ਆਸਟ੍ਰੇਲੀਆ : ਬ੍ਰਿਸਬੇਨ ਵਿੱਚ ਘਰ ਨੂੰ ਲੱਗੀ ਅੱਗ, ਔਰਤ ਝੁਲਸੀ

ਬ੍ਰਿਸਬੇਨ , 10 ਸਤੰਬਰ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਸਥਿਤ ਇਕ ਘਰ ਵਿਚ ਅੱਜ ਸਵੇਰ ਨੂੰ ਅੱਗ ਲੱਗ ਗਈ, ਜਿਸ ਕਾਰਨ ਔਰਤ ਝੁਲਸ ਗਈ| ਅੱਗ ਲੱਗਣ ਕਾਰਨ ਘਰ ਵਿੱਚ ਖੜ੍ਹੀਆਂ ਦੋ ਕਾਰਾਂ ਅਤੇ ਘਰ ਦਾ ਜ਼ਿਆਦਾਤਰ ਹਿੱਸਾ ਨੁਕਸਾਨਿਆ ਗਿਆ| ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਰੇਨਾ ਹਿੱਲਜ਼ ਸਥਿਤ ਦੋ-ਮੰਜ਼ਲਾਂ ਘਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ| ਉਨ੍ਹਾਂ ਦੱਸਿਆ ਕਿ ਘਰ ਵਿਚ ਅੱਗ ਸਵੇਰੇ ਲੱਗਭਗ 8.30 ਵਜੇ ਲੱਗੀ| ਸੂਚਨਾ ਮਿਲਦੇ ਹੀ ਜਦੋਂ ਫਾਇਰ ਫਾਈਟਰਜ਼ ਅਧਿਕਾਰੀ ਘਟਨਾ ਵਾਲੀ ਥਾਂ ਉਤੇ ਪੁੱਜੇ ਤਾਂ ਦੇਖਿਆ ਕਿ ਘਰ ਅੱਗ ਨਾਲ ਪੂਰੀ ਤਰ੍ਹਾਂ ਘਿਰਿਆ ਹੋਇਆ ਸੀ|
ਫਾਇਰ ਫਾਈਟਰਜ਼ ਅਤੇ ਬਚਾਅ ਕਰਮਚਾਰੀਆਂ ਨੇ ਘਰ ਵਿਚ ਮੌਜੂਦ ਔਰਤ ਨੂੰ ਬਚਾਇਆ, ਜਿਸ ਦੀਆਂ ਬਾਂਹਾਂ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ| ਮੌਕੇ ਉਤੇ ਪੁੱਜੇ ਪੈਰਾ-ਮੈਡੀਕਲ ਅਧਿਕਾਰੀਆਂ ਦਾ ਇਲਾਜ ਕੀਤਾ| ਅੱਗ ਲੱਗਣ ਤੋਂ ਬਾਅਦ ਘਰ ਅੰਦਰ ਧੂੰਆਂ ਫੈਲ ਗਿਆ ਸੀ, ਜਿਸ ਕਾਰਨ ਘੱਟ ਨਜ਼ਰ ਆਉਣ ਲੱਗਾ| ਦੂਜੇ ਪਾਸੇ ਗੁਆਂਢੀਆਂ ਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ | ਅਧਿਕਾਰੀਆਂ ਮੁਤਾਬਕ ਉਹ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ|

Leave a Reply

Your email address will not be published. Required fields are marked *