ਆਸਟ੍ਰੇਲੀਆ ਵਿੱਚ ਝਾੜੀਆਂ ਨੂੰ ਲੱਗੀ ਅੱਗ, ਚਿਤਾਵਨੀ ਜਾਰੀ

ਨਿਊ ਸਾਊਥ ਵੇਲਜ਼, 12 ਫਰਵਰੀ (ਸ.ਬ.) ਆਸਟ੍ਰੇਲੀਆ ਵਿੱਚ ਕੁਦਰਤ ਦੀ ਕਰੋਪੀ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ| ਇੱਥੇ ਬਹੁਤ ਤੇਜ਼ ਗਰਮੀ ਪੈਣ ਕਾਰਨ ਬੁਸ਼ ਫਾਇਰ ਭਾਵ ਝਾੜੀਆਂ ਵਿੱਚ ਅੱਗ ਲੱਗੀ ਹੈ| ਹੁਣ ਇਕ ਵਾਰ ਫਿਰ ਨਿਊ ਸਾਊਥ ਵੇਲਜ਼ ਵਿੱਚ ਝਾੜੀਆਂ ਵਿੱਚ ਅੱਗ ਲੱਗਣ ਕਾਰਨ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ| ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ ਦੇ ਸ਼ਹਿਰ ਤਾਬੁਲੁਮ ਦੀਆਂ ਝਾੜੀਆਂ ਵਿੱਚ ਅੱਗ ਲੱਗ ਗਈ ਹੈ ਜੋ ਕਿ ਜੁਬੁਲੂ ਇਲਾਕੇ ਵਿੱਚ ਫੈਲਣ ਦਾ ਖਦਸ਼ਾ ਹੈ| ਇਸੇ ਲਈ ਅੱਜ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ|
ਅਧਿਕਾਰੀਆਂ ਨੇ ਕਿਹਾ ਇਨ੍ਹਾਂ ਇਲਾਕਿਆਂ ਵਿੱਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਸੇਕ ਤੋਂ ਬਚਣ ਲਈ ਸੁਰੱਖਿਅਤ ਸ਼ੈਲਟਰਾਂ ਵਿੱਚ ਸ਼ਰਣ ਲੈ ਲੈਣ| ਬਹੁਤ ਸਾਰੇ ਲੋਕਾਂ ਨੂੰ ਫੋਨ ਕਰਕੇ ਅਲਰਟ ਕੀਤਾ ਗਿਆ ਹੈ| ਨਿਊ ਸਾਊਥ ਵੇਲਜ਼ ਦਾ 1000 ਹੈਕਟੇਅਰ ਖੇਤਰ ਅੱਗ ਵਿੱਚ ਪਹਿਲਾਂ ਹੀ ਝੁਲਸ ਚੁੱਕਾ ਹੈ| ਅਧਿਕਾਰੀਆਂ ਨੇ ਕਿਹਾ ਕਿ ਫਾਇਰ ਫਾਈਟਰਜ਼ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਅਜੇ ਤਕ ਅੱਗ ਦੀ ਗਤੀ ਨੂੰ ਘੱਟ ਨਹੀਂ ਕੀਤਾ ਜਾ ਸਕਿਆ| ਉਨ੍ਹਾਂ ਦੱਸਿਆ ਕਿ ਲੇਕ ਕੋਪਟੇਨ ਅਤੇ ਟਿੰਗਾ ਇਲਾਕਾ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਹੈ| ਹੁਣ ਤਕ 40 ਸਥਾਨਾਂ ਤੇ ਲੱਗੀ ਅੱਗ ਨੂੰ ਬੁਝਾਉਣ ਵਿੱਚ ਫਾਇਰ ਫਾਈਟਰਜ਼ ਲੱਗੇ ਹੋਏ ਹਨ| ਤੇਜ਼ ਹਵਾਵਾਂ ਕਾਰਨ ਅੱਗ ਤੇ ਕਾਬੂ ਪਾਉਣਾ ਮੁਸ਼ਕਿਲ ਹੈ|
ਬੀਤੇ ਦਿਨੀਂ ਸੂਬੇ ਕੁਈਨਜ਼ਲੈਂਡ ਵਿੱਚ ਆਏ ਹੜ੍ਹ ਨੇ ਪਹਿਲਾਂ ਹੀ ਆਸਟ੍ਰੇਲੀਆ ਦਾ ਵਿੱਤੀ ਨੁਕਸਾਨ ਕੀਤਾ ਹੈ ਅਤੇ ਹੁਣ ਇਕ ਵਾਰ ਬੁਸ਼ ਫਾਇਰ ਭਾਵ ਝਾੜੀਆਂ ਦੀ ਅੱਗ ਲੋਕਾਂ ਨੂੰ ਗਰਮੀ ਵਿੱਚ ਹੋਰ ਤੰਗ ਕਰ ਰਹੀ ਹੈ|

Leave a Reply

Your email address will not be published. Required fields are marked *