ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀ ਉਪਰ ਲੱਗਿਆ ਬਲਾਤਕਾਰ ਦਾ ਇਲਜਾਮ

ਸਿਡਨੀ, 6 ਮਾਰਚ (ਸ.ਬ.) ਬਹੁਤ ਸਾਰੇ ਭਾਰਤੀ ਚੰਗੇ ਭਵਿੱਖ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ ਪਰ ਉਨ੍ਹਾਂ ਵਿੱਚੋਂ ਕਈ ਆਪਣੀਆਂ ਗਲਤ ਹਰਕਤਾਂ ਕਾਰਨ ਵਿਦੇਸ਼ ਵਿੱਚ ਭਾਰਤ ਦਾ ਨਾਂ ਬਦਨਾਮ ਕਰ ਰਹੇ ਹਨ| ਇਸੇ ਤਰ੍ਹਾਂ ਦੀ ਇਕ ਘਟਨਾ ਆਸਟ੍ਰੇਲੀਆ ਵਿੱਚ ਸਾਹਮਣੇ ਆਈ ਹੈ| ਇੱਥੇ ਵਿਦਿਆਰਥੀ ਵੀਜ਼ੇ ਤੇ ਆਏ ਇੱਕ ਭਾਰਤੀ ਨੌਜਵਾਨ ਉਤੇ ਜਬਰ-ਜਨਾਹ ਦੇ ਦੋਸ਼ ਲੱਗੇ ਹਨ| ਪੀੜਤਾ ਦੇ ਬਿਆਨਾਂ ਤੋਂ ਬਾਅਦ ਪੁਲੀਸ ਨੇ ਭਾਰਤੀ ਵਿਦਿਆਰਥੀ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਦਾ ਪਾਸਪੋਰਟ ਜ਼ਬਤ ਕਰਨ ਤੋਂ ਬਾਅਦ ਉਸ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਹੈ|
ਫਿਲਹਾਲ 26 ਸਾਲਾ ਨੌਜਵਾਨ ਦਾ ਨਾਂ ਕਾਨੂੰਨੀ ਤੌਰ ਤੇ ਦੱਸਿਆ ਨਹੀਂ ਗਿਆ| ਇਹ ਨੌਜਵਾਨ ਢਾਈ ਸਾਲ ਪਹਿਲਾਂ ਆਸਟ੍ਰੇਲੀਆ ਆਇਆ ਸੀ| ਇਹ ਦੋਵੇਂ ਹਸਪਤਾਲ ਵਿੱਚ ਕੰਮ ਕਰਦੇ ਸਨ| 20 ਸਾਲਾ ਪੀੜਤਾ ਨੇ ਅਦਾਲਤ ਵਿੱਚ ਦੱਸਿਆ ਕਿ ਉਸ ਦੇ ਸਹਿਕਰਮੀ ਭਾਰਤੀ ਨੌਜਵਾਨ ਨੇ ਉਸ ਨੂੰ ਕੰਮ ਤੋਂ ਘਰ ਜਾਣ ਸਮੇਂ ਕਾਰ ਵਿੱਚ ਲਿਫਟ ਦੇਣ ਦੌਰਾਨ ਜ਼ਬਰ-ਜਨਾਹ ਕੀਤਾ| ਇਸ ਤੋਂ ਪਹਿਲਾਂ ਇਨ੍ਹਾਂ ਦੋਹਾਂ ਨੇ ਡਰਿੰਕ ਵੀ ਕੀਤੀ ਸੀ|
ਜਦ ਨੌਜਵਾਨ ਨੇ ਕੁੜੀ ਨਾਲ ਕਾਰ ਵਿੱਚ ਜਿਸਮਾਨੀ ਛੇੜਛਾੜ ਕੀਤੀ ਤਾਂ ਕੁੜੀ ਨੇ ਉਸ ਦਾ ਵਿਰੋਧ ਕੀਤਾ| ਕੁੜੀ ਨੇ ਉਸ ਦੇ ਥੱਪੜ ਵੀ ਮਾਰਿਆ ਅਤੇ ਇਸ ਮਗਰੋਂ ਉਹ ਜ਼ਬਰਦਸਤੀ ਤੇ ਉਤਰ ਆਇਆ| ਪੁਲੀਸ ਕੋਲ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੀੜਤਾ ਦੀ ਮੈਡੀਕਲ ਜਾਂਚ ਕੀਤੀ ਗਈ| ਪੁਲੀਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਕਾਰ ਸੀਲ ਕਰ ਦਿੱਤੀ ਗਈ ਹੈ| ਇਸ ਮਾਮਲੇ ਤੇ ਅਗਲੀ ਸੁਣਵਾਈ 20 ਮਾਰਚ ਨੂੰ ਹੋਵੇਗੀ|
ਫਿਲਹਾਲ ਅਦਾਲਤ ਦਾ ਹੁਕਮ ਹੈ ਕਿ ਮਾਮਲੇ ਦੀ ਜਾਂਚ ਹੋਣ ਤਕ ਭਾਰਤੀ ਨੌਜਵਾਨ ਪੁਲੀਸ ਨੂੰ ਰਿਪੋਰਟ ਕਰਦਾ ਰਹੇ ਅਤੇ ਉਹ ਹਵਾਈ ਅੱਡੇ ਤੋਂ 500 ਮੀਟਰ ਤਕ ਦੂਰ ਹੀ ਰਹੇ|

Leave a Reply

Your email address will not be published. Required fields are marked *