ਆਸਟ੍ਰੇਲੀਆ : ਭਾਰਤੀ ਉਤੇ ਨਸਲੀ ਟਿੱਪਣੀ, ਨੋਟ ਉਤੇ ਲਿਖਿਆਂ ‘ਇੰਡੀਅਨਜ਼ ਗੋਅ ਬੈਕ ਹੋਮ ਨਾਓ’

ਮੈਲਬੌਰਨ, 13 ਸਤੰਬਰ (ਸ.ਬ.) ਵਿਦੇਸ਼ੀ ਧਰਤੀ ਉਤੇ ਆਏ ਦਿਨ ਭਾਰਤੀ ਭਾਈਚਾਰੇ ਦੇ ਲੋਕ ਨਸਲੀ ਹਮਲੇ ਦੇ ਸ਼ਿਕਾਰ ਬਣ ਰਹੇ ਹਨ| ਭਾਰਤੀਆਂ ਉਤੇ ਨਫਰਤ ਅਪਰਾਧ ਕਾਰਨ ਕੁੱਟਮਾਰ ਤੇ ਨਸਲੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ, ਬਸ ਇੰਨਾ ਹੀ ਨਹੀਂ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਧਮਕੀਆਂ ਤਕ ਦਿੱਤੀਆਂ ਜਾਂਦੀਆਂ ਹਨ| ਤਾਜ਼ਾ ਮਾਮਲਾ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇਕ 24 ਸਾਲਾ ਭਾਰਤੀ ਨੌਜਵਾਨ ਨਸਲੀ ਟਿੱਪਣੀ ਦਾ ਸ਼ਿਕਾਰ ਹੋਇਆ ਹੈ| ਇਸ ਭਾਰਤੀ ਨੌਜਵਾਨ ਦਾ ਨਾਂ ਹੈ ਓਂਕਾਰ ਸਿੰਘ, ਜੋ ਕਿ ਮੈਲਬੌਰਨ ਦੇ ਦੱਖਣੀ-ਪੂਰਬੀ ਇਲਾਕੇ ਮੈਂਟੋਨ ਦੇ ਇਕ ਸ਼ਾਪਿੰਗ ਸੈਂਟਰ ਦੇ ਫਾਸਟ ਫੂਡ ਰੈਸਟੋਰੈਂਟ ਵਿੱਚ ਕੰਮ ਕਰਦਾ ਹੈ|
ਓਂਕਾਰ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਜਦੋਂ ਉਹ ਆਪਣੀ ਸ਼ਿਫਟ ਖਤਮ ਕਰਨ ਮਗਰੋਂ ਘਰ ਜਾਣ ਲੱਗਾ ਸੀ ਤਾਂ ਉਸ ਨੇ ਆਪਣੀ ਕਾਰ ਉਤੇ ਇਕ ਨੋਟ ਦੇਖਿਆ ਜਿਸ ਨੂੰ ਦੇਖ ਕੇ ਉਹ ਹੈਰਾਨ ਰਿਹਾ ਗਿਆ| ਇਸ ਨੋਟ ਉਤੇ ਨਸਲੀ ਟਿੱਪਣੀ ਲਿਖੀ ਹੋਈ ਸੀ| ਨੋਟ ਉਤੇ ਲਿਖਿਆ ਸੀ, ”ਇੰਡੀਅਨਜ਼ ਗੋਅ ਬੈਕ ਹੋਮ ਨਾਓ|”
ਓਂਕਾਰ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੇ ਨੋਟ ਨੂੰ ਦੇਖਿਆ ਤਾਂ ਪਹਿਲਾਂ ਸਮਝਿਆ ਕਿ ਇਹ ਕੋਈ ਪਾਰਕਿੰਗ ਟਿਕਟ ਹੈ ਪਰ ਇਹ ਨੋਟ ਉਸ ਲਈ ਕਾਫੀ ਹੈਰਾਨ ਕਰਨ ਵਾਲਾ ਸੀ| ਉਸ ਨੇ ਕਿਹਾ ਕਿ ਅੱਜ ਉਸਦੀ ਗੱਡੀ ਉਤੇ ਨੋਟ ਮਿਲਿਆ ਹੈ, ਹੋ ਸਕਦਾ ਹੈ ਕਿ ਕੱਲ ਨੂੰ ਉਸਦੀ ਗੱਡੀ ਨੂੰ ਜਾਂ ਉਸਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ| ਉਸ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਉਸ ਨੂੰ ਜਾਣ ਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ ਪਰ ਅਜਿਹੀ ਟਿੱਪਣੀ ਕਰਨ ਵਾਲਾ ਜੋ ਕੋਈ ਵੀ ਹੈ, ਉਸ ਨੂੰ ਮੇਰੇ ਬਾਰੇ ਪਤਾ ਹੈ ਕਿ ਮੈਂ ਇਕ ਭਾਰਤੀ ਹਾਂ| ਓਂਕਾਰ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਵਿਕਟੋਰੀਆ ਪੁਲੀਸ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਿੱਤੀ ਹੈ| ਪੁਲੀਸ ਸ਼ਾਪਿੰਗ ਸੈਂਟਰ ਦੇ ਬਾਹਰ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੀ ਹੈ|
ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਮਹੀਨੇ ਮੈਂਟੋਨ ਨਾਲ ਲੱਗਦੇ ਮਾਰਬਿਨ ਇਲਾਕੇ ਵਿੱਚ ਇਕ ਭਾਰਤੀ ਪ੍ਰਵਾਸੀ ਦੀ ਕਾਰ ਉਤੇ ਅਜਿਹਾ ਹੀ ਨੋਟ ਚਿਪਕਾਇਆ ਗਿਆ ਸੀ, ਜਿਸ ਉਤੇ ਲਿਖਿਆ ਸੀ, ”ਏਸ਼ੀਅਨ ਆਊਟ, ਇੰਡੀਅਨਜ਼ ਆਊਟ, ਆਸਟ੍ਰੇਲੀਆ ਇਜ਼ ਫੂਲ|” ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਨੋਟ ਉਤੇ ਲਿਖੀ ਗਈ ਲਿਖਾਈ ਓਂਕਾਰ ਦੀ ਕਾਰ ਉਤੇ ਮਿਲੇ ਨੋਟ ਨਾਲ ਹੂ-ਬ-ਹੂ ਮਿਲਦੀ ਹੈ| ਇਸ ਨਸਲੀ ਟਿੱਪਣੀ ਦੀ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ|

Leave a Reply

Your email address will not be published. Required fields are marked *