ਆਸਟ੍ਰੇਲੀਆ ਵਿੱਚ ਦੋ ਨਾਬਾਲਗਾਂ ਨੇ ਦਿੱਤਾ ਖ਼ਤਰਨਾਕ ਵਾਰਦਾਤਾਂ ਨੂੰ ਅੰਜਾਮ, ਅੱਤਵਾਦ ਨਾਲ ਜੁੜੇ ਹੋਣ ਦਾ ਸ਼ੱਕ

ਸਿਡਨੀ, 7 ਅਪ੍ਰੈਲ (ਸ.ਬ.) ਦੋ ਨਾਬਾਲਗਾਂ ਵਲੋਂ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਬੀਤੀ ਰਾਤ ਕਈ ਖ਼ਤਰਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਕਾਰਨ ਪੁਲੀਸ ਕਾਫੀ ਚੱਕਰਾਂ ਵਿੱਚ ਪਈ ਰਹੀ| ਅੱਜ ਸਵੇਰੇ ਅਖ਼ੀਰ ਦੋਵੇਂ ਨੌਜਵਾਨ ਪੁਲੀਸ ਦੇ ਹੱਥੇ ਚੜ੍ਹ ਗਏ| ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਵਾਰਦਾਤਾਂ ਦੇ ਤਾਰ ਅੱਤਵਾਦ ਨਾਲ ਜੁੜੇ ਹੋਏ ਹੋ ਸਕਦੇ ਹਨ|
ਮਿਲੀ ਜਾਣਕਾਰੀ ਮੁਤਾਬਕ 15 ਅਤੇ 16 ਸਾਲ ਦੀ ਉਮਰ ਵਾਲੇ ਦੋਹਾਂ ਨਾਬਾਲਗਾਂ ਨੇ ਨਿਊ ਸਾਊਥ ਵੇਲਜ਼ ਦੇ ਕੁਇਨਬੀਅਨ ਇਲਾਕੇ ਵਿੱਚ ਇੱਕ ਸਰਵਿਸ ਸਟੇਸ਼ਨ ਤੇ ਲੁੱਟ-ਖੋਹ ਕੀਤੀ| ਇਸ ਦੌਰਾਨ ਸਰਵਿਸ ਸਟੇਸ਼ਨ ਤੇ ਕੰਮ ਕਰ ਰਹੇ ਇੱਕ ਪਾਕਿਸਤਾਨੀ ਨੌਜਵਾਨ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਤੇ ਚਾਕੂ ਨਾਲ ਕਈ ਵਾਰ ਕੀਤੇ| ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ| ਇਸ ਤੋਂ ਬਾਅਦ ਦੋਵੇਂ ਲੁਟੇਰੇ ਸਰਵਿਸ ਸਟੇਸ਼ਨ ਤੋਂ ਕੈਸ਼ ਰਜਿਸਟਰ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ| ਪਾਕਿਸਤਾਨੀ ਨੌਜਵਾਨ ਨੂੰ ਮ੍ਰਿਤਕ ਹਾਲਤ ਵਿੱਚ ਰਾਤੀਂ 11.55 ਵਜੇ ਸਟੇਸ਼ਨ ਤੇ ਕੰਮ ਕਰਨ ਆਏ ਦੂਜੇ ਕਾਮੇ ਨੇ ਦੇਖਿਆ|
ਪੁਲੀਸ ਦਾ ਕਹਿਣਾ ਹੈ ਕਿ ਸਰਵਿਸ ਸਟੇਸ਼ਨ ਤੇ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਦੋਹਾਂ ਨੇ ਕੁਇਨਬੀਅਨ ਵਿੱਚ ਹੋਰ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਅਤੇ ਕਈ ਲੋਕਾਂ ਤੇ ਹਮਲੇ ਵੀ ਕੀਤੇ| ਪੁਲੀਸ ਦੇ ਇੱਕ ਸੀਨੀਅਰ ਅਫਸਰ ਨੇ ਦੱਸਿਆ ਕਿ ਪੁਲੀਸ ਨੇ ਰਾਤ ਭਰ ਦੋਹਾਂ ਨਾਬਾਲਗਾਂ ਦੀ ਨਿਊ ਸਾਊਥ ਵੇਲਜ਼ ਅਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਸਰਹੱਦ ਤੇ ਭਾਲ ਕੀਤੀ| ਅੱਜ ਸਵੇਰੇ 6.20 ਵਜੇ ਪੁਲੀਸ ਨੂੰ ਕੁਇਨਬੀਅਨ ਵਿੱਚ ਛੁਰੇਬਾਜ਼ੀ ਦੀ ਇੱਕ ਹੋਰ ਘਟਨਾ ਬਾਰੇ ਜਾਣਕਾਰੀ ਮਿਲੀ| ਅਧਿਕਾਰੀ ਨੇ ਦੱਸਿਆ ਕਿ ਪੀੜਤ ਦੇ ਢਿੱਡ ਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ| ਫਿਲਹਾਲ ਉਸ ਨੂੰ ਕੈਨਬਰਾ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ| ਅਧਿਕਾਰੀ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਵੀ ਦੋਹਾਂ ਨਾਬਾਲਗਾਂ ਨੇ ਅੰਜਾਮ ਦਿੱਤਾ ਸੀ| ਉਸ ਨੇ ਦੱਸਿਆ ਕਿ ਇਸ ਤੋਂ ਥੋੜ੍ਹੀ ਦੇਰ ਬਾਅਦ ਪੁਲੀਸ ਨੇ ਦੋਹਾਂ ਨੂੰ ਹਿਰਾਸਤ ਵਿੱਚ ਲੈ ਲਿਆ| ਅਧਿਕਾਰੀ ਦਾ ਕਹਿਣਾ ਹੈ ਕਿ ਕੁਇਨਬੀਅਨ ਵਿੱਚ ਵਾਪਰੀਆਂ ਇਨ੍ਹਾਂ ਸਾਰੀਆਂ ਵਾਰਦਾਤਾਂ ਦੇ ਤਾਰ ਅੱਤਵਾਦ ਨਾਲ ਜੁੜੇ ਹੋਏ ਹੋ ਸਕਦੇ ਹਨ ਅਤੇ ਨਿਊ ਸਾਊਥ ਵੇਲਜ਼ ਦੀ ਅੱਤਵਾਦ ਵਿਰੋਧੀ ਸਾਂਝੀ ਇਕਾਈ ਵਲੋਂ ਇਸ ਸਭ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *