ਆਸਟ੍ਰੇਲੀਆ ਵਿੱਚ ਮਰੇ ਅਮਰੀਕੀ ਦੀ 29 ਸਾਲਾਂ ਬਾਅਦ ਸੱਚਾਈ ਆਈ ਸਾਹਮਣੇ

ਸਿਡਨੀ, 30 ਨਵੰਬਰ (ਸ.ਬ.) ਆਸਟ੍ਰੇਲੀਆ ਵਿੱਚ 29 ਸਾਲ ਪਹਿਲਾਂ ਅਮਰੀਕਾ ਦੇ ਇਕ ਨੌਜਵਾਨ ਨੂੰ ਅਣਪਛਾਤੇ ਲੋਕਾਂ ਵਲੋਂ ਮਾਰ ਦਿੱਤਾ ਗਿਆ ਸੀ| ਮਾਰੇ ਗਏ ਅਮਰੀਕੀ ਨੌਜਵਾਨ ਦਾ ਨਾਂ ਸਕੌਟ ਰਸੇਲ ਜੌਨਸਨ ਹੈ| ਇਸ ਅਮਰੀਕੀ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਵੱਖ-ਵੱਖ ਨਿਆਂਇਕ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਮਲਿੰਗੀਆਂ ਪ੍ਰਤੀ ਨਫਰਤ ਅਪਰਾਧ ਦਾ ਮਾਮਲਾ ਹੈ| ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਵਿੱਚ ਬੀਤੇ ਦਿਨੀਂ ਉਪਰੀ ਸਦਨ ਵਿੱਚ ਸਮਲਿੰਗੀ ਵਿਆਹ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਇਸ ਤੋਂ ਪਹਿਲਾਂ ਸਮਲਿੰਗੀ ਲੋਕਾਂ ਤੇ ਜਾਨਲੇਵਾ ਹਮਲੇ ਹੁੰਦੇ ਰਹੇ ਹਨ, ਜਿਨ੍ਹਾਂ ਵਿੱਚੋਂ ਸਟੌਕ ਇਕ ਹੈ|
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਸਿਡਨੀ ਵਿਚ 10 ਦਸੰਬਰ 1988 ਵਿੱਚ ਹੋਈ 27 ਸਾਲਾ ਸਕੌਟ ਰਸੇਲ ਜੌਨਸਨ ਦੀ ਹੱਤਿਆ ਕਰ ਦਿੱਤੀ ਗਈ ਸੀ| ਪੁਲੀਸ ਨੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਸੀ| ਸਕਾਟ ਦੀ ਲਾਸ਼ ਸਿਡਨੀ ਵਿੱਚ ਇਕ ਪਹਾੜੀ ਦੇ ਹੇਠਾਂ ਬਿਨਾਂ ਕੱਪੜਿਆਂ ਦੇ ਮਿਲੀ ਸੀ| ਉਸ ਦੇ ਕੱਪੜੇ, ਘੜੀ, ਬੂਟ, ਕੈਸ਼ ਕਾਰਡ, ਪੈਸੇ, ਪੈਨ, ਕੰਘਾ, ਸਟੂਡੈਂਟ ਟਰੈਵਲ ਪਾਸ ਅਤੇ ਚਾਬੀ ਪਹਾੜੀ ਤੋਂ 10 ਕਿਲੋਮੀਟਰ ਦੂਰੀ ਤੇ ਮਿਲੇ ਸਨ|
ਓਧਰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਅਧਿਕਾਰੀ ਮਾਈਕਲ ਬਾਰਨੇਸ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਮੇਰੇ ਵਿਚਾਰ ਨਾਲ, ਅਜਿਹਾ ਬਿਲਕੁਲ ਨਹੀਂ ਹੈ ਕਿ ਸਕੌਟ ਨੇ ਖੁਦਕੁਸ਼ੀ ਕੀਤੀ ਹੋਵੇਗੀ| ਉਨ੍ਹਾਂ ਦਾ ਕਹਿਣਾ ਹੈ ਕਿ ਸਕੌਟ ਅਣਪਛਾਤੇ ਲੋਕਾਂ ਵਲੋਂ ਕੀਤੇ ਗਏ ਹਮਲੇ ਜਾਂ ਧਮਕੀ ਕਾਰਨ ਪਹਾੜੀ ਤੋਂ ਹੇਠਾਂ ਡਿੱਗਿਆ| ਉਨ੍ਹਾਂ ਲੋਕਾਂ ਨੇ ਸਕੌਟ ਤੇ ਹਮਲਾ ਇਸ ਲਈ ਕੀਤਾ ਸੀ, ਕਿਉਂਕਿ ਉਹ ਉਸ ਨੂੰ ਸਮਲਿੰਗੀ ਮੰਨਦੇ ਸਨ| ਇਸ ਮਾਮਲੇ ਨੂੰ ਲੈ ਕੇ ਸਟੌਕ ਦੇ ਦੁਖੀ ਬਜ਼ੁਰਗ ਭਰਾ ਸਟੀਵ ਜੌਨਸਨ ਨੇ ਕਿਹਾ ਕਿ ਉਹ ਕਾਤਲ ਦੀ ਭਾਲ ਲਈ ਪ੍ਰਾਈਵੇਟ ਜਾਸੂਸਾਂ ਤੇ ਇਕ ਮਿਲੀਅਨ ਡਾਲਰ ਤੱਕ ਖਰਚ ਚੁੱਕੇ ਹਨ ਪਰ ਕਾਤਲ ਅਜੇ ਵੀ ਪੁਲੀਸ ਦੀ ਪਹੁੰਚ ਤੋਂ ਬਾਹਰ ਹਨ|

Leave a Reply

Your email address will not be published. Required fields are marked *