ਆਸਟ੍ਰੇਲੀਆ ਵਿੱਚ ਪੰਜਾਬਣ ਦੇ ਕਤਲ ਦੇ ਦੋਸ਼ ਵਿੱਚ ਪਤੀ ਗ੍ਰਿਫਤਾਰ

ਸਿਡਨੀ, 1 ਨਵੰਬਰ (ਸ.ਬ.)  ਆਸਟ੍ਰੇਲੀਆ ਦੇ ਉਤਰੀ-ਪੱਛਮੀ ਸਿਡਨੀ ਵਿੱਚ 2013 ਵਿੱਚ ਇਕ ਪੰਜਾਬਣ ਪਰਵਿੰਦਰ ਕੌਰ ਦੀ ਮੌਤ ਹੋ ਗਈ ਸੀ| ਇਸ ਮਾਮਲੇ ਦੇ ਸੰਬੰਧ ਵਿੱਚ ਲੰਬੀ ਜਾਂਚ ਤੋਂ ਬਾਅਦ ਪੁਲੀਸ ਨੇ ਉਸ ਦੇ ਪਤੀ ਕੁਲਵਿੰਦਰ ਸਿੰਘ ਨੂੰ  ਅੱਜ ਸਵੇਰ ਨੂੰ ਗ੍ਰਿਫਤਾਰ ਕੀਤਾ ਹੈ| ਪੁਲੀਸ ਨੇ ਕੁਲਵਿੰਦਰ ਸਿੰਘ ਤੇ ਆਪਣੀ ਪਤਨੀ ਪਰਵਿੰਦਰ ਕੌਰ ਦਾ ਕਤਲ ਕਰਨ ਦਾ ਦੋਸ਼ ਲਾਇਆ ਹੈ|
2 ਦਸੰਬਰ 2013 ਨੂੰ ਨਿਊ ਸਾਊਥ ਵੇਲਜ਼ ਦੇ ਸ਼ਹਿਰ ਰਾਊਸ ਹਿਲ ਸਥਿਤ ਘਰ ਵਿੱਚ ਪਰਵਿੰਦਰ ਕੌਰ ਮ੍ਰਿਤਕ ਮਿਲੀ ਸੀ| ਪਰਵਿੰਦਰ ਦਾ ਸਰੀਰ 90 ਫੀਸਦੀ ਸੜਿਆ ਹੋਇਆ ਸੀ| ਦਰਅਸਲ ਦਸੰਬਰ 2013 ਨੂੰ ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਫੋਨ ਕਰ ਕੇ ਹਾਊਸ ਹਿਲ ਸਥਿਤ ਘਰ ਬੁਲਾਇਆ ਗਿਆ| ਜਦੋਂ ਅਧਿਕਾਰੀ ਘਟਨਾ ਵਾਲੀ ਥਾਂ ਤੇ ਪੁੱਜੇ ਤਾਂ 32 ਸਾਲਾ ਪਰਵਿੰਦਰ ਕੌਰ ਘਰ ਵਿਚ ਗੰਭੀਰ ਹਾਲਤ ਵਿੱਚ ਸੜੀ ਹੋਈ ਮਿਲੀ| ਮੌਕੇ ਤੇ ਨਿਊ ਸਾਊਥ ਵੇਲਜ਼ ਐਂਬੂਲੈਂਸ ਪੈਰਾ-ਮੈਡੀਕਲ ਅਧਿਕਾਰੀਆਂ ਨੇ ਇਲਾਜ ਕੀਤਾ ਅਤੇ ਏਅਰ ਐਂਬੂਲੈਂਸ ਜ਼ਰੀਏ ਪਰਵਿੰਦਰ ਨੂੰ ਰਾਇਲ ਨੌਰਥ ਸ਼ੋਰ ਹਸਪਤਾਲ ਭਰਤੀ ਕਰਾਇਆ ਗਿਆ| 90 ਫੀਸਦੀ ਸੜੀ ਹੋਣ ਕਰ ਕੇ ਅਗਲੇ ਦਿਨ ਪਰਵਿੰਦਰ ਕੌਰ ਦੀ ਮੌਤ ਹੋ ਗਈ|
ਤਕਰੀਬਨ 4 ਸਾਲ ਤੱਕ ਚੱਲੀ ਗੁੰਝਲਦਾਰ ਜਾਂਚ ਤੋਂ ਬਾਅਦ ਪਰਵਿੰਦਰ ਕੌਰ ਦੇ 37 ਸਾਲਾ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ| ਪੁਲੀਸ ਪਰਵਿੰਦਰ ਦੇ ਪਤੀ ਤੋਂ ਪੁੱਛ-ਗਿੱਛ ਕਰ ਰਹੀ ਹੈ| ਉਸ ਨੂੰ ਅੱਜ ਸਥਾਨਕ ਕੋਰਟ ਵਿਚ  ਪੇਸ਼ ਕੀਤਾ ਜਾਵੇਗਾ| ਓਧਰ ਪੁਲੀਸ ਸੁਪਰਡੈਂਟ ਨੇ ਕਿਹਾ ਕਿ ਇਹ ਬਹੁਤ ਹੀ ਗੁੰਝਲਦਾਰ ਮਾਮਲਾ ਹੈ| ਉਨ੍ਹਾਂ ਕਿਹਾ ਕਿ ਪਰਵਿੰਦਰ ਕੌਰ ਦਾ ਪਰਿਵਾਰ ਇਨਸਾਫ ਦੀ ਉਡੀਕ ਵਿਚ ਹੈ|

Leave a Reply

Your email address will not be published. Required fields are marked *