ਆਸਟ੍ਰੇਲੀਆ ਵਿੱਚ ਪੰਜਾਬੀ ਟੈਕਸੀ ਡਰਾਈਵਰ ਤੇ ਜਾਨਲੇਵਾ ਹਮਲਾ

ਮੈਲਬੌਰਨ, 20 ਜੁਲਾਈ (ਸ.ਬ.) ਆਸਟ੍ਰੇਲੀਆ ਵਿਚ ਆਏ ਦਿਨ ਪੰਜਾਬੀ ਨੌਜਵਾਨ ਹਿੰਸਕ ਹਮਲਿਆਂ ਦੇ ਸ਼ਿਕਾਰ ਹੋ ਰਹੇ ਹਨ| ਆਸਟ੍ਰੇਲੀਆ ਦੇ ਮੈਲਬੌਰਨ ਵਿਚ ਇਕ ਪੰਜਾਬੀ ਟੈਕਸੀ ਡਰਾਈਵਰ ਹਮਲੇ ਦਾ ਸ਼ਿਕਾਰ ਹੋਇਆ ਹੈ| ਟੈਕਸੀ ਡਰਾਈਵਰ ਦਿਲਜੀਤ ਅਟਵਾਲ ਤੇ ਯਾਤਰੀ ਨੇ ਹੀ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ|
ਡਰਾਈਵਰ ਅਜੀਤ ਅਟਵਾਲ ਨੇ ਪੁਲੀਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਮੈਲਬੌਰਨ ਦੇ ਪੱਛਮੀ ਹਿੱਸੇ ਸੈਂਟ. ਅਲਬੰਸ ਵਿਚ ਉਸ ਨੇ ਤਕਰੀਬਨ 5.00 ਵਜੇ ਇਕ ਯਾਤਰੀ ਨੂੰ ਆਪਣੀ ਟੈਕਸੀ ਵਿਚ ਬਿਠਾਇਆ| ਨਿਯਮਾਂ ਮੁਤਾਬਕ ਯਾਤਰੀ ਨੂੰ ਟੈਕਸੀ ਵਿੱਚ ਵਾਧੂ ਸਾਮਾਨ ਰੱਖਣ ਦੇ ਵੀ ਪੈਸੇ ਦੇਣੇ ਪੈਂਦੇ ਹਨ ਦਿਲਜੀਤ ਨੇ ਯਾਤਰੀ ਤੋਂ ਪੈਸੇ ਮੰਗੇ ਪਰ ਉਸ ਨੇ ਮਨਾ ਕਰ ਦਿੱਤਾ ਅਤੇ ਗੁੱਸੇ ਹੋ ਗਿਆ| ਯਾਤਰੀ ਨੇ ਦਿਲਜੀਤ ਨੂੰ ਆਪਣਾ ਸਾਮਾਨ ਬਾਹਰ ਕੱਢਣ ਲਈ ਕਿਹਾ| ਇੰਨੀ ਗੱਲ ਸੁਣ ਕੇ ਦਿਲਜੀਤ ਨੇ ਸਾਮਾਨ ਬਾਹਰ ਕੱਢ ਦਿੱਤਾ ਪਰ ਟੈਕਸੀ ਵਿੱਚੋਂ ਗੁੱਸੇ ਵਿਚ ਬਾਹਰ ਆਏ ਯਾਤਰੀ ਨੇ ਉਸ ਤੇ ਹਮਲਾ ਕਰ ਦਿੱਤਾ| ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਉਸ ਦੀ ਅੱਖ ਸੁੱਜ ਗਈ ਅਤੇ 4 ਦੰਦ ਟੁੱਟ ਗਏ| ਟੈਕਸੀ ਸਰਵਿਸ ਕਮਿਸ਼ਨ ਨੇ ਘਟਨਾ ਵਾਲੀ ਥਾਂ ਤੇ ਦਿਲਜੀਤ ਦੀਆਂ ਤਸਵੀਰਾਂ ਲਈਆਂ ਅਤੇ ਪੁਲੀਸ ਨੂੰ ਦਿੱਤੀਆਂ| ਪੁਲੀਸ ਹੁਣ ਦੋਸ਼ੀ ਦੀ ਭਾਲ ਕਰ ਰਹੀ ਹੈ|
ਇਸ ਘਟਨਾ ਤੋਂ ਬਾਅਦ ਦਿਲਜੀਤ ਦਾ ਪਰਿਵਾਰ ਦੁੱਖੀ ਹੈ, ਕਿਉਂਕਿ ਪਰਿਵਾਰ ਵਿਚ ਸਿਰਫ ਉਹ ਹੀ ਕਮਾਉਣ ਵਾਲਾ ਹੈ| ਦਿਲਜੀਤ ਨੇ ਕਿਹਾ ਕਿ ਉਸ ਨੇ ਮੈਡੀਕਲ ਟੈਸਟ ਕਰਵਾਇਆ ਹੈ ਅਤੇ ਰਿਪੋਰਟ ਦੀ ਉਡੀਕ ਕਰ ਰਿਹਾ ਹੈ| ਇਸ ਘਟਨਾ ਦੀ ਹਰ ਕੋਈ ਖਾਸ ਕਰ ਕੇ ਟੈਕਸੀ ਡਰਾਈਵਰਾਂ ਵਲੋਂ ਆਲੋਚਨਾ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *