੈ| ਇਸ ਲਈ ਅਸੀਂ 457-ਵੀਜ਼ਾ ਖਤਮ ਕਰ ਰਹੇ ਹਾਂ| ਇਸ ਵੀਜ਼ਾ ਜ਼ਰੀਏ ਅਸਥਾਈ ਤੌਰ ਤੇ ਵਿਦੇਸ਼ੀ ਕਾਮੇ ਸਾਡੇ ਦੇਸ਼ ਆਉਂਦੇ ਹਨ| ਇਹ ਵੀਜ਼ਾ ਰੱਖਣ ਵਾਲਿਆਂ ਵਿੱਚ ਜ਼ਿਆਦਾਤਰ ਭਾਰਤ ਦੇ ਹਨ| ਉਸ ਤੋਂ ਬਾਅਦ ਬ੍ਰਿਟੇਨ ਅਤੇ ਚੀਨ ਦਾ ਸਥਾਨ ਹੈ| ਉਨ੍ਹਾਂ ਨੇ ਕਿਹਾ ਕਿ ਅਸੀਂ 457-ਵੀਜ਼ਾ ਨੂੰ ਰੁਜ਼ਗਾਰ ਦਾ ਪਾਸਪੋਰਟ ਹੋਣ ਦੀ ਹੁਣ ਮਨਜ਼ੂਰੀ ਨਹੀਂ ਦੇਵਾਂਗੇ ਅਤੇ ਇਹ ਰੁਜ਼ਗਾਰ          ਆਸਟ੍ਰੇਲੀਆਈ ਲਈ ਹੋਣੇ ਚਾਹੀਦੇ ਹਨ|
ਜਾਣਕਾਰੀ ਮੁਤਾਬਕ 30 ਸਤੰਬਰ ਦੀ ਸਥਿਤੀ ਮੁਤਾਬਕ ਆਸਟ੍ਰੇਲੀਆ ਵਿੱਚ 95,757 ਕਾਮੇ 457-ਵੀਜ਼ਾ ਪ੍ਰੋਗਰਾਮ ਤਹਿਤ ਕੰਮ ਕਰ ਰਹੇ ਸਨ| ਹੁਣ ਇਸ ਪ੍ਰੋਗਰਾਮ ਦੀ ਜਗ੍ਹਾ ਦੂਜਾ ਵੀਜ਼ਾ ਪ੍ਰੋਗਰਾਮ ਲਿਆਂਦਾ ਜਾਵੇਗਾ| ਟਰਨਬੁਲ ਨੇ ਕਿਹਾ ਕਿ ਨਵਾਂ ਪ੍ਰੋਗਰਾਮ ਇਹ ਪੱਕਾ ਕਰੇਗਾ ਕਿ ਵਿਦੇਸ਼ੀ ਕਾਮੇ ਉਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਲਈ ਆਸਟ੍ਰੇਲੀਆ ਆਉਣ ਜਿੱਥੇ ਕੁਸ਼ਲ ਲੋਕਾਂ ਦੀ ਬਹੁਤ ਕਮੀ ਹੈ ਨਾ ਕਿ ਸਿਰਫ ਇਸ ਲਈ ਆਉਣ ਕਿ ਨੌਕਰੀ ਦਾਤਾ ਨੂੰ ਆਸਟ੍ਰੇਲੀਆਈ ਕਾਮਿਆਂ ਦੀ ਬਜਾਏ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨਾ ਆਸਾਨ ਹੈ| ਪ੍ਰਧਾਨ ਮੰਤਰੀ ਨੇ ਇਹ ਐਲਾਨ ਹਾਲ ਹੀ ਵਿੱਚ ਭਾਰਤ ਯਾਤਰਾ ਤੋਂ ਵਾਪਸ ਜਾਣ ਦੇ ਬਾਅਦ ਕੀਤਾ ਹੈ| ਉਨ੍ਹਾਂ ਨੇ ਭਾਰਤ ਵਿੱਚ ਰਾਸ਼ਟਰੀ ਸੁਰੱਖਿਆ, ਅੱਤਵਾਦ ਖਿਲਾਫ ਉਪਾਵਾਂ, ਸਿੱਖਿਆ ਅਤੇ ਊਰਜਾ ਤੇ ਚਰਚਾ ਕੀਤੀ ਅਤੇ 6 ਸਮਝੌਤਿਆਂ ਤੇ ਦਸਤਖਤ ਕੀਤੇ|

Leave a Reply

Your email address will not be published. Required fields are marked *